ਰਜਤ ਸਿੱਧੀ ਦਲਿਤ ਵਿਕਾਸ ਬੋਰਡ ਜ਼ਿਲ੍ਹਾ ਕਪੂਰਥਲਾ ਦੇ ਚੇਅਰਮੈਨ ਨਿਯੁਕਤ ਆਮ ਆਦਮੀ ਪਾਰਟੀ ਦੇ ਸਰਗਰਮ ਯੂਵਾ ਆਗੂ ਰਜਤ ਸਿੱਧੀ ਦਲਿਤ ਵਿਕਾਸ ਬੋਰਡ ਜ਼ਿਲ੍ਹਾ ਕਪੂਰਥਲਾ ਦੇ ਚੇਅਰਮੈਨ ਨਿਯੁਕਤ
Publish Date: Sat, 18 Jul 2026 08:06 PM (IST)
Updated Date: Sat, 18 Jul 2026 08:07 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਸਰਗਰਮ ਰਹੇ ਨੌਜਵਾਨ ਆਗੂ ਰਜਤ ਸਿੱਧੀ ਨੂੰ ਦਲਿਤ ਵਿਕਾਸ ਬੋਰਡ, ਜ਼ਿਲ੍ਹਾ ਕਪੂਰਥਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਵੱਲੋਂ ਰਜਤ ਸਿੱਧੀ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ ਅਤੇ ਉਮੀਦ ਪ੍ਰਗਟਾਈ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਦੇ ਨਾਲ-ਨਾਲ ਦਲਿਤ ਵਰਗ ਦੀ ਭਲਾਈ ਲਈ ਵੀ ਸਰਗਰਮ ਭੂਮਿਕਾ ਨਿਭਾਉਣਗੇ। ਇਸ ਮੌਕੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਨੇ ਕਿਹਾ ਕਿ ਰਜਤ ਸਿੱਧੀ ਨੇ ਪਾਰਟੀ ਲਈ ਹਮੇਸ਼ਾ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕੀਤਾ ਹੈ। ਲੋਕਾਂ ਨਾਲ ਉਨ੍ਹਾਂ ਦਾ ਨਿਰੰਤਰ ਸੰਪਰਕ ਅਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਦਿੱਤਾ ਗਿਆ ਯੋਗਦਾਨ ਹੀ ਇਸ ਨਿਯੁਕਤੀ ਦਾ ਆਧਾਰ ਬਣਿਆ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਨੂੰ ਅੱਗੇ ਲਿਆਉਣ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਰਜਤ ਸਿੱਧੀ ਦੀ ਨਿਯੁਕਤੀ ਇਸ ਦੀ ਇੱਕ ਮਿਸਾਲ ਹੈ। ਨਿਯੁਕਤੀ ਉਪਰੰਤ ਰਜਤ ਸਿੱਧੀ ਨੇ ਪਾਰਟੀ ਦੀ ਉੱਚ ਲੀਡਰਸ਼ਿਪ ਅਤੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦੇ ਹੱਕਾਂ ਦੀ ਰੱਖਿਆ, ਸਮਾਜਿਕ ਭਲਾਈ ਅਤੇ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਇਸ ਦੇ ਨਾਲ ਹੀ ਉਹ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵੀ ਲਗਾਤਾਰ ਕੰਮ ਕਰਨਗੇ। ਇਸ ਮੌਕੇ ਪਾਰਟੀ ਦੇ ਕਈ ਆਗੂਆਂ ਅਤੇ ਵਰਕਰਾਂ ਨੇ ਰਜਤ ਸਿੱਧੀ ਨੂੰ ਗੁਲਦਸਤੇ ਭੇਟ ਕਰਕੇ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਵਰਕਰਾਂ ਨੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਦਲਿਤ ਵਿਕਾਸ ਬੋਰਡ ਜ਼ਿਲ੍ਹਾ ਕਪੂਰਥਲਾ ਸਮਾਜ ਦੇ ਪੱਛੜੇ ਅਤੇ ਲੋੜਵੰਦ ਵਰਗਾਂ ਦੀ ਭਲਾਈ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਸਮਾਗਮ ਦੌਰਾਨ ਹਾਜ਼ਰ ਆਗੂਆਂ ਨੇ ਕਿਹਾ ਕਿ ਰਜਤ ਸਿੱਧੀ ਦੀ ਨਿਯੁਕਤੀ ਨਾਲ ਪਾਰਟੀ ਨੂੰ ਜ਼ਿਲ੍ਹਾ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ ਅਤੇ ਨੌਜਵਾਨ ਵਰਗ ਨੂੰ ਵੀ ਪਾਰਟੀ ਨਾਲ ਜੁੜਨ ਲਈ ਨਵਾਂ ਉਤਸ਼ਾਹ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਯੋਗਤਾ ਅਤੇ ਸੇਵਾ ਭਾਵਨਾ ਨੂੰ ਹਮੇਸ਼ਾ ਸਨਮਾਨ ਦਿੰਦੀ ਆਈ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤੀ ਕਾਰਕੁਨਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪਦੀ ਰਹੇਗੀ। ਇਸ ਮੌਕੇ ਵਿਕਾਸ ਸਿੱਧੀ, ਸਮੀਰ ਸ਼ਰਮਾ, ਅਨਿਲ ਸ਼ੁਕਲਾ, ਰਾਹੁਲ ਮਨਸੂ ਅਤੇ ਹੋਰ ਹਾਜ਼ਰ ਸਨ।