ਆਰਸੀਐੱਫ ਇੰਪਲਾਈਜ਼ ਯੂਨੀਅਨ ਦੀ ਇਤਿਹਾਸਕ ਜਿੱਤ ਜਾਰੀ ਆਰਸੀਐਫ ਇੰਪਲਾਈਜ਼ ਯੂਨੀਅਨ ਦੀ ਇਤਿਹਾਸਕ ਜਿੱਤ ਜਾਰੀ
Publish Date: Sat, 08 Aug 2026 08:53 PM (IST)
Updated Date: Sat, 08 Aug 2026 08:56 PM (IST)
---ਕੋਆਪਰੇਟਿਵ ਥ੍ਰਿਫਟ ਐਂਡ ਕਰੈਡਿਟ ਸੋਸਾਇਟੀ ਦੀ ਚੋਣ ਵਿੱਚ ਪੰਜੇ ਉਮੀਦਵਾਰ ਜਿੱਤੇ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ ਆਰਸੀਐੱਫ ਕਪੂਰਥਲਾ ਵਿਖੇ ਦਿ ਆਰਸੀਐੱਫ ਇੰਪਲਾਈਜ਼ ਕੋਆਪਰੇਟਿਵ ਥ੍ਰਿਫਟ ਐਂਡ ਕਰੈਡਿਟ ਸੋਸਾਇਟੀ ਲਿਮਟਿਡ, ਹੁਸੈਨਪੁਰ ਦੀ ਚੋਣ ਕੱਲ੍ਹ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈ। ਇਸ ਚੋਣ ਵਿੱਚ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਪੈਨਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਪੰਜੇ ਉਮੀਦਵਾਰਾਂ ਨੂੰ ਜਿੱਤ ਦਿਵਾ ਕੇ ਇੱਕ ਵਾਰ ਫਿਰ ਕਰਮਚਾਰੀਆਂ ਵਿੱਚ ਆਪਣੀ ਮਜ਼ਬੂਤ ਪਕੜ ਤੇ ਵਧ ਰਹੇ ਜਨ-ਵਿਸ਼ਵਾਸ ਦਾ ਸਬੂਤ ਪੇਸ਼ ਕੀਤਾ ਹੈ। ਇਸ ਚੋਣ ਵਿੱਚ ਸੋਸਾਇਟੀ ਦੀਆਂ ਕੁੱਲ 9 ਸੀਟਾਂ ਲਈ ਵੋਟਿੰਗ ਹੋਈ, ਜਿਨ੍ਹਾਂ ਵਿੱਚੋਂ ਇੱਕ ਸੀਟ ਅਨੁਸੂਚਿਤ ਜਾਤੀ ਵਰਗ ਲਈ ਤੇ ਦੋ ਸੀਟਾਂ ਔਰਤਾਂ ਲਈ ਰਾਖਵੀਆਂ ਸਨ। ਕੁੱਲ 17 ਉਮੀਦਵਾਰਾਂ ਨੇ ਇਸ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ। ਆਰਸੀਐੱਫ ਇੰਪਲਾਈਜ਼ ਯੂਨੀਅਨ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਅਰਵਿੰਦ ਕੁਮਾਰ ਸਾਹ, ਜਗਦੀਪ ਸਿੰਘ, ਗੁਰਿੰਦਰ ਸਿੰਘ, ਅਵਤਾਰ ਸਿੰਘ ਤੇ ਕੁਲਜੀਤ ਕੌਰ ਨੇ ਕਰਮਚਾਰੀਆਂ ਵਿੱਚ ਆਪਣੀ ਮਜ਼ਬੂਤ ਛਵੀ, ਸੰਗਠਨ ਪ੍ਰਤੀ ਨਿਸ਼ਠਾ ਤੇ ਲਗਾਤਾਰ ਕੀਤੇ ਗਏ ਕੰਮਾਂ ਦੇ ਆਧਾਰ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਚੋਣ ਨਤੀਜਾ ਆਉਣ ਤੋਂ ਬਾਅਦ ਯੂਨੀਅਨ ਦੇ ਵਰਕਰਾਂ ਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਸਫਲਤਾ ਸਿਰਫ਼ ਉਮੀਦਵਾਰਾਂ ਦੀ ਨਿੱਜੀ ਜਿੱਤ ਨਹੀਂ, ਸਗੋਂ ਆਰਸੀਐੱਫ ਦੇ ਸਮੂਹ ਕਰਮਚਾਰੀਆਂ ਦੇ ਭਰੋਸੇ, ਸਮਰਥਨ ਤੇ ਏਕਤਾ ਦਾ ਸਪੱਸ਼ਟ ਪ੍ਰਮਾਣ ਹੈ। ਯੂਨੀਅਨ ਨੇ ਕਿਹਾ ਕਿ ਕਰਮਚਾਰੀਆਂ ਨੇ ਇੱਕ ਵਾਰ ਫਿਰ ਇਹ ਸੰਦੇਸ਼ ਦਿੱਤਾ ਹੈ ਕਿ ਉਹ ਅਜਿਹੀ ਲੀਡਰਸ਼ਿਪ ਦੇ ਨਾਲ ਖੜ੍ਹੇ ਹਨ, ਜੋ ਇਮਾਨਦਾਰੀ, ਪਾਰਦਰਸ਼ਤਾ ਤੇ ਕਰਮਚਾਰੀ ਹਿੱਤਾਂ ਲਈ ਲਗਾਤਾਰ ਸੰਘਰਸ਼ ਕਰਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੋਈ ਆਰਸੀਐੱਫ ਵਰਕਰ ਕਲੱਬ (ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ) ਦੀ ਚੋਣ ਵਿੱਚ ਵੀ ਆਰਸੀਐੱਫ ਇੰਪਲਾਈਜ਼ ਯੂਨੀਅਨ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਸਾਰੀਆਂ 8 ਸੀਟਾਂ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਲਗਾਤਾਰ ਦੋ ਚੋਣਾਂ ਵਿੱਚ ਮਿਲੀਆਂ ਇਨ੍ਹਾਂ ਵੱਡੀਆਂ ਸਫਲਤਾਵਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਰਮਚਾਰੀਆਂ ਦਾ ਭਰੋਸਾ ਤੇ ਸਮਰਥਨ ਲਗਾਤਾਰ ਯੂਨੀਅਨ ਦੇ ਨਾਲ ਮਜ਼ਬੂਤੀ ਨਾਲ ਜੁੜਦਾ ਜਾ ਰਿਹਾ ਹੈ। ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਹਾਰਦਿਕ ਵਧਾਈ ਦਿੱਤੀ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਰਮਚਾਰੀਆਂ ਨੇ ਲਗਾਤਾਰ ਦੋ ਚੋਣਾਂ ਵਿੱਚ ਜਿਸ ਤਰ੍ਹਾਂ ਯੂਨੀਅਨ ’ਤੇ ਭਰੋਸਾ ਜਤਾਇਆ ਹੈ, ਉਸ ਨਾਲ ਸੰਗਠਨ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਜਿੱਤ ਤੋਂ ਬਾਅਦ ਯੂਨੀਅਨ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਟੀਚਾ ਕਰਮਚਾਰੀਆਂ ਦੇ ਵਿਸ਼ਵਾਸ ’ਤੇ ਖਰਾ ਉਤਰਨਾ ਹੋਵੇਗਾ। ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਵੀ ਇਸ ਮੌਕੇ ’ਤੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜੇ ਉਮੀਦਵਾਰਾਂ ਦੀ ਇਹ ਜਿੱਤ ਇਸ ਗੱਲ ਦਾ ਪ੍ਰਮਾਣ ਹੈ ਕਿ ਕਰਮਚਾਰੀਆਂ ਨੇ ਯੂਨੀਅਨ ਦੀਆਂ ਨੀਤੀਆਂ, ਕਾਰਜਸ਼ੈਲੀ ਤੇ ਸੰਘਰਸ਼ਸ਼ੀਲ ਰਵੱਈਏ ’ਤੇ ਆਪਣੀ ਮਜ਼ਬੂਤ ਮੋਹਰ ਲਗਾਈ ਹੈ।