ਰੱਖੜੀ ’ਤੇ ਭਰਾਵਾਂ ਨੂੰ ਨਸ਼ਾ ਛੱਡਣ ਦਾ ਪ੍ਰਣ ਲੈਣਾ ਪਵੇਗਾ : ਹੇਨੰਤ ਕੁਮਾਰ ਰਾਖੀ ਜ਼ਿੰਮੇਵਾਰੀ ਬੰਨ੍ਹੇਗੀ, ਭਰਾਵਾਂ ਨੂੰ ਨਸ਼ਾ ਛੱਡਣ ਦਾ ਪ੍ਰਣ ਲੈਣਾ ਪਵੇਗਾ : ਹੇਨੰਤ ਕੁਮਾਰ
Publish Date: Thu, 27 Aug 2026 08:56 PM (IST)
Updated Date: Thu, 27 Aug 2026 08:58 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਰੱਖੜੀ ਭੈਣਾਂ-ਭਰਾਵਾਂ ਦੇ ਪਵਿੱਤਰ ਪਿਆਰ ਦਾ ਤਿਉਹਾਰ ਹੈ। ਇਸ ਦਿਨ ਸਾਨੂੰ ਸਮਾਜ ਵਿੱਚੋਂ ਕਿਸੇ ਨਾ ਕਿਸੇ ਬੁਰਾਈਆਂ ਨੂੰ ਖ਼ਤਮ ਕਰਨ ਦਾ ਦ੍ਰਿੜ ਸੰਕਲਪ ਕਰਨਾ ਚਾਹੀਦਾ ਹੈ। ਇਹ ਅਪੀਲ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਹੇਨੰਤ ਕੁਮਾਰ ਨੇ ਸ਼ਹਿਰ ਵਾਸੀਆਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕੀਤੀ। ਉਨ੍ਹਾਂ ਨੇ ਅਪੀਲ ਕੀਤੀ ਕਿ ਉਹ ਆਪਣੇ ਜਾਂ ਆਪਣੇ ਪਰਿਵਾਰ ਦੇ ਵਿਆਹਾਂ ਵਿੱਚ ਕਦੇ ਵੀ ਦਾਜ ਨਾ ਲੈਣ ਤੇ ਨਾ ਦੇਣ ਦਾ ਪ੍ਰਣ ਲੈਣ। ਭਰੂਣ ਹੱਤਿਆ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਤੇ ਕੁੜੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦਾ ਪ੍ਰਣ ਲੈਣ। ਘਰ ਤੇ ਸਮਾਜ ਵਿੱਚ ਮੁੰਡੇ-ਕੁੜੀਆਂ ਵਿੱਚ ਵਿਤਕਰਾ ਨਾ ਕਰਨ ਦਾ ਪ੍ਰਣ ਲੈਣ। ਹਰ ਔਰਤ ਦਾ ਸਤਿਕਾਰ ਕਰਨ ਤੇ ਸਮਾਜ ਵਿੱਚ ਉਨ੍ਹਾਂ ਲਈ ਸੁਰੱਖਿਅਤ ਮਾਹੌਲ ਬਣਾਉਣ ਦਾ ਪ੍ਰਣ ਲੈਣ। ਉਨ੍ਹਾਂ ਕਿਹਾ ਕਿ ਰੱਖੜੀ ਦੇ ਮੌਕੇ ’ਤੇ ਭਰਾਵਾਂ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਵੀ ਪ੍ਰਣ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜੋ ਕਿ ਸੱਭਿਆਚਾਰਕ ਪਰੰਪਰਾਵਾਂ ਤੇ ਤਿਉਹਾਰਾਂ ਦੀ ਧਰਤੀ ਹੈ, ਵਿੱਚ ਰੱਖੜੀ ਇੱਕ ਅਜਿਹਾ ਤਿਉਹਾਰ ਹੈ ਜੋ ਭਰਾਵਾਂ ਤੇ ਭੈਣਾਂ ਦੇ ਰਿਸ਼ਤੇ ਤੱਕ ਸੀਮਤ ਨਹੀਂ ਹੈ, ਸਗੋਂ ਪੂਰੇ ਸਮਾਜ ਵਿੱਚ ਨੇੜਤਾ,ਫਰਜ਼ ਦੀ ਭਾਵਨਾ ਤੇ ਨੈਤਿਕ ਕਦਰਾਂ-ਕੀਮਤਾਂ ਦੀ ਪੁਸ਼ਟੀ ਦਾ ਤਿਉਹਾਰ ਵੀ ਹੈ। ਇਹ ਤਿਉਹਾਰ ਸਿਰਫ਼ ਭਰਾ-ਭੈਣ ਦੇ ਪਿਆਰ ਦਾ ਇੱਕ ਰਸਮ ਨਹੀਂ ਹੈ, ਸਗੋਂ ਇੱਕ ਅਜਿਹਾ ਦਿਨ ਹੈ ਜਦੋਂ ਮਰਦ ਸਮਾਜ ਔਰਤਾਂ ਨੂੰ ਭਰੋਸਾ ਦਿਵਾਉਣ ਤੇ ਉਨ੍ਹਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਦਾ ਪ੍ਰਣ ਕਰਦਾ ਹੈ।