ਰਾਮਗੜ੍ਹੀਆ ਕਾਲਜ ਦੇ ਲਿਫਟਰਾਂ ਕੀਤਾ ਸ਼ਾਨਦਾਰ ਪ੍ਰਦਰਸ਼ਨ
ਰਾਸ਼ਟਰੀ ਪੱਧਰਦੇ ਵੇਟ ਅਤੇ ਪਾਵਰ ਲਿਫਟਿੰਗ ਮੁਕਾਬਲਿਆਂ ਰਾਮਗੜ੍ਹੀਆ ਕਾਲਜ ਦੇ ਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Mon, 16 Feb 2026 08:02 PM (IST)
Updated Date: Mon, 16 Feb 2026 08:03 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਦਿੱਲੀ ਦੇ ਮੋਦੀ ਨਗਰ ਵਿਖ਼ੇ ਹੋਏ ਕੌਮੀ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਰਾਮਗੜ੍ਹੀਆ ਕਾਲਜ ਦੇ ਵੇਟ ਲਿਫਟਿੰਗ ਸੈਂਟਰ ਦੇ ਖਿਡਾਰੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਗਗਨਦੀਪ ਗਿੱਲ ਨੇ 110 ਕਿੱਲੋ ਪਲੱਸ ਭਾਰ ਵਰਗ ਵਿਚ ਕਾਂਸੀ ਦਾ ਤਗਮਾ ਹਾਸਿਲ ਕੀਤਾ ਤੇ ਸਨੈਚ 155 ਕਿਲੋ ਤੇ ਕਲੀਨ/ਜਰਕ ਮੁਕਾਬਲੇ ’ਚ 201 ਕਿੱਲੋ ਯਾਨੀ ਕੁੱਲ 356 ਕਿੱਲੋ ਭਾਰ ਚੁੱਕਿਆ। ਇਸੇ ਤਰਾਂ ਹੋਰ ਭਾਰ ਤੋਲਕਾਂ ਵਿਚ ਪ੍ਰਸ਼ਾਂਤ ਕੁਮਾਰ ਕੈਲੇ ਤੇ ਮੰਨਿਦਰ ਕੈਲੇ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਇਸੇ ਤਰਾਂ ਨੋਇਡਾ ਵਿਚ ਹੋਏ ਨੈਸ਼ਨਲ ਪਾਵਰ ਲਿਫਟਿੰਗ ਪ੍ਰਤੀਯੋਗਿਤਾ ਵਿਚ ਰੋਹਿਤ ਕੁਮਾਰ (66 ਭਾਰ ਵਰਗ) ਨੇ ਵੀ ਗੋਲਡ ਮੈਡਲ ਹਾਸਲ ਕੀਤੇ ਤੇ 200 ਕਿੱਲੋ ਦੀ ਡੈੱਡ ਲਿਫਟ ਲਗਾ ਕੇ ਨੈਸ਼ਨਲ ਰਿਕਾਰਡ ਕਾਇਮ ਕੀਤਾ। ਇਸ ਪ੍ਰਤੀਯੋਗਿਤਾ ਵਿਚ ਦੂਜੇ ਲਿਫਟਰ ਲਵਪ੍ਰੀਤ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਇਥੇ ਜ਼ਿਕਰਯੋਗ ਹੈ ਇਹ ਸਾਰੇ ਖਿਡਾਰੀ ਰਾਮਗੜ੍ਹੀਆ ਕਾਲਜ ਦੇ ਵੇਟ ਲਿਫਟਿੰਗ ਹਾਲ ਵਿਚ ਕੋਚ ਗੁਰਨਾਮ ਸਿੰਘ (ਰਿਟ. ਇੰਸਪੈਕਟਰ ਪੰਜਾਬ ਪੁਲਿਸ) ਦੀ ਅਗਵਾਈ ਵਿਚ ਤਿਆਰੀ ਕਰਦੇ ਹਨ। ਰਾਮਗੜ੍ਹੀਆ ਕਾਲਜ ਦੇ ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਸਮੂਹ ਖਿਡਾਰੀਆਂ ਤੇ ਕੋਚ ਸਾਹਿਬ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਰਾਮਗੜ੍ਹੀਆ ਕਾਲਜ ਦਾ ਨਾਮ ਪੂਰੇ ਦੇਸ਼ ਵਿਚ ਉੱਚਾ ਕੀਤਾ ਹੈ ਤੇ ਉਨ੍ਹਾਂ ਦੇ ਇਸ ਪ੍ਰਦਰਸ਼ਨ ਨਾਲ਼ ਹੋਰ ਖਿਡਾਰੀਆਂ ਵਿਚ ਵੀ ਉਤਸ਼ਾਹ ਆਵੇਗਾ। ਉਨ੍ਹਾਂ ਨੇ ਇਨ੍ਹਾਂ ਦੇ ਕੋਚ ਨੂੰ ਵੀ ਵਧਾਈ ਦਿੱਤੀ। ਕਾਲਜ ਪਹੁੰਚਣ ’ਤੇ ਇਨ੍ਹਾਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਕਾਲਜ ਦੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਨੇ ਵੀ ਸਮੂਹ ਟੀਮ ਨੂੰ ਇਸ ਉਪਲੱਬਧੀ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕੋਚ ਸਾਹਿਬ ਤੇ ਟੀਮ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਹ ਖਿਡਾਰੀਆਂ ਨੂੰ ਭਵਿੱਖ ਵਿਚ ਵੀ ਇਸੇ ਤਰਾਂ ਮਿਹਨਤ ਕਰਨ ਲਈ ਪ੍ਰੇਰਦੇ ਰਹਿਣ ਤਾਂ ਕਿ ਜ਼ਿਲ੍ਹੇ ਦਾ ਨਾਮ ਭਵਿੱਖ ਵਿਚ ਵੀ ਹੋਰ ਉੱਚਾ ਉੱਠੇ। ਇਸ ਮੌਕੇ ਕਾਰਜ ਸਾਧਕ ਅਫਸਰ ਮਨਦੀਪ ਕੁਮਾਰ, ਲੈਕ. ਗਿਆਨ ਸਿੰਘ, ਐੱਸਡੀਓ ਬਲਵੀਰ ਸਿੰਘ, ਹਰੀ ਸਿੰਘ ਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਰਾਜਵਿੰਦਰ ਕੌਰ, ਸੁਪਰਡੈਂਟ ਸੁਖਵਿੰਦਰ ਸਿੰਘ. ਪ੍ਰੋ. ਹਰਮੀਤ ਕੌਰ, ਪ੍ਰੋ. ਤੇਜਿੰਦਰ ਢਿੱਲੋਂ ਤੇ ਪ੍ਰੋ. ਜਸਕਰਨ ਸਿੰਘ ਆਦਿ ਹਾਜ਼ਰ ਸਨ।