ਜੀਡੀਆਰ ਸਕੂਲ ’ਚ ਰਾਮ ਨੌਮੀ ਦਾ ਤਿਉਹਾਰ ਮਨਾਇਆ
ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ
Publish Date: Thu, 26 Mar 2026 08:37 PM (IST)
Updated Date: Thu, 26 Mar 2026 08:41 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਚ ਡੈਫੋਡਿਲ ਦੇ ਉਪ-ਇੰਚਾਰਜ ਮੈਡਮ ਗੁਰਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਰਾਮ ਨੌਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਅੱਠਵੀਂ ਜਮਾਤ ਦੀ ਵਿਦਿਆਰਥਣ ਲਵਲੀਨ ਕੌਰ ਨੇ ਆਪਣੇ ਬਹੁਤ ਹੀ ਸੁੰਦਰ ਵਿਚਾਰ ਨਾਲ ਕੀਤਾ ਤੇ ਮੈਡਮ ਰੀਤੂ ਸੂਦ ਨੇ ਬੱਚਿਆਂ ਨੂੰ ਉਸ ਵਿਚਾਰ ਦਾ ਅਰਥ ਸਮਝਾਇਆ। ਇਸ ਤੋਂ ਬਾਅਦ ਦਸਵੀ ਜਮਾਤ ਦੀ ਵਿਦਿਆਰਥਣ ਜਸਮੀਤ ਕੌਰ ਨੇ ਇਸ ਦਿਨ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਦਿਨ ਅਯੁੱਧਿਆ ਦੇ ਰਾਜਾ ਦਸ਼ਰਥ ਦੇ ਪੁੱਤਰ ਭਗਵਾਨ ਰਾਮ ਦਾ ਜਨਮ ਹੋਇਆ ਸੀ। ਰਾਮ ਨੌਮੀ ਦਾ ਇਹ ਤਿਉਹਾਰ ਦੇਵੀ ਦੁਰਗਾ ਦੇ ਨਰਾਤਿਆਂ ਦਾ ਇਕ ਹਿੱਸਾ ਹੈ। ਇਸ ਲਈ ਇਸਨੂੰ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਨੌਮੀ ਦਾ ਨਾਮ ਦਿੱਤਾ ਗਿਆ ਹੈ। ਇਸ ਤੋਂ ਬਾਅਦ, ਜੀਡੀਆਰ ਦੇ ਬੱਚਿਆਂ ਦੁਆਰਾ ਇਕ ਝਾਕੀ ਪੇਸ਼ ਕੀਤੀ ਗਈ, ਜਿਸ ਵਿਚ ਗੁਰੂਕੁਲ ਵਿਚ ਆਪਣੇ ਗੁਰੂ ਤੋਂ ਸਿੱਖਿਆ ਪ੍ਰਾਪਤ ਕਰਨ ਦੀ ਤਸਵੀਰ ਨੂੰ ਦਰਸਾਇਆ ਗਿਆ ਸੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਮਾਧਵੀ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਦਸ ਅਵਤਾਰਾਂ ਵਿਚੋਂ ਭਗਵਾਨ ਵਿਸ਼ਨੂੰ ਦੇ ਸੱਤਵੇਂ ਅਵਤਾਰ ਸਨ। ਰਾਮ ਨੌਮੀ ਦਾ ਤਿਉਹਾਰ ਭਗਵਾਨ ਰਾਮ ਦੇ ਭਗਤਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਤੇ ਇਹ ਭਾਰਤ ਅਤੇ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਭਗਵਾਨ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਜਿਊਣ ਲਈ ਵੀ ਪ੍ਰੇਰਿਤ ਕੀਤਾ। ਅੰਤ ਵਿਚ ਪੂਰਾ ਸਕੂਲ ਜੈ ਸ਼੍ਰੀ ਰਾਮ ਦੇ ਨਾਅਰੇ ਨਾਲ ਗੂੰਜ ਉੱਠਿਆ।