- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰ.ਸੀ.ਐੱਫ. ਇੰਪਲਾਈਜ਼ ਯੂਨੀਅਨ ਨੇ ਡਾਇਰੈਕਟਰ ਜਨਰਲ (ਰੇਲਵੇ ਸਿਹਤ ਸੇਵਾਵਾਂ) ਨੂੰ ਸੌਂਪਿਆ ਮੰਗ ਪੱਤਰ

-ਹਸਪਤਾਲ ਦੀ ਖਸਤਾਹਾਲ ਮੈਡੀਕਲ ਪ੍ਰਣਾਲੀ ਤੇ ਕਰਮਚਾਰੀਆਂ ਦੀ ਕਮੀ 'ਤੇ ਜਤਾਇਆ ਵਿਰੋਧ
-ਆਰਸੀਐੱਫ ਇੰਪਲਾਈਜ਼ ਯੂਨੀਅਨ ਨੇ ਡਾਇਰੈਕਟਰ ਜਨਰਲ ਨੂੰ ਸੌਂਪਿਆ ਮੰਗ ਪੱਤਰ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ), ਕਪੂਰਥਲਾ ਦੇ ਲਾਲਾ ਲਾਜਪਤ ਰਾਏ ਹਸਪਤਾਲ ਵਿੱਚ ਵਿਆਪਕ ਕੁਪ੍ਰਬੰਧ, ਮਾਹਰ ਡਾਕਟਰਾਂ ਦੀ ਭਾਰੀ ਘਾਟ ਤੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਆ ਰਹੀਆਂ ਗੰਭੀਰ ਸਿਹਤ ਸਮੱਸਿਆਵਾਂ ਨੂੰ ਲੈ ਕੇ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਵਫ਼ਦ ਨੇ ਡਾਇਰੈਕਟਰ ਜਨਰਲ (ਰੇਲਵੇ ਸਿਹਤ ਸੇਵਾਵਾਂ), ਰੇਲਵੇ ਬੋਰਡ ਨੂੰ ਇੱਕ ਮਹੱਤਵਪੂਰਨ ਮੰਗ ਪੱਤਰ ਸੌਂਪਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਦੱਸਿਆ ਕਿ ਆਰਸੀਐੱਫ ਹਸਪਤਾਲ ਵਿੱਚ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਚਰਮਰਾ ਚੁੱਕੀਆਂ ਹਨ। ਹਸਪਤਾਲ ਵਿੱਚ ਮਾਹਰ ਡਾਕਟਰਾਂ ਦੀ ਭਾਰੀ ਘਾਟ ਹੈ ਤੇ ਅੰਸ਼ਕ ਪ੍ਰਣਾਲੀ ਦੇ ਨਾਂ 'ਤੇ ਸਿਰਫ਼ ਖਾਨਾਪੂਰਤੀ ਕੀਤੀ ਜਾ ਰਹੀ ਹੈ। 15 ਟੋਕਨਾਂ ਦੀ ਹੱਦ ਤੇ ਡਾਕਟਰਾਂ ਦੀ ਗੈਰ-ਮੌਜੂਦਗੀ ਕਾਰਨ ਦੂਰ-ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ ਤੇ ਬਜ਼ੁਰਗ ਪੈਨਸ਼ਨਰਾਂ ਨੂੰ ਭਾਰੀ ਮਾਨਸਿਕ ਤੇ ਸਰੀਰਕ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਯੂਨੀਅਨ ਦੀਆਂ ਮੁੱਖ ਮੰਗਾਂ ਇਹ ਸਨ ਕਿ ਮੈਡੀਸਨ, ਆਰਥੋ, ਗਾਇਨੀ, ਈਐੱਨਟੀ, ਸਕਿਨ, ਕਾਰਡੀਓ ਤੇ ਰੇਡੀਓਲਾਜੀ ਸਮੇਤ ਸਾਰੇ ਵਿਭਾਗਾਂ ਵਿੱਚ ਅੰਸ਼ਕ ਪ੍ਰਣਾਲੀ ਖ਼ਤਮ ਕਰਕੇ ਨਿਯਮਤ ਮਾਹਰ ਡਾਕਟਰ ਤਾਇਨਾਤ ਕੀਤੇ ਜਾਣ। ਇੰਪੈਨਲਡ ਹਸਪਤਾਲਾਂ ਵਿੱਚ ਰੈਫਰ ਕਰਨ ਦੀਆਂ ਮਨਮਾਨੀਆਂ ਸ਼ਰਤਾਂ ਤੇ ਪ੍ਰਾਈਵੇਟ ਇਲਾਜ ਦੇ ਮਾਮਲਿਆਂ ਵਿੱਚ ਰੀਇੰਬਰਸਮੈਂਟ ਲਈ ਬੇਲੋੜੀ ਐਮਰਜੈਂਸੀ ਦੀ ਸ਼ਰਤ ਨੂੰ ਤੁਰੰਤ ਖ਼ਤਮ ਕਰਕੇ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਸਰਲ ਬਣਾਇਆ ਜਾਵੇ। ਧੂੜ ਫੱਕ ਰਹੀ ਅਲਟ੍ਰਾਸਾਊਂਡ ਮਸ਼ੀਨ ਨੂੰ ਰੇਡੀਓਲਾਜਿਸਟ ਦੀ ਨਿਯੁਕਤੀ ਕਰਕੇ ਤੁਰੰਤ ਚਾਲੂ ਕੀਤਾ ਜਾਵੇ ਤੇ ਬਾਹਰੋਂ ਕਰਵਾਏ ਜਾ ਰਹੇ ਮਹਿੰਗੇ ਬਲੱਡ ਟੈਸਟ ਹਸਪਤਾਲ ਵਿੱਚ ਹੀ ਕਰਵਾਉਣ ਲਈ ਸਾਧਨ ਜੁਟਾਏ ਜਾਣ। ਫਾਰਮਾਸਿਸਟਾਂ ਤੇ ਹੋਰ ਯੋਗ ਕਰਮਚਾਰੀਆਂ ਨੂੰ ਲੰਬਿਤ ਡਰੈੱਸ ਅਲਾਉਂਸ ਦਾ ਰੇਲਵੇ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਿਨਾਂ ਕਿਸੇ ਦੇਰੀ ਭੁਗਤਾਨ ਕੀਤਾ ਜਾਵੇ। ਜੀਈਐੱਮ ਰਾਹੀਂ ਘਟੀਆ ਦਵਾਈਆਂ ਦੀ ਖ਼ਰੀਦ ਬੰਦ ਹੋਵੇ ਤੇ ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਬੰਦ ਕਰਕੇ ਉੱਚ ਗੁਣਵੱਤਾ ਤੇ ਮਿਆਰ ਵਾਲੀਆਂ ਦਵਾਈਆਂ ਦੀ ਖ਼ਰੀਦ ਯਕੀਨੀ ਬਣਾਈ ਜਾਵੇ। ਪ੍ਰਵਾਨਿਤ ਅਸਾਮੀਆਂ 'ਤੇ ਤੁਰੰਤ ਭਰਤੀ ਕੀਤੀ ਜਾਵੇ ਤੇ ਮਰੀਜ਼ਾਂ ਦੀ ਗਿਣਤੀ ਦੇ ਅਨੁਪਾਤ ਵਿੱਚ ਬੈੱਡ ਸਮਰੱਥਾ ਵਧਾਈ ਜਾਵੇ। ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਨ੍ਹਾਂ ਜਾਇਜ਼ ਤੇ ਗੰਭੀਰ ਮੰਗਾਂ 'ਤੇ ਤੁਰੰਤ ਧਿਆਨ ਦੇ ਕੇ ਠੋਸ ਕਦਮ ਨਾ ਚੁੱਕੇ, ਤਾਂ ਆਰਸੀਐੱਫ ਇੰਪਲਾਈਜ਼ ਯੂਨੀਅਨ ਕਰਮਚਾਰੀਆਂ ਦੇ ਹੱਕਾਂ ਤੇ ਸਿਹਤ ਅਧਿਕਾਰਾਂ ਦੀ ਰੱਖਿਆ ਲਈ ਜ਼ੋਰਦਾਰ ਅੰਦੋਲਨ ਕਰਨ ਲਈ ਮਜ਼ਬੂਰ ਹੋਵੇਗੀ।