ਆਰਸੀਐੱਫ਼ ’ਚ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦਾ ਨਿਰਮਾਣ
ਆਰਸੀਐੱਫ਼ ਕਪੂਰਥਲਾ ਵਿੱਚ ਪਹਿਲੀ ਵੰਦੇ ਭਾਰਤ ਟ੍ਰੇਨ ਦਾ ਨਿਰਮਾਣ
Publish Date: Wed, 25 Mar 2026 08:41 PM (IST)
Updated Date: Thu, 26 Mar 2026 04:08 AM (IST)

16 ਡੱਬਿਆਂ ਵਾਲੀ ਆਧੁਨਿਕ ਟ੍ਰੇਨ ਮਹੀਨੇ ਦੇ ਅੰਤ ਤੱਕ ਸੰਚਾਲਨ ਲਈ ਸੌਂਪੇ ਜਾਣ ਨੂੰ ਤਿਆਰ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਦੇਸ਼ ਵਿੱਚ ਸਵਦੇਸ਼ੀ ਰੇਲ ਨਿਰਮਾਣ ਨੂੰ ਇੱਕ ਨਵੀਂ ਗਤੀ ਦਿੰਦੇ ਹੋਏ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਆਪਣੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਦਾ ਸਫ਼ਲਤਾਪੂਰਵਕ ਨਿਰਮਾਣ ਕੀਤਾ ਹੈ। ਉੱਨਤ ਅਤੇ ਮੁੜ ਪਰਿਭਾਸ਼ਿਤ 16 ਡੱਬਿਆਂ ਵਾਲੀ ਇਹ ਟ੍ਰੇਨ ਨਿਰਮਾਣ ਦੇ ਆਖਰੀ ਪੜਾਅ ਵਿੱਚ ਹੈ ਅਤੇ ਇਸੇ ਮਹੀਨੇ ਦੇ ਅੰਤ ਤੱਕ ਸੰਚਾਲਨ ਲਈ ਸੌਂਪੇ ਜਾਣ ਨੂੰ ਤਿਆਰ ਹੈ। ਇਹ ਉਪਲਬਧੀ ਦੇਸ਼ ਵਿੱਚ ਆਧੁਨਿਕ ਟ੍ਰੇਨ ਨਿਰਮਾਣ ਸਮਰੱਥਾ ਦੇ ਵਿਸਥਾਰ ਦੀ ਦਿਸ਼ਾ ਵਿੱਚ ਇੱਕ ਅਹਿਮ ਮੀਲ ਦਾ ਪੱਥਰ ਹੈ। ਪ੍ਰੈੱਸ ਇਨਫਾਰਮੇਸ਼ਨ ਬਿਊਰੋ ਵੱਲੋਂ ਆਯੋਜਿਤ ਪੰਜਾਬ ਦੇ ਮੀਡੀਆ ਦੌਰੇ ਤੇ ਆਏ ਛੱਤੀਸਗੜ੍ਹ ਦੇ 14 ਮੈਂਬਰੀ ਮੀਡੀਆ ਵਫ਼ਦ ਨੇ ਬੁੱਧਵਾਰ ਨੂੰ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਦੌਰਾ ਕੀਤਾ। ਇਸ ਦੌਰਾਨ ਪੱਤਰਕਾਰਾਂ ਨੇ ਕੋਚ ਨਿਰਮਾਣ ਦੀ ਪੂਰੀ ਪ੍ਰਕਿਰਿਆ ਨੂੰ ਨੇੜਿਓਂ ਦੇਖਿਆ ਅਤੇ ਇਹ ਸਮਝਿਆ ਕਿ ਕਿਸ ਤਰ੍ਹਾਂ ਕੱਚੇ ਸਟੀਲ ਤੋਂ ਇੱਕ ਆਧੁਨਿਕ ਯਾਤਰੀ ਡੱਬਾ ਤਿਆਰ ਕੀਤਾ ਜਾਂਦਾ ਹੈ । ਮੀਡੀਆ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਜਨਰਲ ਮੈਨੇਜਰ ਅਮਨ ਕੁਮਾਰ ਨੇ ਵੰਦੇ ਭਾਰਤ ਡੱਬਿਆਂ ਦੇ ਨਵੀਨਤਮ ਸੰਸਕਰਣ ਵਿੱਚ ਸ਼ਾਮਿਲ ਤਕਨੀਕੀ ਇਨੋਵੇਸ਼ਨਸ ਅਤੇ ਸੁਧਾਰਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਹਿਲੀ ਵਾਰ ਵੰਦੇ ਭਾਰਤ ਟ੍ਰੇਨ ਦਾ ਨਿਰਮਾਣ ਆਰਸੀਐੱਫ਼ ਕਪੂਰਥਲਾ ਵਿੱਚ ਕੀਤਾ ਗਿਆ ਹੈ, ਜਿਸ ਨਾਲ ਉਤਪਾਦਨ ਸਮਰੱਥਾ ਦਾ ਵਿਸਥਾਰ ਹੋਇਆ ਹੈ। ਇਸ ਤੋਂ ਪਹਿਲਾਂ ਇਸਦਾ ਡਿਜ਼ਾਇਨ ਅਤੇ ਨਿਰਮਾਣ ਇੰਟੀਗ੍ਰਲ ਕੋਚ ਫੈਕਟਰੀ ਚੇਨਈ ਵਿੱਚ ਕੀਤਾ ਗਿਆ ਸੀ। ਇਹ ਪਹਿਲ ਇੰਡੀਅਨ ਰੇਲਵੇਜ ਦੀ ਨਿਰਮਾਣ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਆਰਸੀਐੱਫ਼ ਕਪੂਰਥਲਾ ਸਲਾਨਾ ਲਗਭਗ 2,200 ਤੋਂ 2,300 ਡੱਬਿਆਂ ਦਾ ਨਿਰਮਾਣ ਕਰਦਾ ਹੈ, ਜੋ ਰੇਲਵੇ ਬੋਰਡ ਵੱਲੋਂ ਨਿਰਧਾਰਤ ਟੀਚਿਆਂ ਦੇ ਅਨੁਸਾਰ ਵੱਖ-ਵੱਖ ਰੂਪਾਂ (ਵੇਰੀਅੰਟਸ) ਵਿੱਚ ਤਿਆਰ ਕੀਤੇ ਜਾਂਦੇ ਹਨ। ਵੰਦੇ ਭਾਰਤ ਦਾ ਅਸਲ ਡਿਜ਼ਾਈਨ ਇੰਟੀਗ੍ਰਲ ਕੋਚ ਫੈਕਟਰੀ, ਚੇਨਈ ਵਿੱਚ ਵਿਕਸਿਤ ਕੀਤਾ ਗਿਆ ਸੀ, ਜਿਸਨੂੰ ਹੁਣ ਆਰਸੀਐੱਫ਼ ਕਪੂਰਥਲਾ ਅਤੇ ਮਾਡਰਨ ਕੋਚ ਫੈਕਟਰੀ, ਰਾਏਬਰੇਲੀ ਜਿਹੇ ਉੱਨਤ ਕਾਰਖਾਨਿਆਂ ਨਾਲ ਸਾਂਝਾ ਕੀਤਾ ਗਿਆ ਹੈ, ਤਾਂ ਕਿ ਤਜਰਬੇ ਅਤੇ ਫੀਡਬੈਕ ਦੇ ਅਧਾਰ ‘ਤੇ ਲਗਾਤਾਰ ਸੁਧਾਰ ਕੀਤਾ ਜਾ ਸਕੇ । ਉੱਨਤ ਵੰਦੇ ਭਾਰਤ ਡੱਬਿਆਂ ਦੀਆਂ ਵਿਸ਼ੇਸ਼ਤਾਵਾਂ ‘ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਕੁਮਾਰ ਨੇ ਦੱਸਿਆ ਕਿ ਇਸ ਵਿੱਚ ਕਵਚ (ਟ੍ਰੇਨ ਟੱਕਰ ਤੋਂ ਬਚਣ ਵਾਲੀ ਪ੍ਰਣਾਲੀ) ਜਿਹੀ ਅਤਿ-ਆਧੁਨਿਕ ਸੁਰੱਖਿਆ ਪ੍ਰਣਾਲੀ, ਕਰੈਸ਼ਵਰਦੀ ਡਿਜ਼ਾਈਨ ਅਤੇ ਉੱਨਤ ਅੱਗ ਪਹਿਚਾਣ ਅਤੇ ਸ਼ਮਨ ਪ੍ਰਣਾਲੀ ਲਗਾਈ ਗਈ ਹੈ। ਖ਼ਾਸ ਤੌਰ ਤੇ, ਟ੍ਰੇਨ ਦੇ ਪਖਾਨਿਆਂ ਵਿੱਚ ਸਮੋਕ ਡਿਟੈਕਟਰ ਸੈਂਸਰ ਲਗਾਏ ਗਏ ਹਨ, ਜੋ ਧੂੰਏਂ ਜਾਂ ਅੱਗ ਦੀ ਹਾਲਤ ਦਾ ਤੁਰੰਤ ਪਤਾ ਲਗਾ ਕੇ ਅਲਰਟ ਦਿੰਦੇ ਹਨ, ਜਿਸ ਨਾਲ ਸਮੇਂ ਸਿਰ ਕਾਰਵਾਈ ਸੰਭਵ ਹੁੰਦੀ ਹੈ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਹੁੰਦੀ ਹੈ । ਇਹ ਟ੍ਰੇਨ 160 ਕਿਲੋਮੀਟਰ ਪ੍ਰਤੀ ਘੰਟੇ ਦੀ ਸੰਚਾਲਨ ਗਤੀ (ਡਿਜ਼ਾਈਨ ਗਤੀ 180 ਕਿਲੋਮੀਟਰ ਪ੍ਰਤੀ ਘੰਟਾ) ਤੱਕ ਚੱਲਣ ਦੇ ਸਮਰੱਥ ਹੈ ਅਤੇ ਇਸ ਵਿੱਚ ਬਿਹਤਰ ਵੇਗ ਅਤੇ ਹੌਲੀ ਕਰਨ ਦੀ ਸਮਰੱਥਾ ਹੈ। ਇਸ ਵਿੱਚ ਉੱਨਤ ਹੀਟਿੰਗ, ਵੈਂਟੀਲੇਸ਼ਨ ਅਤੇ ਏਅਰ-ਕੰਡੀਸ਼ਨਿੰਗ ਪ੍ਰਣਾਲੀ, ਆਧੁਨਿਕ ਇੰਟੀਰੀਅਰ, ਐਰਗੋਨੋਮਿਕ ਸੀਟਿੰਗ, ਮੋਬਾਈਲ ਚਾਰਜਿੰਗ ਸਹੂਲਤਾਂ, ਉੱਨਤ ਟਾਇਲਟ, ਪੈਂਟਰੀ ਵਿਵਸਥਾ, ਸੀਸੀਟੀਵੀ ਨਿਗਰਾਨੀ, ਜੀਪੀਐੱਸ ਅਧਾਰਿਤ ਯਾਤਰੀ ਸੂਚਨਾ ਪ੍ਰਣਾਲੀ ਅਤੇ ਆਟੋਮੈਟਿਕ ਦਰਵਾਜ਼ੇ ਜਿਹੀਆਂ ਸਹੂਲਤਾਂ ਉਪਲਬਧ ਹਨ । ਸਾਲ 1988 ਵਿੱਚ ਸਥਾਪਤ ਰੇਲ ਕੋਚ ਫੈਕਟਰੀ, ਕਪੂਰਥਲਾ ਅੱਜ ਇੱਕ ਵਿਕਸਿਤ ਟਾਊਨਸ਼ਿਪ ਵਜੋਂ ਵੀ ਉੱਭਰੀ ਹੈ, ਜਿੱਥੇ ਲਗਭਗ 5,600 ਕਰਮਚਾਰੀ ਕੰਮ ਕਰਦੇ ਹਨ ਅਤੇ ਲਗਭਗ 4,000 ਰਿਹਾਇਸ਼ੀ ਕੁਆਰਟਰ ਉਪਲਬਧ ਹਨ। ਕੈਂਪਸ ਵਿੱਚ ਕੇਂਦਰੀ ਵਿਦਿਆਲਿਆ ਅਤੇ ਪੰਜਾਬ ਸਰਕਾਰ ਦੇ ਸਕੂਲਾਂ ਸਮੇਤ ਵਿੱਦਿਅਕ ਅਦਾਰੇ, ਐਸਟ੍ਰੋਟਰਫ ਹਾਕੀ ਗਰਾਊਂਡ, ਫੁੱਟਬਾਲ ਸਟੇਡੀਅਮ, ਸਵੀਮਿੰਗ ਪੂਲ ਅਤੇ 18-ਹੋਲ ਗੋਲਫ ਕੋਰਸ ਜਿਹੀਆਂ ਖੇਡ ਸਹੂਲਤਾਂ ਅਤੇ ਬੈਂਕ ਸਮੇਤ ਹੋਰ ਨਾਗਰਿਕ ਸਹੂਲਤਾਂ ਉਪਲਬਧ ਹਨ । ਭਾਰਤੀ ਰੇਲਵੇ ਵਿੱਚ ਖੇਡਾਂ ਅਤੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਰਵਾਇਤ ਦੇ ਤਹਿਤ ਵਰਤਮਾਨ ਵਿੱਚ ਆਰਸੀਐੱਫ਼ ਕੈਂਪਸ ਵਿੱਚ ਆਲ ਇੰਡੀਆ ਇੰਟਰ-ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਵੱਖ-ਵੱਖ ਰੇਲਵੇ ਜ਼ੋਨਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਰੇਲਵੇ ਨਾਲ ਜੁੜੇ ਕਈ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਆਪਣੀ ਪਹਿਚਾਣ ਬਣਾ ਰਹੇ ਹਨ । ਵੰਦੇ ਭਾਰਤ ਟ੍ਰੇਨ, ਜਿਸਨੂੰ ਪਹਿਲਾਂ ਟ੍ਰੇਨ 18 ਵਜੋਂ ਜਾਣਿਆ ਜਾਂਦਾ ਸੀ, ਮੇਕ ਇਨ ਇੰਡੀਆ ਪਹਿਲਕਦਮੀ ਦੇ ਤਹਿਤ ਵਿਕਸਿਤ ਕੀਤੀ ਗਈ ਸੀ ਅਤੇ ਸਾਲ 2019 ਵਿੱਚ ਇਸਨੂੰ ਦੇਸ਼ ਦੀ ਪਹਿਲੀ ਇੰਜਣ ਰਹਿਤ ਸੈਮੀ-ਹਾਈ-ਸਪੀਡ ਟ੍ਰੇਨ ਵਜੋਂ ਸ਼ੁਰੂ ਕੀਤਾ ਗਿਆ ਸੀ। ਉਦੋਂ ਤੋਂ ਇਸ ਵਿੱਚ ਲਗਾਤਾਰ ਸੁਧਾਰ ਕਰਦੇ ਹੋਏ ਇਸਨੂੰ ਹੋਰ ਵਧੇਰੇ ਸੁਰੱਖਿਅਤ, ਆਰਾਮਦਾਇਕ ਅਤੇ ਆਧੁਨਿਕ ਬਣਾਇਆ ਗਿਆ ਹੈ । ਸ਼੍ਰੀ ਅਮਨ ਕੁਮਾਰ ਨੇ ਕਿਹਾ ਕਿ ਆਰਸੀਐੱਫ਼ ਕਪੂਰਥਲਾ ਵਿੱਚ ਵੰਦੇ ਭਾਰਤ ਟ੍ਰੇਨਾਂ ਦਾ ਨਿਰਮਾਣ ਦੇਸ਼ ਨੂੰ ਉੱਨਤ ਰੇਲ ਟੈਕਨੋਲੋਜੀ ਵਿੱਚ ਸਵੈ-ਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ ਅਤੇ ਇਹ ਭਾਰਤੀ ਰੇਲਵੇ ਦੀ ਆਧੁਨਿਕੀਕਰਨ ਅਤੇ ਯਾਤਰੀ-ਕੇਂਦ੍ਰਿਤ ਵਿਕਾਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।