ਕੰਬੋਜ ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣੇ RCF ਦੇ ਪਹਿਲਵਾਨ ਕਰਨ ਕੰਬੋਜ ਦੀ ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ 2026 ਲਈ ਚੋਣ
Publish Date: Sun, 15 Nov 2026 09:22 PM (IST)
Updated Date: Sun, 15 Nov 2026 09:24 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਇਸ ਦੇ ਨੌਜਵਾਨ ਪਹਿਲਵਾਨ ਕਰਨ ਕੰਬੋਜ ਦੀ ਵੱਕਾਰੀ ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ 2026 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੋਣ ਹੋਈ ਹੈ। ਇਹ ਚੈਂਪੀਅਨਸ਼ਿਪ 4 ਤੋਂ 6 ਦਸੰਬਰ 2026 ਤੱਕ ਪੋਲੋਕਵਾਨੇ, ਦੱਖਣੀ ਅਫ਼ਰੀਕਾ ਵਿਖੇ ਕਰਵਾਈ ਜਾਵੇਗੀ। ਕਰਨ 87 ਕਿਲੋਗ੍ਰਾਮ ਗ੍ਰੀਕੋ-ਰੋਮਨ ਵਰਗ ਵਿੱਚ ਮੁਕਾਬਲਾ ਕਰਨਗੇ। ਮਹਿਜ਼ 22 ਸਾਲ ਦੀ ਉਮਰ ਦੇ ਕਰਨ ਕੰਬੋਜ ਪਿਛਲੇ ਮਹੀਨੇ ਸਪੋਰਟਸ ਟੈਲੈਂਟ ਕੋਟੇ ਅਧੀਨ ਆਰਸੀਐੱਫ ਵਿੱਚ ਭਰਤੀ ਹੋਏ ਹਨ। ਉਨ੍ਹਾਂ ਨੇ ਇਸ ਸਾਲ ਮੰਗੋਲੀਆ ਵਿਖੇ ਹੋਈ ਉਲਾਨਬਾਤਰ ਓਪਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਕੌਮਾਂਤਰੀ ਕੁਸ਼ਤੀ ਜਗਤ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਇਸ ਤੋਂ ਇਲਾਵਾ, ਉਹ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਤੇ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਆਰਸੀਐੱਫ ਵਿੱਚ ਭਰਤੀ ਹੋਣ ਤੋਂ ਤੁਰੰਤ ਬਾਅਦ ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ ਲਈ ਉਨ੍ਹਾਂ ਦੀ ਚੋਣ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਹ ਉਨ੍ਹਾਂ ਦੀ ਬੇਮਿਸਾਲ ਪ੍ਰਤਿਭਾ, ਸਮਰਪਣ, ਸਖ਼ਤ ਮਿਹਨਤ ਅਤੇ ਕੁਸ਼ਤੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਆਰਸੀਐੱਫ ਦੇ ਜਨਰਲ ਮੈਨੇਜਰ ਅਜੈ ਨੰਦਨ ਤੇ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਕੇਐੱਸ ਅਸਲਾ ਨੇ ਕਰਨ ਕੰਬੋਜ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਆਉਣ ਵਾਲੀ ਚੈਂਪੀਅਨਸ਼ਿਪ ਲਈ ਸ਼ੁਭਕਾਮਨਾਵਾਂ ਦਿੱਤੀਆਂ।