ਆਰਸੀਐੱਫ ਨੇ 40ਵਾਂ ਉਤਪਾਦਨ ਦਿਵਸ ਮਨਾਇਆ ਆਰਸੀਐਫ ਵੱਲੋਂ 40ਵਾਂ ਉਤਪਾਦਨ ਦਿਵਸ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਨਾਲ ਮਨਾਇਆ
Publish Date: Sun, 27 Sep 2026 06:55 PM (IST)
Updated Date: Sun, 27 Sep 2026 06:57 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵੱਲੋਂ ਵਾਰਿਸ ਸ਼ਾਹ ਹਾਲ ’ਚ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਨਾਲ ਆਪਣਾ 40ਵਾਂ ਉਤਪਾਦਨ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਤੌਰ ਤੇ ਦੀਪ ਬਾਲ ਕੇ ਕੀਤੀ ਗਈ। ਇਸ ਮੌਕੇ 19 ਸਤੰਬਰ 1987 ਨੂੰ ਆਰਸੀਐੱਫ ਵਿਖੇ ਪਹਿਲੇ ਜੀਐੱਸ ਕੋਚ ਦੇ ਉਤਪਾਦਨ ਦੀ ਸ਼ੁਰੂਆਤ ਨੂੰ ਯਾਦ ਕੀਤਾ ਗਿਆ, ਜਿਸ ਨਾਲ ਭਾਰਤੀ ਰੇਲਵੇ ਦੀਆਂ ਪ੍ਰਮੁੱਖ ਕੋਚ ਨਿਰਮਾਣ ਇਕਾਈਆਂ ਵਿੱਚੋਂ ਇੱਕ ਵਜੋਂ ਆਰਸੀਐੱਫ ਦੇ ਸ਼ਾਨਦਾਰ ਸਫ਼ਰ ਦੀ ਸ਼ੁਰੂਆਤ ਹੋਈ। ਇਸ ਮੌਕੇ ਸੁਨੀਲ ਕੁਮਾਰ ਐਡੀਸ਼ਨਲ ਮੈਂਬਰ (ਉਤਪਾਦਨ ਇਕਾਈਆਂ), ਰੇਲਵੇ ਬੋਰਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਅਜੈ ਨੰਦਨ ਜਨਰਲ ਮੈਨੇਜਰ ਆਰਸੀਐੱਫ ਤੇ ਨਵਿਤਾ ਨੰਦਨ, ਪ੍ਰਧਾਨ, ਆਰਸੀਐੱਫ ਮਹਿਲਾ ਕਲਿਆਣ ਸੰਗਠਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਡਾ. ਦੀਪਕ ਤ੍ਰਿਪਾਠੀ, ਡਾਇਰੈਕਟਰ ਟੈਕਨੀਕਲ, ਰਾਈਟਸ ਨੇ ਵਿਸ਼ੇਸ਼ ਸੱਦੇ ਗਏ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਸੁਨੀਲ ਕੁਮਾਰ ਨੇ ਆਧੁਨਿਕ ਰੇਲ ਡੱਬਿਆਂ ਦੇ ਵਿਕਾਸ ਤੇ ਨਿਰਮਾਣ ਵਿੱਚ ਆਰਸੀਐੱਫ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਵੀਆਂ ਤਕਨੀਕਾਂ ਅਪਣਾਉਣ ਤੇ ਭਾਰਤੀ ਰੇਲਵੇ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਉੱਨਤ ਕੋਚਾਂ ਦੇ ਨਿਰਮਾਣ ਲਈ ਆਰਸੀਐੱਫ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਅਜੈ ਨੰਦਨ ਜਨਰਲ ਮੈਨੇਜਰ ਨੇ ਇਸ ਮੌਕੇ ਅਧਿਕਾਰੀਆਂ, ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਰਸੀਐੱਫ ਦੇ ਕਰਮਚਾਰੀਆਂ ਦੀ ਲਗਾਤਾਰ ਮਿਹਨਤ, ਸਮਰਪਣ ਤੇ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਮੂਹਿਕ ਯਤਨਾਂ ਤੇ ਟੀਮ ਭਾਵਨਾ ਨੇ ਆਰਸੀਐੱਫ ਨੂੰ ਭਾਰਤੀ ਰੇਲਵੇ ਦੀਆਂ ਮੋਹਰੀ ਕੋਚ ਨਿਰਮਾਣ ਇਕਾਈਆਂ ਵਿੱਚੋਂ ਇੱਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪ੍ਰੋਗਰਾਮ ਦੌਰਾਨ ਆਰਸੀਐੱਫ ਦੇ ਸ਼ਾਨਦਾਰ ਸਫ਼ਰ ਨੂੰ ਵੀ ਉਜਾਗਰ ਕੀਤਾ ਗਿਆ। ਪਹਿਲੇ ਜੀਐੱਸ ਕੋਚ ਦੇ ਨਿਰਮਾਣ ਤੋਂ ਲੈ ਕੇ ਅੱਜ ਆਧੁਨਿਕ ਤੇ ਅਤਿ-ਆਧੁਨਿਕ ਤਕਨੀਕ ਨਾਲ ਲੈਸ ਕੋਚਾਂ ਦੇ ਨਿਰਮਾਣ ਤੱਕ, ਆਰਸੀਐੱਫ ਨੇ ਲਗਾਤਾਰ ਤਰੱਕੀ ਕੀਤੀ ਹੈ। ਇਸ ਮੌਕੇ ਆਰਸੀਐੱਫ ਕਲਚਰਲ ਸੋਸਾਇਟੀ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਵਿੱਚ ਰੀਟੋ ਚੌਧਰੀ ਵੱਲੋਂ ਮਨਮੋਹਕ ਕੱਥਕ ਨਾਚ ਦੀ ਪੇਸ਼ਕਾਰੀ ਕੀਤੀ ਗਈ। ਕਲਚਰਲ ਸੋਸਾਇਟੀ ਦੇ ਕਲਾਕਾਰਾਂ ਵੱਲੋਂ ਗੀਤ ਪੇਸ਼ ਕੀਤੇ ਗਏ ਤੇ ਨਾਟਕ ‘ਜਿਗਰੀ’ ਦਾ ਮੰਚਨ ਕੀਤਾ ਗਿਆ। ਇਪਟਾ ਪੰਜਾਬ ਦੇ ਕਲਾਕਾਰਾਂ ਵੱਲੋਂ ਵੀ ਨਾਟਕ ‘ਫੀਕੋ’ ਪੇਸ਼ ਕੀਤਾ ਗਿਆ। ਸਮਾਰੋਹ ਦੀ ਸਮਾਪਤੀ ਖੁਸ਼ੀ ਤੇ ਉਤਸ਼ਾਹ ਦੇ ਮਾਹੌਲ ਵਿੱਚ ਹੋਈ।