ਆਰਸੀਐਫ ਇੰਪਲਾਇਜ਼ ਯੂਨੀਅਨ ਨੇ ਦਿੱਤਾ ਮੰਗ ਪੱਤਰ ਆਰਸੀਐਫ ਇੰਮਪਲਾਇਜ਼ ਯੂਨੀਅਨ ਨੇ ਰੇਲਵੇ ਬੋਰਡ ਦੇ ਵਧੀਕ ਮੈਂਬਰ (ਉਤਪਾਦਨ ਇਕਾਈ) ਨੂੰ ਸੌਂਪਿਆ ਮੰਗ ਪੱਤਰ
Publish Date: Sun, 27 Sep 2026 07:05 PM (IST)
Updated Date: Sun, 27 Sep 2026 07:06 PM (IST)
-ਰੇਲਵੇ ਬੋਰਡ ਦੇ ਵਧੀਕ ਮੈਂਬਰ (ਉਤਪਾਦਨ ਇਕਾਈ) ਨਾਲ ਕੀਤੀ ਮੀਟਿੰਗ -ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ’ਤੇ ਹੋਈ ਸਕਾਰਾਤਮਕ ਚਰਚਾ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਡੱਬਾ ਕਾਰਖਾਨਾ (ਆਰਸੀਐੱਫ) ਦੀ ਪ੍ਰਮੁੱਖ ਮਾਨਤਾ ਪ੍ਰਾਪਤ ਪ੍ਰਤੀਨਿਧੀ ਸੰਸਥਾ ਆਰਸੀਐੱਫ ਇੰਪਲਾਇਜ਼ ਯੂਨੀਅਨ ਤੇ ਇੰਡੀਅਨ ਰੇਲਵੇ ਟੈਕਨੀਕਲ ਸੁਪਰਵਾਈਜ਼ਰਜ਼ ਐਸੋਸੀਏਸ਼ਨ (ਆਈਆਰਟੀਐੱਸਏ) ਦੇ ਇੱਕ ਸਾਂਝੇ ਉੱਚ ਪੱਧਰੀ ਵਫ਼ਦ ਨੇ ਅੱਜ ਰੇਲਵੇ ਬੋਰਡ ਦੇ ਵਧੀਕ ਮੈਂਬਰ (ਉਤਪਾਦਨ ਇਕਾਈ) ਮਾਨਯੋਗ ਸੁਨੀਲ ਕੁਮਾਰ ਨਾਲ ਇੱਕ ਵਿਸ਼ੇਸ਼ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਹ ਮੀਟਿੰਗ ਆਰਸੀਐੱਫ ਇੰਪਲਾਇਜ਼ ਯੂਨੀਅਨ ਦੇ ਚੇਅਰਮੈਨ ਤੇ ਆਈਆਰਟੀਐੱਸਏ ਦੇ ਪ੍ਰਧਾਨ ਦਰਸ਼ਨ ਲਾਲ ਤੇ ਆਰਸੀਐੱਫ ਇੰਪਲਾਇਜ਼ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ 26 ਸਤੰਬਰ ਨੂੰ ਸੰਪੰਨ ਹੋਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਆਰਸੀਐੱਫ ਦੇ ਕਰਮਚਾਰੀਆਂ ਨੂੰ ਦਰਪੇਸ਼ ਵਿਹਾਰਕ ਸਮੱਸਿਆਵਾਂ, ਕਾਰਖਾਨੇ ਵਿੱਚ ਮੈਨਪਾਵਰ ਦੀ ਘਾਟ ਤੇ ਕਰਮਚਾਰੀਆਂ ਦੀ ਭਲਾਈ ਨਾਲ ਜੁੜੀਆਂ ਅਹਿਮ ਮੰਗਾਂ ਨੂੰ ਰੇਲਵੇ ਬੋਰਡ ਦੇ ਉੱਚ ਅਧਿਕਾਰੀਆਂ ਦੇ ਸਾਹਮਣੇ ਮਜ਼ਬੂਤੀ ਨਾਲ ਰੱਖਣਾ ਸੀ। ਮੀਟਿੰਗ ਦੌਰਾਨ ਵਫ਼ਦ ਨੇ ਕਾਰਖਾਨੇ ਦੀ ਮੌਜੂਦਾ ਸਥਿਤੀ ਤੇ ਕਰਮਚਾਰੀਆਂ ਦੀਆਂ ਭਾਵਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਇੱਕ ਮੰਗ ਪੱਤਰ (ਮੈਮੋਰੈਂਡਮ) ਸੌਂਪਿਆ। ਵਧੀਕ ਮੈਂਬਰ ਨੇ ਮੰਗ ਪੱਤਰ ਦੇ ਹਰੇਕ ਨੁਕਤੇ ਨੂੰ ਗੰਭੀਰਤਾ ਨਾਲ ਸੁਣਿਆ ਤੇ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ। ਵਫ਼ਦ ਨੇ ਕਾਰਖਾਨੇ ਵਿੱਚ ਲਗਾਤਾਰ ਘਟ ਰਹੀ ਕਰਮਚਾਰੀਆਂ ਦੀ ਗਿਣਤੀ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਇਸ ਮਾਮਲੇ ਸਬੰਧੀ ਮਾਨਯੋਗ ਸੁਨੀਲ ਕੁਮਾਰ ਜੀ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਪਿਛਲੀ ਵਾਰ 22 ਅਗਸਤ 2026 ਨੂੰ ਆਰਸੀਐੱਫ ਦੇ ਦੌਰੇ ’ਤੇ ਆਏ ਸਨ, ਉਸ ਸਮੇਂ ਵੀ ਯੂਨੀਅਨ ਵੱਲੋਂ ਇਸ ਬਹੁਤ ਹੀ ਮਹੱਤਵਪੂਰਨ ਮੁੱਦੇ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦੌਰੇ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਇਸ ਗੰਭੀਰ ਸਮੱਸਿਆ ਨੂੰ ਰੇਲਵੇ ਬੋਰਡ ਦੇ ਡਾਇਰੈਕਟਰ ਜਨਰਲ (ਹਿਊਮਨ ਰਿਸੋਰਸਜ਼) ਦੇ ਸਾਹਮਣੇ ਨਿੱਜੀ ਤੌਰ ’ਤੇ ਉਠਾਇਆ ਸੀ। ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਡਾਇਰੈਕਟਰ ਵੱਲੋਂ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਗਈ ਹੈ ਤੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਆਰਸੀਐੱਫ ਦੀ ਮਨਜ਼ੂਰਸ਼ੁਦਾ ਸਮਰੱਥਾ (ਸੈਕਸ਼ਨਡ ਸਟ੍ਰੈਂਥ) ਅਨੁਸਾਰ ਖਾਲੀ ਪਏ ਸਾਰੇ ਅਹੁਦੇ ਭਰਨ ਲਈ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਇਸ ਨੂੰ ਤਰਜੀਹ ਦਿੱਤੀ ਜਾਵੇਗੀ। ਕਾਰਖਾਨੇ ਦੀਆਂ ਪ੍ਰਸ਼ਾਸਨਿਕ ਇਮਾਰਤਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੇ ਕੰਮ ਦੇ ਸੰਤੁਲਨ ਅਤੇ ਕਾਰਜਕੁਸ਼ਲਤਾ ਨੂੰ ਵਧਾਉਣ ਦੇ ਉਦੇਸ਼ ਨਾਲ ਪੰਜ ਦਿਨਾਂ ਦਾ ਕਾਰਜ ਹਫ਼ਤਾ ਲਾਗੂ ਕਰਨ ਦੀ ਮੰਗ ’ਤੇ ਵਿਸਥਾਰਪੂਰਵਕ ਚਰਚਾ ਹੋਈ। ਉਨ੍ਹਾਂ ਇਸ ਮਾਮਲੇ ’ਤੇ ਵੀ ਬਹੁਤ ਹੀ ਸਕਾਰਾਤਮਕ ਰੁਖ ਅਪਣਾਉਂਦਿਆਂ ਦੱਸਿਆ ਕਿ ਇਸ ਮੁੱਦੇ ਨੂੰ ਪਹਿਲਾਂ ਹੀ ਰੇਲਵੇ ਬੋਰਡ ਦੇ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਵਿਵਸਥਾ ਦੇ ਸਾਰੇ ਪੱਖਾਂ ਅਤੇ ਵਿਹਾਰਕਤਾ ਦਾ ਅਧਿਐਨ ਕਰਨ ਲਈ ਜਲਦ ਹੀ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਆਪਣੀ ਰਿਪੋਰਟ ਪੇਸ਼ ਕਰੇਗੀ ਅਤੇ ਉਸ ਦੇ ਆਧਾਰ ’ਤੇ ਜਲਦ ਤੋਂ ਜਲਦ ਅੰਤਿਮ ਫੈਸਲਾ ਲਿਆ ਜਾਵੇਗਾ। ਉਤਪਾਦਨ ਪ੍ਰਕਿਰਿਆ ਵਿੱਚ ਦਿਨ-ਰਾਤ ਯੋਗਦਾਨ ਦੇਣ ਵਾਲੇ ਰੇਲ ਕਰਮਚਾਰੀਆਂ ਦੇ ਵਿੱਤੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਫ਼ਦ ਨੇ ਪ੍ਰੋਡਕਟੀਵਿਟੀ ਲਿੰਕਡ ਬੋਨਸ ਦੀ ਗਣਨਾ ਲਈ ਨਿਰਧਾਰਤ ਮੌਜੂਦਾ ਸੀਲਿੰਗ 7,000 ਰੁਪਏ ਨੂੰ ਵਧਾ ਕੇ 21,000 ਰੁਪਏ ਪ੍ਰਤੀ ਮਹੀਨਾ ਕਰਨ ਤੇ ਇਸੇ ਆਧਾਰ ’ਤੇ ਗਣਨਾ ਕਰਕੇ ਇਸ ਸਾਲ ਦੇ 78 ਦਿਨਾਂ ਦਾ ਪੂਰਾ ਬੋਨਸ ਦੇਣ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਅਧਿਕਾਰੀਆਂ ਦੇ ਸਾਹਮਣੇ ਰੱਖਿਆ। ਇਸ ਮਹੱਤਵਪੂਰਨ ਤੇ ਨਿਰਣਾਇਕ ਮੀਟਿੰਗ ਵਿੱਚ ਯੂਨੀਅਨ ਦੇ ਸੀਨੀਅਰ ਅਹੁਦੇਦਾਰ ਅਰਵਿੰਦ ਕੁਮਾਰ ਸਾਹ, ਸੰਜੀਵ ਕੁਮਾਰ ਤੇ ਅਵਤਾਰ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਆਈਆਰਟੀਐੱਸਏ (ਦੇ ਜ਼ੋਨਲ ਸਕੱਤਰ ਜਗਤਾਰ ਸਿੰਘ ਨੇ ਵੀ ਮੀਟਿੰਗ ਵਿੱਚ ਹਾਜ਼ਰ ਰਹਿ ਕੇ ਸੁਪਰਵਾਈਜ਼ਰੀ ਸਟਾਫ਼ ਤੇ ਤਕਨੀਕੀ ਕਰਮਚਾਰੀਆਂ ਦੇ ਪੱਖਾਂ ਨੂੰ ਮਜ਼ਬੂਤੀ ਨਾਲ ਉਜਾਗਰ ਕੀਤਾ।