31 ਮਈ ਤੱਕ ਸਥਾਪਿਤ ਹੋਣਗੇ ਰੀਚਾਰਜ ਸਿਸਟਮ : ਡੀਸੀ
ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ 31 ਮਈ ਤੱਕ ਸਥਾਪਿਤ ਹੋਣਗੇ ਰੀਚਾਰਜ ਸਿਸਟਮ
Publish Date: Tue, 20 Jan 2026 07:37 PM (IST)
Updated Date: Tue, 20 Jan 2026 07:39 PM (IST)

--ਡਿਪਟੀ ਕਮਿਸ਼ਨਰ ਵੱਲੋਂ ਜਲ ਸੰਭਾਲ ਪ੍ਰਾਜੈਕਟਾਂ ਦਾ ਜਾਇਜ਼ਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਵਿਚ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸਾਂਭ-ਸੰਭਾਲ ਲਈ 31 ਮਈ 2026 ਤੱਕ ਰੀਚਾਰਜ ਸਿਸਟਮ ਸਥਾਪਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਰਾਹੀਂ ਮੀਂਹ ਦੇ ਪਾਣੀ ਦੀ ਸੰਭਾਲ ਤੇ ਪਾਣੀ ਦੀ ਬੇਲੋੜੀ ਵਰਤੋਂ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਜਲ ਸ਼ਕਤੀ ਅਭਿਆਨ ਤਹਿਤ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਜਲ ਸ਼ਕਤੀ ਮੰਤਰਾਲੇ ਵੱਲੋਂ ਪਿੰਡ ਪੱਧਰ ਤੇ ਫਿਜ਼ੀਬਿਲਟੀ ਮੈਪ (ਸੰਭਾਵਨਾ ਨਕਸ਼ੇ) ਤਿਆਰ ਕੀਤੇ ਗਏ ਹਨ ਤਾਂ ਜੋ ਸਹੀ ਥਾਂਵਾਂ ਤੇ ਰੀਚਾਰਜ ਸਿਸਟਮ ਲਗਾਏ ਜਾ ਸਕਣ। ਨਡਾਲਾ ਅਤੇ ਬੇਗੋਵਾਲ ਵਰਗੇ ਕਸਬਿਆਂ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇਂਦਰੀ ਭੂ-ਜਲ ਬੋਰਡ ਦੀ ਤਾਜ਼ਾ ਰਿਪੋਰਟ ਅਨੁਸਾਰ ਕਪੂਰਥਲਾ ਜ਼ਿਲ੍ਹੇ ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਬੇਹੱਦ ਚਿੰਤਾਜਨਕ ਹੋ ਗਈ ਹੈ। ਰਿਪੋਰਟ ਮੁਤਾਬਕ ਜ਼ਿਲ੍ਹੇ ਦੇ ਸਾਰੇ ਪੰਜ ਪ੍ਰਸ਼ਾਸਨਿਕ ਬਲਾਕ ਢਿੱਲਵਾਂ, ਕਪੂਰਥਲਾ, ਨਡਾਲਾ, ਫਗਵਾੜਾ ਤੇ ਸੁਲਤਾਨਪੁਰ ਲੋਧੀ ਨੂੰ ‘ਓਵਰ-ਐਕਸਪਲੋਇਟਡ’ (ਅਤਿ-ਸ਼ੋਸ਼ਿਤ) ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪਾਣੀ ਦਾ ਪੱਧਰ ਹਰ ਸਾਲ 1.09 ਤੋਂ 1.46 ਮੀਟਰ ਦੀ ਦਰ ਨਾਲ ਹੇਠਾਂ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਜਲ ਸੰਚੈ ਜਨ ਭਾਗੀਦਾਰੀ ਮੁਹਿੰਮ ਤਹਿਤ ਪਾਣੀ ਦੇ ਮੁੜ-ਭਰਨ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਪਾਣੀ ਹੀ ਜੀਵਨ ਦਾ ਆਧਾਰ ਹੈ, ਜਿਸ ਲਈ ਸਾਨੂੰ ਪਾਣੀ ਦੀ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲ ਸੰਚੈ ਜਨ ਭਾਗੀਦਾਰੀ ਪ੍ਰੋਗਰਾਮ ਤਹਿਤ ਕਪੂਰਥਲਾ ਵਰਗੇ ਪਾਣੀ ਦੀ ਕਿੱਲਤ ਵਾਲੇ ਜ਼ਿਲ੍ਹਿਆਂ ਲਈ ਵਿਸ਼ੇਸ਼ ਫੰਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਨਵੀਆਂ ਹਦਾਇਤਾਂ ਅਨੁਸਾਰ, ਮਨਰੇਗਾ ਦੇ 65% ਫੰਡ ਹੁਣ ਪਾਣੀ ਦੀ ਸੰਭਾਲ ਤੇ ਰੀਚਾਰਜ ਢਾਂਚੇ ਬਣਾਉਣ ਤੇ ਖਰਚੇ ਜਾਣਗੇ। ਸਰਕਾਰ ਨੇ ਟੀਚਾ ਰੱਖਿਆ ਹੈ ਕਿ ਜੋ ਜ਼ਿਲ੍ਹੇ 31 ਮਈ 2026 ਤੱਕ ਰੀਚਾਰਜ ਸਿਸਟਮ ਤਿਆਰ ਕਰਨਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ ਵੀ ਹਾਜ਼ਰ ਸਨ।