ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵੱਲੋਂ 'ਬਿਓਂਡ ਲੇਗੇਸੀ ਸਕੂਲ' ਦਾ ਉਦਘਾਟਨ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵੱਲੋਂ ਫਗਵਾੜਾ ਵਿਖੇ 'ਬਿਓਂਡ ਲੇਗੇਸੀ ਸਕੂਲ' ਦਾ ਉਦਘਾਟਨ
Publish Date: Sun, 01 Nov 2026 06:59 PM (IST)
Updated Date: Sun, 01 Nov 2026 07:02 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੂਰੇ ਪੰਜਾਬ ਦੀ ਸਭ ਤੋਂ ਵੱਧ ਪੁਰਾਣੀ ਸਿੱਖਿਅਕ ਸੰਸਥਾ ਰਾਮਗੜੀਆ ਐਜੂਕੇਸ਼ਨਲ ਕੌਂਸਲ ਵੱਲੋਂ ਬੀਤੇ ਲਗਭਗ 97 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਂਦੀ ਜਾ ਰਹੀ ਹੈ। ਇਸੇ ਲੜੀ ਤਹਿਤ ਵਿਦਿਅਕ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਕਾਇਮ ਕਰਦਿਆਂ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵੱਲੋਂ ਜੀਐੱਨਬੀਐੱਲ ਰਾਮਗੜ੍ਹੀਆ ਕਾਲਜ ਫ਼ਾਰ ਵੂਮੈਨ, ਜੀਟੀ ਰੋਡ, ਫਗਵਾੜਾ ਦੇ ਪਰਿਸਰ ਵਿੱਚ ਬਿਓਂਡ ਲੇਗੇਸੀ ਸਕੂਲ ਦਾ ਰਸਮੀ ਉਦਘਾਟਨ ਕੀਤਾ ਗਿਆ। ਇਹ ਸ਼ਾਨਦਾਰ ਸਮਾਗਮ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਸਾਬਕਾ ਪ੍ਰਧਾਨ ਸਵ. ਭਰਪੂਰ ਸਿੰਘ ਭੋਗਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀ। ਸੰਸਥਾ ਦਾ ਰਸਮੀ ਉਦਘਾਟਨ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੀ ਜਨਰਲ ਸਕੱਤਰ ਪ੍ਰਭਜੋਤ ਕੌਰ ਸੱਗੂ ਤੇ ਕਾਰਜਕਾਰੀ ਮੈਂਬਰ ਪ੍ਰੀਤਪਾਲ ਕੌਰ ਭੋਗਲ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰੂਹਾਨੀ ਕੀਰਤਨ ਨਾਲ ਹੋਈ, ਜਿਸ ਤੋਂ ਬਾਅਦ ਗੁਰੂ ਕਾ ਲੰਗਰ ਛਕਾਇਆ ਗਿਆ, ਜੋ ਕਿ ਸਮਾਨਤਾ, ਨਿਮਰਤਾ ਤੇ ਸੇਵਾ ਦੇ ਮਹਾਨ ਸਿੱਖ ਸਿਧਾਂਤਾਂ ਨੂੰ ਦਰਸਾਉਂਦਾ ਹੈ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੀ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਮਹਾਨ ਸੰਸਥਾਵਾਂ ਕੇਵਲ ਇਮਾਰਤਾਂ ਨਾਲ ਨਹੀਂ, ਬਲਕਿ ਦੂਰਅੰਦੇਸ਼ੀ ਵਿਚਾਰਾਂ, ਦ੍ਰਿੜ ਮੁੱਲਾਂ ਤੇ ਭਵਿੱਖ ਨੂੰ ਸੰਵਾਰਨ ਦੇ ਸੰਕਲਪ ਨਾਲ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਕੂਲ ਦੀ ਸਥਾਪਨਾ ਸਵ. ਭਰਪੂਰ ਸਿੰਘ ਭੋਗਲ ਦੇ ਸੁਪਨਿਆਂ ਤੇ ਸੋਚ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ, ਜਿਨ੍ਹਾਂ ਨੂੰ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਇੰਟਰ-ਸਟੇਟ ਗੋਲਡ ਸਟਾਰ ਮਿਲੇਨੀਅਮ ਐਵਾਰਡ ਤੇ ਪੰਜਾਬ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਰਾਜਨੀਤਿਕ, ਸਮਾਜਿਕ ਤੇ ਜਨਤਕ ਜੀਵਨ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਸੋਮ ਪ੍ਰਕਾਸ਼ ਕੈਂਥ, ਸਾਬਕਾ ਕੇਂਦਰੀ ਮੰਤਰੀ, ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਕੈਂਥ, ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਫਗਵਾੜਾ, ਸਮਾਜ ਸੇਵਕ ਮਲਕੀਤ ਸਿੰਘ ਰਘਬੋਤਰਾ ਨੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪਤਵੰਤਿਆਂ ਨੇ ਇਸ ਪਹਿਲਕਦਮੀ ਨੂੰ ਸ. ਭਰਪੂਰ ਸਿੰਘ ਭੋਗਲ ਦੀ ਲਾਸਾਨੀ ਵਿਰਾਸਤ ਨੂੰ ਸੱਚੀ ਸ਼ਰਧਾਂਜਲੀ ਦੱਸਿਆ। ਉਨ੍ਹਾਂ ਉਮੀਦ ਪ੍ਰਗਟਾਈ ਕਿ ਬਿਓਂਡ ਲੇਗੇਸੀ ਸਕੂਲ ਨੈਤਿਕ ਕਦਰਾਂ-ਕੀਮਤਾਂ ਤੇ ਆਧਾਰਿਤ ਅਕਾਦਮਿਕ ਉੱਤਮਤਾ, ਸਰਬਪੱਖੀ ਵਿਕਾਸ ਤੇ ਚਰਿੱਤਰ ਨਿਰਮਾਣ ਦਾ ਇੱਕ ਪ੍ਰਮੁੱਖ ਕੇਂਦਰ ਬਣ ਕੇ ਉੱਭਰੇਗਾ। ਮੰਚ ਸੰਚਾਲਨ ਡਾ. ਨੀਲੂ ਸ਼ਰਮਾ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਸਮੂਹ ਅਹੁਦੇਦਾਰ, ਮੈਂਬਰ, ਸਬੰਧਤ ਸੰਸਥਾਵਾਂ ਦੇ ਪ੍ਰਿੰਸੀਪਲ ਤੇ ਸਟਾਫ਼ ਮੈਂਬਰ ਹਾਜ਼ਰ ਸਨ। ਸਕੂਲ ਦੀ ਸ਼ੁਰੂਆਤ ਬਾਰੇ ਜਾਣਕਾਰੀ ਦਿੰਦਿਆਂ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਨੇ ਦੱਸਿਆ ਕਿ ਬਿਓਂਡ ਲੇਗੇਸੀ ਸਕੂਲ ਵਿੱਚ ਪ੍ਰੀ-ਨਰਸਰੀ ਤੋਂ 5ਵੀਂ ਜਮਾਤ ਤੱਕ ਦੇ ਦਾਖਲੇ ਰਸਮੀ ਤੌਰ ਤੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ, ਵਿਹਾਰਕ (ਪ੍ਰੈਕਟੀਕਲ) ਤੇ ਮਨੋਰੰਜਕ ਤਰੀਕੇ ਨਾਲ ਅਡਵਾਂਸਡ ਸਿਲੇਬਸ ਪੜ੍ਹਾਇਆ ਜਾਵੇਗਾ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਪ੍ਰਬੰਧਕੀ ਕਮੇਟੀ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸੰਗਤ, ਨਗਰ ਨਿਵਾਸੀਆਂ ਤੇ ਮੀਡੀਆ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ।