ਸੰਦੀਪ ਗਗਨ ਖੱਤਰੀ ਮਹਾਂਸਭਾ ਜਲੰਧਰ ਦੇ ਮੁਖੀ ਨਿਯੁਕਤ ਖੱਤਰੀ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ ਰਮਨ ਨਹਿਰਾ ਨੇ ਸੰਦੀਪ ਗਗਨ ਨੂੰ ਜਲੰਧਰ ਇਕਾਈ ਦਾ ਮੁਖੀ ਨਿਯੁਕਤ ਕੀਤਾ।
Publish Date: Thu, 08 Oct 2026 06:41 PM (IST)
Updated Date: Thu, 08 Oct 2026 06:44 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਖੱਤਰੀ ਮਹਾਸਭਾ ਪੰਜਾਬ ਵੱਲੋਂ ਸੰਗਠਨ ਦੇ ਵਿਸਥਾਰ ਤੇ ਖੱਤਰੀ ਸਮਾਜ ਨੂੰ ਇਕਜੁੱਟ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਜਲੰਧਰ ਵਿੱਚ ਖੱਤਰੀ ਮਹਾਸਭਾ ਦੀ ਯੂਨਿਟ ਦਾ ਗਠਨ ਕੀਤਾ ਗਿਆ। ਖੱਤਰੀ ਮਹਾਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਮਨ ਨੇਹਰਾ ਨੇ ਪੰਜਾਬ ਪ੍ਰਧਾਨ ਐਡਵੋਕੇਟ ਵਿਜੇ ਧੀਰ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਦੀਪ ਗਗਨ ਨੂੰ ਖੱਤਰੀ ਮਹਾਸਭਾ ਜਲੰਧਰ ਯੂਨਿਟ ਦਾ ਪ੍ਰਧਾਨ ਤੇ ਦੇਵਿੰਦਰ ਮਲਹੋਤਰਾ ਨੂੰ ਸਕੱਤਰ ਨਿਯੁਕਤ ਕੀਤਾ। ਸੰਦੀਪ ਗਗਨ ਤੇ ਦੇਵਿੰਦਰ ਮਲਹੋਤਰਾ ਨੂੰ ਨਿਯੁਕਤੀ ਸਬੰਧੀ ਪੱਤਰ ਸੂਬਾ ਜਨਰਲ ਸਕੱਤਰ ਰਮਨ ਨੇਹਰਾ, ਨੰਦ ਸੋਨੀ ਅਤੇ ਸਵਾਮੀ ਹਿਤਪਾਰਸ ਜੀ ਮਹਾਰਾਜ ਵੱਲੋਂ ਸਾਂਝੇ ਤੌਰ ’ਤੇ ਭੇਟ ਕੀਤੇ ਗਏ। ਇਸ ਮੌਕੇ ਰਮਨ ਨੇਹਰਾ ਨੇ ਸੰਦੀਪ ਗਗਨ ਤੇ ਦੇਵਿੰਦਰ ਮਲਹੋਤਰਾ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੱਤਰੀ ਮਹਾਸਭਾ ਦਾ ਮੁੱਖ ਉਦੇਸ਼ ਸਮਾਜ ਦੇ ਲੋਕਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨਾ ਤੇ ਸਮਾਜ ਨਾਲ ਸਬੰਧਤ ਸਮੱਸਿਆਵਾਂ ਨੂੰ ਉਚਿਤ ਮੰਚ ’ਤੇ ਉਠਾ ਕੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਹੈ। ਰਮਨ ਨੇਹਰਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸੰਦੀਪ ਗਗਨ ਅਤੇ ਦੇਵਿੰਦਰ ਮਲਹੋਤਰਾ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਅਤੇ ਲਗਨ ਨਾਲ ਨਿਭਾਉਣਗੇ। ਉਹ ਜਲੰਧਰ ਵਿੱਚ ਖੱਤਰੀ ਸਮਾਜ ਨੂੰ ਸੰਗਠਿਤ ਕਰਨ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਣਗੇ। ਇਸ ਮੌਕੇ ਰਮਨ ਨੇਹਰਾ ਨੇ ਸੰਦੀਪ ਗਗਨ ਨੂੰ ਜਲੰਧਰ ਯੂਨਿਟ ਦੀ ਪੂਰੀ ਟੀਮ ਗਠਿਤ ਕਰਨ ਦੇ ਅਧਿਕਾਰ ਵੀ ਸੌਂਪੇ। ਨਵ-ਨਿਯੁਕਤ ਪ੍ਰਧਾਨ ਸੰਦੀਪ ਗਗਨ ਨੇ ਖੱਤਰੀ ਮਹਾਸਭਾ ਪੰਜਾਬ ਦੇ ਸੀਨੀਅਰ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ ਤੇ ਸਮਰਪਣ ਨਾਲ ਨਿਭਾਉਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਖੱਤਰੀ ਸਮਾਜ ਦੇ ਲੋਕਾਂ ਨੂੰ ਨਾਲ ਲੈ ਕੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇਗਾ ਤੇ ਸਮਾਜ ਹਿੱਤ ਨਾਲ ਜੁੜੇ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਰੋਹਿਤ ਜੈਸਵਾਲ, ਵਿਕਰਮ ਸ਼ਰਮਾ, ਰਾਜਨ ਸ਼ਾਰਦਾ, ਵਿਵੇਕ ਮਹਿਤਾ, ਪ੍ਰਦੀਪ ਵਰਮਾ, ਮਨੀਸ਼ ਸਹਿਗਲ, ਸਾਹਿਲ ਵਰਮਾ, ਰਾਜੀਵ ਸਹਿਗਲ, ਅਰਜੁਨ ਭੱਟ, ਕ੍ਰਿਸ਼ਨ ਸੂਰੀ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਵੀ ਸੰਦੀਪ ਗਗਨ ਤੇ ਦੇਵਿੰਦਰ ਮਲਹੋਤਰਾ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ।