ਰਮਨ ਨੇਹਰਾ ਨੇ ਨਸ਼ਾ ਛੁਡਾਊ ਕੇਂਦਰਾਂ ਦਾ ਕੀਤਾ ਦੌਰਾ ਭਾਜਪਾ ਐਨ.ਜੀ.ਓ. ਪੰਜਾਬ ਸੈੱਲ ਦੇ ਕਾਰਜਕਾਰੀ ਮੈਂਬਰ ਰਮਨ ਨੇਹਰਾ ਨੇ ਨਸ਼ਾ ਛੁਡਾਊ ਕੇਂਦਰਾਂ ਦਾ ਕੀਤਾ ਦੌਰਾ
Publish Date: Sun, 27 Sep 2026 06:51 PM (IST)
Updated Date: Sun, 27 Sep 2026 06:54 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਭਾਜਪਾ ਐੱਨਜੀਓ ਪੰਜਾਬ ਸੈੱਲ ਦੇ ਕਾਰਜਕਾਰੀ ਮੈਂਬਰ ਰਮਨ ਨੇਹਰਾ ਨੇ ਆਪਣੀ ਟੀਮ ਸਮੇਤ ਫਗਵਾੜਾ ਸ਼ਹਿਰ ਦੇ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਦਾ ਦੌਰਾ ਕਰਕੇ ਉੱਥੇ ਨਸ਼ਾ ਛੱਡਣ ਲਈ ਦਾਖ਼ਲ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸਿਵਲ ਹਸਪਤਾਲ ਫਗਵਾੜਾ ਦੇ ਨਸ਼ਾ ਛੁਡਾਊ ਕੇਂਦਰ ਦੇ ਮਨੋਚਿਕਿਤਸਕ ਡਾ. ਨਿਖਿਲ ਨੇ ਟੀਮ ਨੂੰ ਦੱਸਿਆ ਕਿ ਕੇਂਦਰ ਵਿੱਚ ਨਸ਼ਾ ਛੱਡਣ ਵਾਲੇ ਮਰੀਜ਼ਾਂ ਦੇ ਰਹਿਣ ਲਈ ਉਚਿਤ ਜਗ੍ਹਾ, ਵਾਸ਼ਰੂਮ, ਫਿਲਟਰ ਕੀਤਾ ਪੀਣ ਵਾਲਾ ਪਾਣੀ ਤੇ ਮਰੀਜ਼ਾਂ ਦੀ ਦੇਖਭਾਲ ਲਈ ਨਰਸਿੰਗ ਸਟਾਫ਼ ਦੀ ਵਿਵਸਥਾ ਮੌਜੂਦ ਹੈ। ਇਸ ਤੋਂ ਬਾਅਦ ਟੀਮ ਵੱਲੋਂ ਅਮਰ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਦਾ ਵੀ ਦੌਰਾ ਕੀਤਾ ਗਿਆ। ਡਾ. ਅਨੂਪ ਤੇ ਹਸਪਤਾਲ ਦੇ ਮੈਨੇਜਰ ਨੇ ਕੇਂਦਰ ਵਿੱਚ ਮਰੀਜ਼ਾਂ ਲਈ ਉਪਲਬਧ ਸਹੂਲਤਾਂ ਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਮਰੀਜ਼ਾਂ ਦੀ ਲੋੜ ਅਨੁਸਾਰ ਇਲਾਜ ਤੇ ਦਵਾਈਆਂ ਦੀ ਸਹੂਲਤ ਉਪਲਬਧ ਹੈ ਤੇ ਆਮ ਤੌਰ ’ਤੇ ਕਈ ਮਰੀਜ਼ ਬਾਹਰੀ ਮਰੀਜ਼ ਵਜੋਂ ਆਪਣੀਆਂ ਦਵਾਈਆਂ ਲੈਣ ਲਈ ਹਸਪਤਾਲ ਆਉਂਦੇ ਹਨ। ਇਸ ਦੌਰਾਨ ਰਮਨ ਨੇਹਰਾ ਤੇ ਉਨ੍ਹਾਂ ਦੀ ਟੀਮ ਵੱਲੋਂ ਬ੍ਰਹਮਕੁਮਾਰੀ ਆਸ਼ਰਮ ਸਮੇਤ ਵੱਖ-ਵੱਖ ਸਮਾਜਿਕ ਸੰਸਥਾਵਾਂ ਤੇ ਐੱਨਜੀਓਜ਼ ਦੇ ਦਫ਼ਤਰਾਂ ਦਾ ਵੀ ਦੌਰਾ ਕੀਤਾ ਗਿਆ। ਟੀਮ ਨੇ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ 29 ਸਤੰਬਰ 2026 ਨੂੰ ਹੋਣ ਵਾਲੀ “ਨਸ਼ਾ ਮੁਕਤ ਭਾਰਤ” ਰੈਲੀ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਦੇ ਜ਼ਿਲ੍ਹਾ ਪ੍ਰਧਾਨ ਨੰਦ ਸੋਨੀ, ਬਲਵਿੰਦਰ ਸਿੰਘ ਸੈਣੀ, ਦਵਿੰਦਰ ਸਿੰਘ ਤੇ ਹੋਰ ਵਲੰਟੀਅਰ ਵੀ ਮੌਜੂਦ ਸਨ। ਟੀਮ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਂਝੇ ਤੌਰ ’ਤੇ ਜਾਗਰੂਕਤਾ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।