ਰਾਣਾ ਗੁਰਜੀਤ ਨੇ ਸੜਕ ਦੀ ਰੀ-ਕਾਰਪੇਟਿੰਗ ਦਾ ਲਿਆ ਜਾਇਜ਼ਾ ਰਾਣਾ ਗੁਰਜੀਤ ਸਿੰਘ ਵੱਲੋਂ ਅਜੀਤ ਨਗਰ ਵਿਖੇ ਸੜਕ ਦੀ ਰੀ-ਕਾਰਪੇਟਿੰਗ ਦੇ ਕੰਮ ਦਾ ਜਾਇਜ਼ਾ
Publish Date: Fri, 27 Nov 2026 10:02 PM (IST)
Updated Date: Fri, 27 Nov 2026 10:04 PM (IST)
ਕਿਹਾ : ਕਾਂਗਰਸ ਦੇ ਨਗਰ ਨਿਗਮ ਸਮੇਂ ਪਾਸ ਹੋਏ ਕੰਮਾਂ ਦਾ ਸਿਹਰਾ ਲੈ ਰਹੀ ਹੈ ਆਮ ਆਦਮੀ ਪਾਰਟੀ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਅਜੀਤ ਨਗਰ ਵਿਖੇ ਜੱਗੀ ਮਾਰਕੀਟ ਤੋਂ ਲੈ ਕੇ ਡੀਟੀਓ ਦਫ਼ਤਰ ਤੱਕ ਸੜਕ ਦੀ ਹੋ ਰਹੀ ਰੀ-ਕਾਰਪੇਟਿੰਗ ਦੇ ਕੰਮ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਪਾਰਟੀ ਦੇ ਨਗਰ ਨਿਗਮ ਦੇ ਕਾਰਜਕਾਲ ਦੌਰਾਨ ਪਾਸ ਕੀਤੇ ਗਏ ਵਿਕਾਸ ਕਾਰਜਾਂ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜੱਗੀ ਮਾਰਕੀਟ ਤੋਂ ਡੀਟੀਓ ਦਫ਼ਤਰ ਤੱਕ ਸੜਕ ਦੀ ਰੀ-ਕਾਰਪੇਟਿੰਗ ਦਾ ਕੰਮ ਲਗਭਗ ਇੱਕ ਸਾਲ ਪਹਿਲਾਂ ਕਾਂਗਰਸ ਪਾਰਟੀ ਦੀ ਅਗਵਾਈ ਵਾਲੇ ਨਗਰ ਨਿਗਮ ਕਪੂਰਥਲਾ ਦੇ ਹਾਊਸ ਵੱਲੋਂ ਪਾਸ ਕੀਤਾ ਗਿਆ ਸੀ। ਇਸ ਕੰਮ ਨੂੰ ਮਾਰਚ-ਅਪ੍ਰੈਲ ਤੋਂ ਜੂਨ ਮਹੀਨੇ ਦੌਰਾਨ ਗਰਮੀਆਂ ਵਿੱਚ ਮੁਕੰਮਲ ਕੀਤਾ ਜਾਣਾ ਚਾਹੀਦਾ ਸੀ, ਕਿਉਂਕਿ ਸੜਕਾਂ ਦੀ ਕਾਰਪੇਟਿੰਗ ਲਈ ਇਹ ਸਮਾਂ ਵਧੇਰੇ ਅਨੁਕੂਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਲਗਭਗ ਇੱਕ ਸਾਲ ਤੱਕ ਲਟਕਾਈ ਰੱਖਿਆ ਗਿਆ ਤੇ ਹੁਣ ਸਿਆਸੀ ਕ੍ਰੈਡਿਟ ਲੈਣ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸੜਕ ਕਾਂਗਰਸ ਪਾਰਟੀ ਦੇ ਨਗਰ ਨਿਗਮ ਦੇ ਕਾਰਜਕਾਲ ਦੌਰਾਨ ਹੀ ਪਾਸ ਕੀਤੀ ਗਈ ਸੀ, ਇਸ ਲਈ ਮੌਜੂਦਾ ਸਰਕਾਰ ਵੱਲੋਂ ਇਸ ਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕਰਨਾ ਸਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਵਾਰਡ ਨੰਬਰ 9, 10, 11, 12 ਤੇ 14 ਦੇ ਵਸਨੀਕਾਂ ਨੂੰ ਵੱਡੀ ਸਹੂਲਤ ਮਿਲੇਗੀ ਤੇ ਇਨ੍ਹਾਂ ਵਾਰਡਾਂ ਦੇ ਲੋਕਾਂ ਨੂੰ ਆਵਾਜਾਈ ਵਿੱਚ ਕਾਫ਼ੀ ਆਸਾਨੀ ਹੋਵੇਗੀ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ। ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਝੂਠੀ ਵਾਹ-ਵਾਹੀ ਲੈਣ ਲਈ ਕਾਂਗਰਸ ਪਾਰਟੀ ਦੇ ਨਗਰ ਨਿਗਮ ਦੇ ਕਾਰਜਕਾਲ ਦੌਰਾਨ ਪਾਸ ਕੀਤੇ ਗਏ ਵਿਕਾਸ ਕਾਰਜਾਂ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਲੋਕ ਜਾਣਦੇ ਹਨ ਕਿ ਕਿਹੜੇ ਕੰਮ ਕਦੋਂ ਤੇ ਕਿਸ ਨਗਰ ਨਿਗਮ ਦੇ ਕਾਰਜਕਾਲ ਦੌਰਾਨ ਪਾਸ ਕੀਤੇ ਗਏ ਸਨ। ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਤੋਂ ਪਾਸ ਹੋਏ ਕੰਮਾਂ ਦਾ ਕ੍ਰੈਡਿਟ ਲੈਣ ਦੀ ਬਜਾਏ ਸ਼ਹਿਰ ਦੇ ਵਿਕਾਸ ਲਈ ਨਵੇਂ ਪ੍ਰੋਜੈਕਟ ਲਿਆਏ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ।