ਸਰਬੱਤ ਦਾ ਭਲਾ ਫਾਊਂਡੇਸ਼ਨ ਵੱਲੋਂ 70ਵਾਂ ਸੇਵਾ ਪ੍ਰੋਗਰਾਮ ਫਗਵਾੜਾ ਵਿੱਚ ਸਰਬੱਤ ਦਾ ਭਲਾ ਫਾਊਂਡੇਸ਼ਨ ਵੱਲੋਂ 70ਵੇਂ ਮਹੀਨਾਵਾਰ ਸੇਵਾ ਪ੍ਰੋਗਰਾਮ ਤਹਿਤ 100 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
Publish Date: Sun, 20 Sep 2026 07:51 PM (IST)
Updated Date: Sun, 20 Sep 2026 07:53 PM (IST)
100 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਮਾਜ ਸੇਵਾ ਤੇ ਮਨੁੱਖਤਾ ਦੀ ਮਿਸਾਲ ਕਾਇਮ ਕਰਦਿਆਂ ਸਰਬੱਤ ਦਾ ਭਲਾ ਫਾਊਂਡੇਸ਼ਨ, ਫਗਵਾੜਾ ਵੱਲੋਂ ਫਾਊਂਡੇਸ਼ਨ ਦੇ ਪ੍ਰਧਾਨ ਕਰਮਵੀਰ ਅਰੋੜਾ ਦੀ ਅਗਵਾਈ ਹੇਠ 70ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਚੇਅਰਮੈਨ ਵੀਪੀ ਸਿੰਘ ਅਰੋੜਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ, ਜਦਕਿ ਸਹਦੇਵ ਚੌਹਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੇ 100 ਲੋੜਵੰਦ ਪਰਿਵਾਰਾਂ ਨੂੰ ਪੂਰੇ ਮਹੀਨੇ ਦਾ ਰਾਸ਼ਨ ਸਨਮਾਨ ਸਹਿਤ ਵੰਡਿਆ ਗਿਆ। ਇਸ ਮੌਕੇ ਮੌਜੂਦ ਲੋਕਾਂ ਨੇ ਫਾਊਂਡੇਸ਼ਨ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਨਿਰੰਤਰ ਸਮਾਜ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਤੇ ਇਸ ਨੂੰ ਮਨੁੱਖਤਾ ਦੀ ਸੱਚੀ ਸੇਵਾ ਕਰਾਰ ਦਿੱਤਾ। ਮੁੱਖ ਮਹਿਮਾਨ ਸਹਿਦੇਵ ਚੌਹਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸੇ ਲੋੜਵੰਦ ਦੀ ਮਦਦ ਕਰਨ ਨਾਲ ਜਿੱਥੇ ਮਨ ਨੂੰ ਸਕੂਨ ਮਿਲਦਾ ਹੈ, ਉੱਥੇ ਇਹ ਪਰਮਾਤਮਾ ਦੀ ਸੱਚੀ ਭਗਤੀ ਵੀ ਹੈ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਫਾਊਂਡੇਸ਼ਨ ਸਿਰਫ਼ ਰਾਸ਼ਨ ਵੰਡਣ ਤੱਕ ਹੀ ਸੀਮਿਤ ਨਹੀਂ, ਸਗੋਂ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਮਦਦ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਵਿੱਚ ਪਿਆਰ, ਭਾਈਚਾਰੇ ਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਫਾਊਂਡੇਸ਼ਨ ਦੇ ਚੇਅਰਮੈਨ ਵੀਪੀ ਸਿੰਘ ਅਰੋੜਾ ਨੇ ਦੱਸਿਆ ਕਿ ਸੰਸਥਾ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਂਦੀ ਹੈ ਤਾਂ ਜੋ ਕੋਈ ਵੀ ਪਰਿਵਾਰ ਭੁੱਖਾ ਨਾ ਰਹੇ। ਇਸ ਤੋਂ ਇਲਾਵਾ ਸੰਸਥਾ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਆਰਥਿਕ ਸਹਾਇਤਾ, ਹੋਣਹਾਰ ਵਿਦਿਆਰਥੀਆਂ ਦੀ ਪੜ੍ਹਾਈ ਲਈ ਮਦਦ ਤੇ ਹੋਰ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਵੀ ਅਹਿਮ ਯੋਗਦਾਨ ਪਾ ਰਹੀ ਹੈ। ਆਪਣੇ ਸੰਬੋਧਨ ਦੌਰਾਨ ਵੀਪੀ ਸਿੰਘ ਅਰੋੜਾ ਨੇ ਕਿਹਾ ਕਿ ਸੰਸਥਾ ਦਾ ਮਕਸਦ ਸਿਰਫ਼ ਮਦਦ ਕਰਨਾ ਨਹੀਂ, ਸਗੋਂ ਲੋੜਵੰਦ ਪਰਿਵਾਰਾਂ ਨੂੰ ਆਤਮਨਿਰਭਰ ਬਣਾਉਣ ਵਿੱਚ ਵੀ ਸਹਿਯੋਗ ਦੇਣਾ ਹੈ। ਉਨ੍ਹਾਂ ਅਤੁਲ ਜੋਸ਼ੀ, ਪ੍ਰਮੋਦ ਜੋਸ਼ੀ, ਰਣਜੀਤ ਸਿੰਘ ਕਿੰਡਾ ਤੇ ਕੁਲਵਿੰਦਰ ਸੈਂਭੀ ਸਮੇਤ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੇ ਸਹਿਯੋਗ ਨਾਲ ਹੀ ਅਜਿਹੇ ਸੇਵਾ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਰੇ ਲੋੜਵੰਦ ਪਰਿਵਾਰ ਇੰਨੇ ਸਮਰੱਥ ਬਣ ਜਾਣ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਕਿਸੇ ਤੋਂ ਮਦਦ ਲੈਣ ਦੀ ਲੋੜ ਨਾ ਪਵੇ। ਇਸ ਮੌਕੇ ਮੌਜੂਦ ਪਤਵੰਤਿਆਂ ਨੇ ਵੀ ਸਰਬੱਤ ਦਾ ਭਲਾ ਫਾਊਂਡੇਸ਼ਨ ਦੇ ਸੇਵਾ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਮਾਜ ਦੇ ਹਰ ਸਮਰੱਥ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਪ੍ਰੋਗਰਾਮ ਦੌਰਾਨ ਯਸ਼ ਸ਼ਰਮਾ ਤੇ ਸਾਬਕਾ ਕੌਂਸਲਰ ਸਰਬਜੀਤ ਕੌਰ ਦੇ ਜਨਮਦਿਨ ਵੀ ਕੇਕ ਕੱਟ ਕੇ ਮਨਾਏ ਗਏ। ਇਸ ਮੌਕੇ ਪ੍ਰਮੋਦ ਜੋਸ਼ੀ, ਅਤੁਲ ਜੋਸ਼ੀ, ਰਣਜੀਤ ਸਿੰਘ ਕਿੰਦਾ, ਐੱਮਪੀ ਸੈਂਬੀ, ਰਾਜੇਸ਼ ਪਰਾਸ਼ਰ, ਕਰਮਵੀਰ ਅਰੋੜਾ, ਵਿਪਨ ਅਰੋੜਾ, ਸਹਿਦੇਵ ਚੌਹਾਨ, ਰਮਨ ਨਹਿਰਾ, ਮੋਹਨ ਲਾਲ ਤਨੇਜਾ, ਕੁਲਵਿੰਦਰ ਸਿੰਘ, ਪ੍ਰਵੀਨ ਬਬਲੂ ਕਨੌਜੀਆ, ਜਸਵਿੰਦਰ ਭਗਤਪੁਰਾ, ਨਰਿੰਦਰ ਸਿੰਘ ਸੈਣੀ, ਨਰੇਸ਼ ਸੁਧੀਰ ਸਮੇਤ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਤੇ ਪਤਵੰਤੇ ਹਾਜ਼ਰ ਸਨ।