ਰਾਕੇਸ਼ ਧੀਰ 14ਵੀਂ ਵਾਰ ਬਣੇ ਐੱਸਡੀ ਸਭਾ ਦੇ ਪ੍ਰਧਾਨ 14ਵੀਂ ਵਾਰ ਮੁੜ ਰਾਕੇਸ਼ ਧੀਰ ਦੇ ਸਿਰ ਸਜਿਆ ਐੱਸਡੀ ਸਭਾ ਦੀ ਪ੍ਰਧਾਨਗੀ ਦਾ ਤਾਜ
Publish Date: Thu, 12 Nov 2026 09:45 PM (IST)
Updated Date: Thu, 12 Nov 2026 09:48 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਦੀ ਪ੍ਰਸਿੱਧ ਸਨਾਤਨ ਧਰਮ ਸਭਾ (ਐੱਸਡੀ ਸਭਾ) ਦੀ ਅਗਵਾਈ ਕਰਦਿਆਂ ਪਿਛਲੇ 39 ਸਾਲਾਂ ਤੋਂ ਸੇਵਾ, ਸਮਰਪਣ ਤੇ ਤਜਰਬੇ ਦੀ ਮਿਸਾਲ ਬਣੇ ਹੋਏ ਰਾਕੇਸ਼ ਧੀਰ ਦੇ ਸਿਰ ਇਕ ਵਾਰ ਫਿਰ ਪ੍ਰਧਾਨਗੀ ਦਾ ਤਾਜ ਸਜ ਗਿਆ ਹੈ। ਸਭਾ ਦੇ ਸਮੂਹ ਮੈਂਬਰਾਂ ਨੇ ਉਨ੍ਹਾਂ ਦੀਆਂ ਲੰਬੀਆਂ, ਨਿਰੰਤਰ ਅਤੇ ਸ਼ਲਾਘਾਯੋਗ ਸੇਵਾਵਾਂ ਨੂੰ ਦੇਖਦਿਆਂ 14ਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣ ਕੇ ਉਨ੍ਹਾਂ ’ਤੇ ਮੁੜ ਭਰੋਸਾ ਪ੍ਰਗਟਾਇਆ ਹੈ। ਕਿਸੇ ਹੋਰ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਨਾ ਕੀਤੇ ਜਾਣ ਕਾਰਨ ਇਹ ਚੋਣ ਪੂਰੀ ਤਰ੍ਹਾਂ ਨਿਰਵਿਰੋਧ ਰਹੀ। ਇਸ ਸਬੰਧੀ ਅੱਜ ਸਥਾਨਕ ਐੱਸਡੀ ਕਾਲਜ ਫਾਰ ਵੂਮੈਨ ਵਿਖੇ ਚੋਣ ਪ੍ਰਕਿਰਿਆ ਕਰਵਾਈ ਗਈ। ਚੋਣ ਦੌਰਾਨ ਰਿਟਰਨਿੰਗ ਅਫ਼ਸਰ ਬਲਦੇਵ ਰਾਜ ਵਧਵਾ ਨੇ ਸਮੂਹ ਮੈਂਬਰਾਂ ਦੀ ਸਰਬਸੰਮਤੀ ਤੇ ਕਿਸੇ ਹੋਰ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਨਾ ਕੀਤੇ ਜਾਣ ਦੇ ਮੱਦੇਨਜ਼ਰ ਰਾਕੇਸ਼ ਧੀਰ ਨੂੰ ਐੱਸਡੀ ਸਭਾ ਦਾ ਨਿਰਵਿਰੋਧ ਪ੍ਰਧਾਨ ਚੁਣੇ ਜਾਣ ਦਾ ਰਸਮੀ ਐਲਾਨ ਕੀਤਾ ਗਿਆ। ਇਸ ਨਾਲ ਸਭਾ ਦੇ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਮੈਂਬਰਾਂ ਨੇ ਰਾਕੇਸ਼ ਧੀਰ ਦਾ ਮੂੰਹ ਮਿੱਠਾ ਕਰਵਾਇਆ, ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਅਗਵਾਈ ਵਿੱਚ ਸੰਸਥਾ ਦੀਆਂ ਗਤੀਵਿਧੀਆਂ ਨੂੰ ਹੋਰ ਬੁਲੰਦੀਆਂ ਤੱਕ ਲਿਜਾਣ ਦਾ ਸੰਕਲਪ ਪ੍ਰਗਟਾਇਆ। ਆਪਣੀ ਮੁੜ ਹੋਈ ਚੋਣ ’ਤੇ ਖੁਸ਼ੀ ਅਤੇ ਧੰਨਵਾਦ ਦਾ ਪ੍ਰਗਟਾਵਾ ਕਰਦਿਆਂ ਰਾਕੇਸ਼ ਧੀਰ ਨੇ ਕਿਹਾ ਕਿ ਉਹ ਐੱਸਡੀ ਸਭਾ ਦੇ ਸਮੂਹ ਮੈਂਬਰਾਂ ਦੇ ਦਿਲੋਂ ਰਿਣੀ ਹਨ, ਜਿਨ੍ਹਾਂ ਨੇ ਲਗਾਤਾਰ 39 ਸਾਲਾਂ ਤੋਂ ਉਨ੍ਹਾਂ ’ਤੇ ਵਿਸ਼ਵਾਸ ਪ੍ਰਗਟਾਉਂਦਿਆਂ 14ਵੀਂ ਵਾਰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨਗੀ ਸਿਰਫ਼ ਇਕ ਅਹੁਦਾ ਨਹੀਂ, ਸਗੋਂ ਸਿੱਖਿਆ, ਸਮਾਜ ਸੇਵਾ ਤੇ ਲੋਕ ਭਲਾਈ ਲਈ ਹੋਰ ਵਧੇਰੇ ਸਮਰਪਣ ਨਾਲ ਕੰਮ ਕਰਨ ਦੀ ਜ਼ਿੰਮੇਵਾਰੀ ਹੈ। ਇੰਨੇ ਲੰਬੇ ਸਮੇਂ ਤੱਕ ਮੈਂਬਰਾਂ ਦਾ ਭਰੋਸਾ ਕਾਇਮ ਰਹਿਣਾ ਉਨ੍ਹਾਂ ਲਈ ਮਾਣ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਐੱਸਡੀ ਸਭਾ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਨੇ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਇਨ੍ਹਾਂ ਸੰਸਥਾਵਾਂ ਵਿੱਚ ਐੱਸਡੀ ਮਾਡਲ ਹਾਈ ਸਕੂਲ, ਐੱਸਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਸੀਬੀਐੱਸਈ) ਤੇ ਐੱਸਡੀ ਕਾਲਜ ਫਾਰ ਵੂਮੈਨ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਰਾਕੇਸ਼ ਧੀਰ ਨੇ ਆਪਣੇ ਨਵੇਂ ਕਾਰਜਕਾਲ ਦੀਆਂ ਤਰਜੀਹਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਐੱਸਡੀ ਸਭਾ ਦਾ ਅਗਲਾ ਵੱਡਾ ਟੀਚਾ ਐੱਸਡੀ ਚੈਰੀਟੇਬਲ ਹਸਪਤਾਲ ਨੂੰ ਹੋਰ ਆਧੁਨਿਕ ਤੇ ਸਹੂਲਤਾਂ ਭਰਪੂਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਰਾਹੀਂ ਇਲਾਕੇ ਦੇ ਲੋਕਾਂ ਨੂੰ ਪਹਿਲਾਂ ਹੀ ਬਹੁਤ ਹੀ ਵਾਜਬ ਦਰਾਂ ’ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹੁਣ ਇਸ ਨੂੰ ਹੋਰ ਵਿਸਥਾਰ ਦੇ ਕੇ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਦਾ ਟੀਚਾ ਹੈ ਕਿ ਹਸਪਤਾਲ ਵਿੱਚ ਲੋਕਾਂ ਨੂੰ 24 ਘੰਟੇ ਸਿਹਤ ਸੇਵਾਵਾਂ ਮਿਲਣ ਤੇ ਕਿਸੇ ਵੀ ਐਮਰਜੈਂਸੀ ਸਮੇਂ ਇਲਾਕੇ ਦੇ ਲੋਕਾਂ ਨੂੰ ਬਿਹਤਰ ਇਲਾਜ ਲਈ ਦੂਰ-ਦੁਰਾਡੇ ਸ਼ਹਿਰਾਂ ਵੱਲ ਨਾ ਭੱਜਣਾ ਪਵੇ। ਇਸ ਮੌਕੇ ਪੈਟਰਨ ਅਮਰ ਚੰਦ ਧੀਰ, ਜਨਰਲ ਸਕੱਤਰ ਮੁਕੇਸ਼ ਪਸਰੀਚਾ, ਮੈਨੇਜਰ ਉਮਾ ਦੱਤ ਸ਼ਰਮਾ, ਖ਼ਜ਼ਾਨਚੀ ਸ਼ਸ਼ੀਕਾਂਤ ਚੋਪੜਾ, ਬਲਦੇਵ ਕਿਸ਼ਨ ਸੂਦ, ਵਿਜੇ ਧੀਰ, ਨਰੇਸ਼ ਅਰੋੜਾ, ਦਿਨੇਸ਼ ਧੀਰ, ਅਸ਼ੋਕ ਧੀਰ, ਬਲਦੇਵ ਰਾਜ ਵਧਵਾ, ਕਰਨ ਧੀਰ, ਕਾਨਵ ਧੀਰ, ਅਸ਼ੋਕ ਗੁਜਰਾਲ, ਮਾਸਟਰ ਰਵਿੰਦਰ ਠਾਕੁਰ, ਰਚਿਤ ਕੋਛੜ, ਮਿੰਟੂ ਥਿੰਦ, ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ, ਪ੍ਰਿੰਸੀਪਲ ਕਰਨਜੀਤ ਸਿੰਘ, ਨੀਤੂ, ਰਜੀਵ ਸ਼ਰਮਾ ਤੇ ਸ਼ਕਤੀ ਸ਼ਰਮਾ ਸਮੇਤ ਸਭਾ ਦੇ ਹੋਰ ਮੈਂਬਰ ਤੇ ਪਤਵੰਤੇ ਹਾਜ਼ਰ ਸਨ।