ਨੇਹਰਾ ਸਵੱਛਤਾ ਅਭਿਆਨ ਸੋਸਾਇਟੀ ਦੇ ਚੇਅਰਮੈਨ ਬਣੇ ਰਮਨ ਨੇਹਰਾ ਸਵੱਛਤਾ ਅਭਿਆਨ ਸੋਸਾਇਟੀ ਰਜਿ. ਫਗਵਾੜਾ ਦੇ ਚੇਅਰਮੈਨ ਨਿਯੁਕਤ
Publish Date: Thu, 26 Nov 2026 08:22 PM (IST)
Updated Date: Thu, 26 Nov 2026 08:25 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਵੱਛਤਾ ਅਭਿਆਨ ਸੋਸਾਇਟੀ ਰਜਿਸਟਰਡ ਫਗਵਾੜਾ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਆਸ਼ੀਸ਼ ਗਾਂਧੀ ਦੀ ਅਗਵਾਈ ਹੇਠ ਸ੍ਰੀ ਗੀਤਾ ਭਵਨ ਮੰਦਰ, ਕਟੇਹਰਾ ਚੌਕ, ਫਗਵਾੜਾ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਮੈਂਬਰਾਂ ਨੇ ਸਰਬਸੰਮਤੀ ਨਾਲ ਸਮਾਜ ਸੇਵੀ ਰਮਨ ਨੇਹਰਾ ਨੂੰ ਸੋਸਾਇਟੀ ਦਾ ਚੇਅਰਮੈਨ ਨਿਯੁਕਤ ਕੀਤਾ। ਇਸ ਮੌਕੇ ਸੋਸਾਇਟੀ ਦੇ ਸਾਬਕਾ ਚੇਅਰਮੈਨ ਮਦਨ ਮੋਹਨ ਖੱਟਰ ਨੇ ਕਿਹਾ ਕਿ ਸਮਾਜ ਸੇਵੀ ਰਮਨ ਨੇਹਰਾ ਦੀ ਅਗਵਾਈ ਤੇ ਮਾਰਗਦਰਸ਼ਨ ਹੇਠ ਸਵੱਛਤਾ ਅਭਿਆਨ ਸੋਸਾਇਟੀ ਫਗਵਾੜਾ ਨਵੀਆਂ ਬੁਲੰਦੀਆਂ ਨੂੰ ਛੂਹੇਗੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਾਲ 2027 ਦੌਰਾਨ ਸੋਸਾਇਟੀ ਵੱਲੋਂ ਨਵੇਂ-ਨਵੇਂ ਪ੍ਰੋਜੈਕਟ ਸ਼ੁਰੂ ਕਰਕੇ ਸਮਾਜ ਵਿੱਚ ਵੱਡੇ ਪੱਧਰ ਤੇ ਸਕਾਰਾਤਮਕ ਬਦਲਾਅ ਲਿਆਉਣ ਦੇ ਯਤਨ ਕੀਤੇ ਜਾਣਗੇ। ਸਵੱਛਤਾ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਮੀਟਿੰਗ ਵਿੱਚ ਇਹ ਅਹਿਮ ਫੈਸਲਾ ਲਿਆ ਗਿਆ ਕਿ ਸੋਸਾਇਟੀ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਹਰ ਪ੍ਰੋਜੈਕਟ ਦੌਰਾਨ ਹਾਜ਼ਰ ਲੋਕਾਂ ਨੂੰ ਸਵੱਛਤਾ ਦਾ ਸੰਕਲਪ ਦਿਵਾਇਆ ਜਾਵੇਗਾ। ਲੋਕਾਂ ਨੂੰ ਸਹੁੰ ਚੁਕਾਈ ਜਾਵੇਗੀ ਕਿ ਉਹ ਸ਼ਹਿਰ ਦੀ ਸਫ਼ਾਈ ਵਿਵਸਥਾ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ, ਕੂੜਾ-ਕਰਕਟ ਇੱਧਰ-ਉੱਧਰ ਨਹੀਂ ਸੁੱਟਣਗੇ, ਸਗੋਂ ਇਸ ਨੂੰ ਡਸਟਬਿਨ ਵਿੱਚ ਪਾਉਣਗੇ ਤੇ ਰੋਜ਼ਾਨਾ ਆਉਣ ਵਾਲੇ ਸਫ਼ਾਈ ਸੇਵਕਾਂ ਦੇ ਹਵਾਲੇ ਕਰਨਗੇ। ਮੀਟਿੰਗ ਦੌਰਾਨ ਸਾਲ 2027 ਵਿੱਚ ਕਰਵਾਏ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਦੀ ਰੂਪ-ਰੇਖਾ ਵੀ ਤਿਆਰ ਕੀਤੀ ਗਈ। ਇਸ ਤੋਂ ਇਲਾਵਾ ਸੋਸਾਇਟੀ ਵੱਲੋਂ ਵੱਡੇ ਪੱਧਰ ਤੇ ਬੂਟੇ ਲਗਾਉਣ ਦੇ ਪ੍ਰੋਗਰਾਮ ਵੀ ਕਰਵਾਏ ਜਾਣਗੇ। ਇਸ ਮੌਕੇ ਪ੍ਰਧਾਨ ਆਸ਼ੀਸ਼ ਗਾਂਧੀ, ਸਾਬਕਾ ਚੇਅਰਮੈਨ ਮਦਨ ਮੋਹਨ ਖੱਟਰ, ਜਨਰਲ ਸਕੱਤਰ ਸੀਮਾ, ਖਜ਼ਾਨਚੀ ਮੋਨਿਕਾ ਚੋਪੜਾ, ਸੀਨੀਅਰ ਮੈਂਬਰ ਰਵਿੰਦਰ ਸਿੰਘ ਪਨੇਸਰ, ਅਮਰਜੀਤ ਡਾਂਗ, ਸ਼ਿਵ ਕੋੜਾ, ਰਾਜੀਵ ਸ਼ਰਮਾ, ਨੀਰਜ ਕੁਮਾਰ, ਖੁਸ਼ਬੂ, ਹਰਭਜਨ ਸਿੰਘ ਲੱਕੀ ਸਮੇਤ ਹੋਰ ਮੈਂਬਰ ਹਾਜ਼ਰ ਸਨ।