ਵਿਕਾਸ ਦੇ ਸਿਹਰੇ ਨੂੰ ਲੈ ਕੇ ਰਾਣਾ ਧੜਾ ਤੇ ਆਪ ਕੌਂਸਲਰ ਆਹਮੋ-ਸਾਹਮਣੇ ਵਿਕਾਸ ਦੇ ਸਿਹਰੇ ਨੂੰ ਲੈ ਕੇ ਰਾਣਾ ਧੜਾ ਤੇ ਆਪ ਕੌਂਸਲਰ ਆਹਮੋ-ਸਾਹਮਣੇ
Publish Date: Sun, 04 Oct 2026 07:48 PM (IST)
Updated Date: Mon, 05 Oct 2026 04:06 AM (IST)
ਸੜਕ ਬਣਾਉਣ ਤੋਂ ਪਹਿਲਾਂ ਸਿਆਸੀ ਸੜਕ ’ਤੇ ਟਕਰਾਏ ਰਾਣਾ ਧੜਾ ਤੇ ਆਪ ਦੇ ਕੌਂਸਲਰ , ਜੰਮ ਕੇ ਹੋਈ ਤੂੰ-ਤੂੰ ਮੈਂ-ਮੈਂ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਵਿਕਾਸ ਕਾਰਜਾਂ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਨੂੰ ਲੈ ਕੇ ਸਿਆਸੀ ਪਾਰਾ ਉਸ ਵੇਲੇ ਚੜ੍ਹ ਗਿਆ, ਜਦੋਂ ਸਦਰ ਬਾਜ਼ਾਰ, ਥਾਣਾ ਸੁਲਤਾਨਪੁਰ ਲੋਧੀ ਚੌਂਕ ਨੇੜੇ ਸੜਕ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਮੌਕੇ ਵਿਧਾਇਕ ਰਾਣਾ ਧੜੇ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਕੌਂਸਲਰ ਤੇ ਸਮਰਥਕ ਆਹਮੋ-ਸਾਹਮਣੇ ਹੋ ਗਏ। ਦੋਵੇਂ ਪਾਸਿਆਂ ਵੱਲੋਂ ਆਪਣੇ-ਆਪਣੇ ਆਗੂਆਂ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਕਰੀਬ ਅੱਧਾ ਘੰਟਾ ਤੱਕ ਮਾਹੌਲ ਤੂੰ-ਤੂੰ, ਮੈਂ-ਮੈਂ ਵਾਲਾ ਬਣਿਆ ਰਿਹਾ। ਮੌਕੇ ’ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਤੇ ਕੌਂਸਲਰ ਰਾਜੀਵ ਧੀਰ, ਕੌਂਸਲਰ ਦਿਨੇਸ਼ ਧੀਰ, ਕੌਂਸਲਰ ਜਤਿੰਦਰ ਸੇਠੀ, ਕੌਂਸਲਰ ਗੁਰਵਿੰਦਰ ਕੌਰ, ਸਾਬਕਾ ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਆਪ ਆਗੂ ਸੁਰਿੰਦਰ ਸ਼ਿੰਦਾ, ਦੀਪਕ ਕੁਮਾਰ ਅਤੇ ਸ਼ਿੰਦਰਪਾਲ ਆਦਿ ਨੇ ਦਾਅਵਾ ਕੀਤਾ ਕਿ ਸੁਲਤਾਨਪੁਰ ਲੋਧੀ ਵਿੱਚ ਹੋ ਰਹੇ ਵਿਕਾਸ ਕਾਰਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ। ‘ਆਪ’ ਆਗੂਆਂ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ਦੇ ਪ੍ਰਧਾਨ ਅਤੇ ਰਾਣਾ ਧੜੇ ਦੇ ਕੌਂਸਲਰ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੰਮਾਂ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵੀ ਪਾਵਨ ਨਗਰੀ ਦਾ ਵਿਕਾਸ ਚਾਹੁੰਦੇ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ਼ਹਿਰ ਦੀ ਨੁਹਾਰ ਬਦਲਣ ਦੇ ਹੱਕ ਵਿੱਚ ਹਨ, ਪਰ ਵਿਕਾਸ ਕਾਰਜਾਂ ਦੀ ਆੜ ਵਿੱਚ ਸਿਆਸੀ ਸਿਹਰਾ ਲੈਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੂਜੇ ਪਾਸੇ ਰਾਣਾ ਧੜੇ ਨੇ ਵੀ ਖੋਲ੍ਹਿਆ ਮੋਰਚਾ ਦੂਜੇ ਪਾਸੇ ਨਗਰ ਕੌਂਸਲ ’ਤੇ ਕਾਬਜ਼ ਰਾਣਾ ਧੜੇ ਦੀ ਨਗਰ ਕੌਂਸਲ ਪ੍ਰਧਾਨ ਸੰਦੀਪ ਕੌਰ ਚੀਮਾ, ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਮੀਤ ਪ੍ਰਧਾਨ ਪਵਨ ਕੁਮਾਰ ਕਨੋਜੀਆ, ਕੌਂਸਲਰ ਕਸ਼ਮੀਰ ਸਿੰਘ, ਸਮੁੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਬਬਲਾ, ਮੈਨੇਜਰ ਅਰਸ਼ਜੋਤ ਸਿੰਘ, ਕਰਨ ਚੌਹਾਨ, ਸੰਗਮ ਸਿੰਘ ਚੀਮਾ ਅਤੇ ਵਿਪਨ ਮੋਗਲਾ ਆਦਿ ਨੇ ਕਿਹਾ ਕਿ ਪਾਵਨ ਨਗਰੀ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਕਰਵਾਇਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਨਗਰ ਕੌਂਸਲ ਅਧੀਨ ਆਉਂਦੀਆਂ ਸੜਕਾਂ ਨੂੰ ਨਵਾਂ ਰੂਪ ਦੇਣ ਲਈ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਮੰਗ ਉਠਾ ਕੇ ਹਲਕੇ ਦੇ ਵਿਕਾਸ ਲਈ ਫੰਡ ਲਿਆਂਦੇ ਜਾ ਰਹੇ ਹਨ। ਰਾਣਾ ਧੜੇ ਨੇ ਆਮ ਆਦਮੀ ਪਾਰਟੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਸਮਾਰਟ ਸਿਟੀ ਤਹਿਤ ਹੋ ਰਹੇ ਕੰਮ ਕੇਂਦਰ ਸਰਕਾਰ ਵੱਲੋਂ ਉਪਲਬਧ ਕਰਵਾਏ ਫੰਡਾਂ ਨਾਲ ਹੋ ਰਹੇ ਹਨ, ਪਰ ਇਨ੍ਹਾਂ ਕੰਮਾਂ ਦਾ ਸਿਹਰਾ ਵੀ ਆਮ ਆਦਮੀ ਪਾਰਟੀ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਕਮਾਨ ਲੋਕਾਂ ਨੇ ਰਾਣਾ ਧੜੇ ਦੇ ਸਮਰਥਕਾਂ ਨੂੰ ਸੌਂਪੀ ਹੈ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਵਿਕਾਸ ਜਾਂ ਸਿਆਸੀ ਸਿਹਰੇ ਦੀ ਜੰਗ? ਸਦਰ ਬਾਜ਼ਾਰ ਵਿੱਚ ਵਾਪਰੇ ਇਸ ਘਟਨਾਕ੍ਰਮ ਨੇ ਇਹ ਸਵਾਲ ਜ਼ਰੂਰ ਖੜ੍ਹਾ ਕਰ ਦਿੱਤਾ ਹੈ ਕਿ ਪਾਵਨ ਨਗਰੀ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਅਸਲ ਮੁਕਾਬਲਾ ਵਿਕਾਸ ਕਰਵਾਉਣ ਦਾ ਹੈ ਜਾਂ ਫਿਰ ਉਸ ਵਿਕਾਸ ਦਾ ਸਿਆਸੀ ਸਿਹਰਾ ਆਪਣੇ ਸਿਰ ਬੰਨ੍ਹਣ ਦਾ। ਦੋਵੇਂ ਧੜੇ ਆਪਣੇ-ਆਪਣੇ ਪੱਧਰ ’ਤੇ ਵਿਕਾਸ ਦਾ ਦਾਅਵਾ ਕਰ ਰਹੇ ਹਨ ਅਤੇ ਇੱਕ-ਦੂਜੇ ਦੇ ਦਾਅਵਿਆਂ ਨੂੰ ਨਕਾਰ ਰਹੇ ਹਨ।ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਦੋਵੇਂ ਧੜਿਆਂ ਨੂੰ ਨਸੀਹਤ ਦਿੱਤੀ ਗਈ ਕਿ ਸਿਆਸੀ ਖਿੱਚੋਤਾਣ ਨੂੰ ਪਾਸੇ ਰੱਖ ਕੇ ਪਾਵਨ ਨਗਰੀ ਦੇ ਵਿਕਾਸ ਲਈ ਸਾਰੇ ਕੌਂਸਲਰ ਮਿਲਜੁਲ ਕੇ ਕੰਮ ਕਰਨ। ਲੋਕਾਂ ਨੇ ਇਹ ਵੀ ਕਿਹਾ ਕਿ ਕੌਣ ਕਿੰਨੇ ਪਾਣੀ ਵਿੱਚ ਹੈ, ਇਸ ਦਾ ਫੈਸਲਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਖੁਦ ਕਰ ਦੇਵੇਗੀ।