ਆਰਸੀਐੱਫ ਕਰਮਚਾਰੀਆਂ ਦਾ ਫੁੱਟਿਆ ਗੁੱਸਾ ਆਰ.ਸੀ.ਐੱਫ. ਕਰਮਚਾਰੀਆਂ ਦਾ ਫੁੱਟਿਆ ਗੁੱਸਾ
Publish Date: Tue, 18 Aug 2026 09:35 PM (IST)
Updated Date: Tue, 18 Aug 2026 09:36 PM (IST)
--ਘੱਟ ਇਨਸੈਂਟਿਵ, ਖਾਲੀ ਅਹੁਦਿਆਂ ਤੇ ਤੁਰੰਤ ਨਵੀਂ ਭਰਤੀ ਕਰਨ ਤੇ ਠੇਕੇਦਾਰੀ ਪ੍ਰਥਾ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਦੇ ਕਰਮਚਾਰੀਆਂ ਵਿੱਚ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਭਾਰੀ ਰੋਹ ਦੇਖਣ ਨੂੰ ਮਿਲਿਆ। ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਸੱਦੇ ਤੇ ਅੱਜ ਸਵੇਰੇ ਡਾ. ਭੀਮ ਰਾਓ ਅੰਬੇਡਕਰ ਚੌਕ (ਵਰਕਸ਼ਾਪ ਚੌਕ) ਵਿਖੇ ਸੈਂਕੜੇ ਕਰਮਚਾਰੀ ਇਕੱਠੇ ਹੋਏ ਤੇ ਜ਼ੋਰਦਾਰ ਰੋਹ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨੇ ਆਰਸੀਐੱਫ. ਪ੍ਰਸ਼ਾਸਨ ਤੇ ਹੋਰ ਜ਼ਿੰਮੇਵਾਰ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਪ੍ਰਦਰਸ਼ਨ ਦੌਰਾਨ ਯੂਨੀਅਨ ਪ੍ਰਧਾਨ ਅਮਰੀਕ ਸਿੰਘ ਨੇ ਕਰੜੇ ਸ਼ਬਦਾਂ ਵਿੱਚ ਕਿਹਾ ਕਿ ਜੁਲਾਈ ਮਹੀਨੇ ਵਿੱਚ ਕਰਮਚਾਰੀਆਂ ਵੱਲੋਂ ਦਿਨ-ਰਾਤ ਮਿਹਨਤ ਕਰਕੇ ਉਤਪਾਦਨ ਦਾ ਟੀਚਾ ਪੂਰਾ ਕਰਨ ਦੇ ਬਾਵਜੂਦ ਉਨ੍ਹਾਂ ਦੇ ਇਨਸੈਂਟਿਵ ਵਿੱਚ 60 ਤੋਂ 70 ਫੀਸਦੀ ਦੀ ਭਾਰੀ ਕਟੌਤੀ ਕੀਤੀ ਗਈ ਹੈ, ਜੋ ਕਿ ਬਹੁਤ ਵੱਡਾ ਅਨਿਆਂ ਹੈ। ਉਨ੍ਹਾਂ ਰੋਹ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਪਾਸੇ ਕਾਰਖਾਨੇ ਵਿੱਚ 2,000 ਤੋਂ ਵੱਧ ਅਹੁਦੇ ਖਾਲੀ ਪਏ ਹਨ, ਜਿਸ ਨਾਲ ਕੰਮ ਕਰ ਰਹੇ ਕਰਮਚਾਰੀਆਂ ਤੇ ਕੰਮ ਦਾ ਬਹੁਤ ਜ਼ਿਆਦਾ ਮਾਨਸਿਕ ਤੇ ਸਰੀਰਕ ਦਬਾਅ ਵਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪ੍ਰਬੰਧਨ ਵੱਲੋਂ ਰੀ-ਇੰਗੇਜਮੈਂਟ (ਰਿਜ਼ਾਈਨਿੰਗ) ਤੇ ਰੋਕ ਲਗਾਈ ਜਾ ਰਹੀ ਹੈ। ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਖਾਲੀ ਅਹੁਦਿਆਂ ਤੇ ਤੁਰੰਤ ਨਿਯਮਤ ਭਰਤੀਆਂ ਨਾ ਕੀਤੀਆਂ ਗਈਆਂ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਯੂਨੀਅਨ ਨੇ ਆਰਸੀਐੱਫ ਵਿੱਚ ਵਧ ਰਹੀ ਠੇਕੇਦਾਰੀ ਤੇ ਆਉਟਸੋਰਸਿੰਗ ਪ੍ਰਥਾ ਦਾ ਵੀ ਜ਼ੋਰਦਾਰ ਵਿਰੋਧ ਕੀਤਾ। ਕਰਮਚਾਰੀਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਵਿਭਾਗ ਜਾਣਬੁੱਝ ਕੇ ਪੱਕੀਆਂ ਭਰਤੀਆਂ ਨੂੰ ਟਾਲ ਕੇ ਨਿੱਜੀਕਰਨ ਨੂੰ ਹਵਾ ਦੇ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਤੇ ਪੀਸੀਐੱਮ ਅਧਿਕਾਰੀਆਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਿਹੜੇ ਅਧਿਕਾਰੀ ਕਾਰਖਾਨੇ ਦੇ ਸੁਚਾਰੂ ਸੰਚਾਲਨ ਲਈ ਸਮਾਂ ਰਹਿੰਦਿਆਂ ਕੱਚੇ ਮਾਲ (ਮਟੀਰੀਅਲ) ਤੇ ਸਾਧਨਾਂ ਦਾ ਪ੍ਰਬੰਧ ਨਹੀਂ ਕਰ ਸਕਦੇ, ਉਨ੍ਹਾਂ ਨੂੰ ਆਪਣੇ ਅਹੁਦਿਆਂ ਤੇ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ ਹੈ। ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਪ੍ਰਬੰਧਨ ਨੇ ਕਰਮਚਾਰੀਆਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਤੇ ਜਲਦੀ ਗੌਰ ਨਾ ਕੀਤਾ ਤੇ ਇਨਸੈਂਟਿਵ ਕਟੌਤੀ ਵਾਪਸ ਲੈ ਕੇ ਖਾਲੀ ਅਹੁਦਿਆਂ ਤੇ ਭਰਤੀ ਪ੍ਰਕਿਰਿਆ ਸ਼ੁਰੂ ਨਾ ਕੀਤੀ, ਤਾਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।