- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਂਹ ਨੇ ਖੋਹ ਲਈ ਗ਼ਰੀਬ ਦੀ ਛੱਤ, ਮਜ਼ਦੂਰ ਪਰਿਵਾਰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ

ਪਿੰਡ ਜੱਬੋਵਾਲ ’ਚ ਪਿਛਲੇ ਦਿਨੀਂ ਪਏ ਮੀਂਹ ਕਾਰਨ ਡਿੱਗ ਗਈ ਸੀ ਮਕਾਨ ਦੀ ਛੱਤ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਕੁਦਰਤ ਦੀ ਮਾਰ ਕਈ ਵਾਰ ਇੰਨੀ ਭਾਰੀ ਹੁੰਦੀ ਹੈ ਕਿ ਇਕ ਪਲ ’ਚ ਹੀ ਸਾਲਾਂ ਦੀ ਮਿਹਨਤ ਮਿੱਟੀ ਕਰ ਦਿੰਦੀ ਹੈ। ਅਜਿਹਾ ਹੀ ਇਕ ਦਰਦਨਾਕ ਵਾਕਿਆ ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਵਿੱਚ ਵਾਪਰਿਆ, ਜਿੱਥੇ ਭਾਰੀ ਮੀਂਹ ਕਾਰਨ ਇਕ ਗ਼ਰੀਬ ਮਜ਼ਦੂਰ ਪਰਿਵਾਰ ਦਾ ਘਰ ਢਹਿਢੇਰੀ ਹੋ ਗਿਆ।
ਜਾਣਕਾਰੀ ਅਨੁਸਾਰ ਪਿੰਡ ਜੱਬੋਵਾਲ ਵਾਸੀ ਰਾਜ ਕੁਮਾਰ ਦਾ ਪਰਿਵਾਰ ਰੋਜ਼ਾਨਾ ਦਿਹਾੜੀ-ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ। ਬੀਤੇ ਦਿਨ ਪਏ ਤੇਜ਼ ਮੀਂਹ ਕਾਰਨ ਉਨ੍ਹਾਂ ਦੇ ਕੱਚੇ ਘਰ ਦੀ ਛੱਤ ਅਚਾਨਕ ਡਿੱਗ ਪਈ। ਛੱਤ ਡਿੱਗਣ ਨਾਲ ਘਰ ਵਿੱਚ ਰੱਖਿਆ ਫਰਿੱਜ, ਬੈੱਡ, ਪੱਖੇ, ਬਰਤਨ ਅਤੇ ਬੱਚਿਆਂ ਦੀਆਂ ਕਿਤਾਬਾਂ ਸਮੇਤ ਸਾਰਾ ਜ਼ਰੂਰੀ ਸਾਮਾਨ ਮਲਬੇ ਹੇਠਾਂ ਦੱਬ ਕੇ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਰਾਜ ਕੁਮਾਰ ਨੇ ਦੱਸਿਆ ਕਿ ਅਸੀਂ ਸਵੇਰ ਤੋਂ ਸ਼ਾਮ ਤੱਕ ਮਜ਼ਦੂਰੀ ਕਰਦੇ ਹਾਂ ਅਤੇ ਬੱਚਿਆਂ ਦਾ ਪੇਟ ਭਰਦੇ ਹਾਂ। ਘਰ ਵਿੱਚ ਪਹਿਲਾਂ ਹੀ ਕੁਝ ਨਹੀਂ ਸੀ। ਹੁਣ ਜੋ ਥੋੜ੍ਹਾ ਬਹੁਤ ਸੀ, ਉਹ ਵੀ ਮੀਂਹ ਨੇ ਲੈ ਲਿਆ। ਹੁਣ ਨਾ ਸਿਰ ’ਤੇ ਛੱਤ ਹੈ ਨਾ ਬੱਚਿਆਂ ਦੇ ਸੌਣ ਲਈ ਚਾਰਪਾਈ। ਰਾਜ ਕੁਮਾਰ ਦੇ ਪਰਿਵਾਰ ਵਿੱਚ ਉਸ ਦੇ ਬਜ਼ੁਰਗ ਮਾਤਾ-ਪਿਤਾ, ਪਤਨੀ, 3 ਛੋਟੀਆਂ ਧੀਆਂ ਅਤੇ ਇਕ ਪੁੱਤਰ ਸ਼ਾਮਲ ਹਨ। ਸਾਰੇ ਬੱਚੇ ਸਕੂਲ ਪੜ੍ਹਦੇ ਹਨ ਅਤੇ ਪਰਿਵਾਰ ਬੜੀ ਮੁਸ਼ਕਿਲ ਨਾਲ ਉਨ੍ਹਾਂ ਦੀ ਫੀਸ ਅਤੇ ਕਿਤਾਬਾਂ ਦਾ ਪ੍ਰਬੰਧ ਕਰਦਾ ਹੈ। ਇਸ ਘਟਨਾ ਤੋਂ ਬਾਅਦ ਹੁਣ ਇਹ ਪੂਰਾ ਪਰਿਵਾਰ ਪਿੰਡ ਦੇ ਜੰਝ ਘਰ ਵਿੱਚ ਰਹਿਣ ਲਈ ਮਜਬੂਰ ਹੈ ਅਤੇ ਬਚਿਆ ਹੋਇਆ ਸਾਮਾਨ ਤਰਪਾਲਾਂ ਹੇਠ ਰੱਖਿਆ ਹੋਇਆ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਸਾਲ ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਫਾਰਮ ਭਰਿਆ ਗਿਆ ਸੀ, ਪਰ ਅੱਜ ਤੱਕ ਉਨ੍ਹਾਂ ਨੂੰ ਇਸ ਯੋਜਨਾ ਦਾ ਕੋਈ ਲਾਭ ਨਹੀਂ ਮਿਲਿਆ। ਜਦੋਂ ਇਸ ਬਾਰੇ ਪਿੰਡ ਦੇ ਸਰਪੰਚ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਰਾਜ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸਨ, ਸਥਾਨਕ ਵਿਧਾਇਕ ਅਤੇ ਇਲਾਕੇ ਦੇ ਸਮਾਜ ਸੇਵੀ ਲੋਕਾਂ ਅੱਗੇ ਅਪੀਲ ਕੀਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ। ਸਾਨੂੰ ਬਸ ਆਪਣੇ ਬੱਚਿਆਂ ਲਈ ਇੱਕ ਛੋਟੀ ਜਿਹੀ ਛੱਤ ਚਾਹੀਦੀ ਹੈ। ਇਸ ਮੌਕੇ ਪਿੰਡ ਦੇ ਵਸਨੀਕ ਰੇਸ਼ਮ ਸਿੰਘ ਨੇ ਕਿਹਾ ਕਿ ਰਾਜ ਕੁਮਾਰ ਬਹੁਤ ਇਮਾਨਦਾਰ ਤੇ ਮਿਹਨਤੀ ਵਿਅਕਤੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਮੌਕੇ ਦਾ ਜਾਇਜ਼ਾ ਲੈ ਕੇ ਇਸ ਪਰਿਵਾਰ ਨੂੰ ਮੁਆਵਜ਼ਾ ਅਤੇ ਆਵਾਸ ਯੋਜਨਾ ਦਾ ਲਾਭ ਦੇਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਮਦਦ ਨਾ ਮਿਲੀ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਮੀਂਹ ਪੈਣ ’ਤੇ ਇਸ ਪਰਿਵਾਰ ਲਈ ਰਹਿਣਾ ਹੋਰ ਵੀ ਔਖਾ ਹੋ ਜਾਵੇਗਾ।