- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਂਹ ਨੇ ਖੋਲ੍ਹੀ ਮੰਡੀ ਪ੍ਰਬੰਧਾਂ ਦੀ ਪੋਲ! ਫੜ੍ਹਾਂ ’ਚ ਪਾਣੀ, ਤਰਪਾਲਾਂ ਦੀ ਘਾਟ ਨੇ ਕਿਸਾਨਾਂ ਦੀ ਵਧਾਈ ਮੁਸੀਬਤ

ਫੜ੍ਹਾਂ ’ਚ ਪਾਣੀ, ਤਿਰਪਾਲਾਂ ਦੀ ਘਾਟ ਨੇ ਕਿਸਾਨਾਂ ਦੀ ਵਧਾਈ ਮੁਸੀਬਤ
ਪੰਜਾਬੀ ਜਾਗਰਣ ਪ੍ਰਤੀਨਿੱਧ
ਸੁਲਤਾਨਪੁਰ ਲੋਧੀ : ਪੰਜਾਬ ਵਿੱਚ ਹੋਈ ਬੇਮੌਸਮੀ ਬਾਰਿਸ਼ ਨੇ ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਮੰਡੀਕਰਨ ਪ੍ਰਬੰਧਾਂ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਾਵਨ ਨਗਰੀ ਸੁਲਤਾਨਪੁਰ ਲੋਧੀ ਦੀ ਮੁੱਖ ਦਾਣਾ ਮੰਡੀ ਵਿੱਚ ਹਲਕੀ ਜਿਹੀ ਬਾਰਿਸ਼ ਨਾਲ ਹੀ ਨੀਵੇਂ ਫੜ੍ਹਾਂ ’ਤੇ ਪਾਣੀ ਖੜ੍ਹਾ ਹੋ ਗਿਆ, ਜਦਕਿ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਦੀ ਘਾਟ ਵੀ ਸਾਫ਼ ਨਜ਼ਰ ਆਈ। ਮੰਡੀ ਵਿੱਚ ਪਾਣੀ ਖੜ੍ਹਨ ਤੇ ਫ਼ਸਲ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧਾਂ ਦੀ ਘਾਟ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦੂਜੇ ਪਾਸੇ, ਨਮੀ ਵਧਣ ਕਾਰਨ ਝੋਨੇ ਦੀ ਖਰੀਦ ਪ੍ਰਭਾਵਿਤ ਹੋਣ ਤੇ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਪੂਰਾ ਭਾਅ ਨਾ ਮਿਲਣ ਦਾ ਡਰ ਸਤਾਉਣ ਲੱਗਾ ਹੈ। ਮੰਡੀ ਵਿੱਚ ਕਈ ਥਾਵਾਂ ’ਤੇ ਕਿਸਾਨ ਆਪਣੀ ਫ਼ਸਲ ਨੂੰ ਬਾਰਿਸ਼ ਤੋਂ ਬਚਾਉਣ ਲਈ ਖ਼ੁਦ ਤਿਰਪਾਲਾਂ ਦਾ ਪ੍ਰਬੰਧ ਕਰਦੇ ਦਿਖਾਈ ਦਿੱਤੇ। ਸਵਾਲ ਇਹ ਹੈ ਕਿ ਜਦੋਂ ਝੋਨੇ ਦੀ ਖਰੀਦ ਦਾ ਸੀਜ਼ਨ ਪਹਿਲਾਂ ਹੀ ਚੱਲ ਰਿਹਾ ਹੈ ਤਾਂ ਮੰਡੀਆਂ ਵਿੱਚ ਬਾਰਿਸ਼ ਦੇ ਪਾਣੀ ਦੀ ਨਿਕਾਸੀ ਤੇ ਫ਼ਸਲ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਹਲਕੀ ਬਾਰਿਸ਼ ਨਾਲ ਹੀ ਫੜ੍ਹਾਂ ’ਤੇ ਪਾਣੀ ਖੜ੍ਹਨ ਦੀ ਸਥਿਤੀ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਤੇਜ਼ ਹੁੰਦੀ ਹੈ ਤਾਂ ਮੰਡੀਆਂ ਵਿੱਚ ਪਈ ਫ਼ਸਲ ਦੀ ਸੰਭਾਲ ਕਰਨਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ। ਕਿਸਾਨ ਪਹਿਲਾਂ ਹੀ ਹਾਈਬ੍ਰਿਡ ਝੋਨੇ ਵਿੱਚ ਨਮੀ ਦੀ ਵਧੇਰੇ ਮਾਤਰਾ ਤੇ ਖਰੀਦ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਪ੍ਰੇਸ਼ਾਨ ਹਨ। ਬੇਮੌਸਮੀ ਬਾਰਿਸ਼ ਕਾਰਨ ਫ਼ਸਲ ਵਿੱਚ ਨਮੀ ਹੋਰ ਵਧਣ ਨਾਲ ਖਰੀਦ ਵਿੱਚ ਦੇਰੀ ਹੋਣ ਤੇ ਗੁਣਵੱਤਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਕਿਸਾਨਾਂ ਨੂੰ ਚਿੰਤਾ ਹੈ ਕਿ ਜੇਕਰ ਫ਼ਸਲ ਦੀ ਖਰੀਦ ਸਮੇਂ ਸਿਰ ਨਾ ਹੋਈ ਤਾਂ ਉਨ੍ਹਾਂ ਨੂੰ ਮੰਡੀਆਂ ਵਿੱਚ ਲੰਮਾ ਸਮਾਂ ਬੈਠਣਾ ਪੈ ਸਕਦਾ ਹੈ ਤੇ ਫ਼ਸਲ ਦੀ ਸੰਭਾਲ ਦਾ ਵਾਧੂ ਖ਼ਰਚਾ ਵੀ ਝੱਲਣਾ ਪਵੇਗਾ। ਬਾਰਿਸ਼ ਦੇ ਨਾਲ ਕਈ ਥਾਵਾਂ ’ਤੇ ਤੇਜ਼ ਹਵਾਵਾਂ ਕਾਰਨ ਝੋਨੇ ਦੀ ਫ਼ਸਲ ਵਿਛਣ ਦੀ ਵੀ ਖ਼ਬਰ ਹੈ। ਫ਼ਸਲ ਵਿਛਣ ਨਾਲ ਕੰਬਾਈਨ ਰਾਹੀਂ ਕਟਾਈ ਵਿੱਚ ਦਿੱਕਤ ਆ ਸਕਦੀ ਹੈ, ਜਿਸ ਨਾਲ ਕਟਾਈ ਦੀ ਰਫ਼ਤਾਰ ਮੱਠੀ ਪੈਣ ਦਾ ਖ਼ਦਸ਼ਾ ਹੈ। ਇਸ ਤਰ੍ਹਾਂ ਬਦਲਿਆ ਮੌਸਮ ਖੇਤਾਂ ਤੋਂ ਲੈ ਕੇ ਮੰਡੀਆਂ ਤੱਕ ਕਿਸਾਨਾਂ ਲਈ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਰਿਹਾ ਹੈ।ਇਸ ਵਾਰ ਸੂਬੇ ਵਿੱਚ ਘੱਟ ਬਾਰਿਸ਼ ਪੈਣ ਕਾਰਨ ਝੋਨੇ ਦੀ ਬੰਪਰ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਕਿਸਾਨ ਫ਼ਸਲ ਦੇ ਝਾੜ ਤੇ ਗੁਣਵੱਤਾ ਨੂੰ ਲੈ ਕੇ ਵੀ ਉਤਸ਼ਾਹਿਤ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਅਗਲੇ 15 ਤੋਂ 20 ਦਿਨ ਮੌਸਮ ਸਾਫ਼ ਰਹਿੰਦਾ ਹੈ ਤਾਂ ਵੱਡੇ ਪੱਧਰ ’ਤੇ ਝੋਨੇ ਦੀ ਕਟਾਈ ਮੁਕੰਮਲ ਹੋ ਸਕਦੀ ਹੈ, ਜਿਸ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ ਪਰ ਅਚਾਨਕ ਹੋਈ ਬਾਰਿਸ਼ ਨੇ ਉਨ੍ਹਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਕਿਸਾਨਾਂ ਲਈ ਇਸ ਵਾਰ ਦੀ ਫ਼ਸਲ ਵਿਸ਼ੇਸ਼ ਮਹੱਤਵ ਰੱਖਦੀ ਹੈ। ਪਿਛਲੇ ਲਗਾਤਾਰ ਦੋ ਸਾਲ ਹੜ੍ਹਾਂ ਕਾਰਨ ਇਸ ਖੇਤਰ ਵਿੱਚ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ ਤੇ ਕਿਸਾਨਾਂ ਨੂੰ ਵੱਡੇ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਹੜ੍ਹਾਂ ਤੋਂ ਬਚਾਅ ਤੇ ਫ਼ਸਲ ਦੀ ਚੰਗੀ ਪੈਦਾਵਾਰ ਕਾਰਨ ਕਿਸਾਨਾਂ ਨੂੰ ਆਪਣੇ ਪੈਰਾਂ ’ਤੇ ਮੁੜ ਖੜ੍ਹੇ ਹੋਣ ਦੀ ਆਸ ਬੱਝੀ ਹੈ।
ਫ਼ਸਲ ਦੀ ਖਰੀਦ ’ਚ ਦੇਰੀ ਤੇ ਨਾਜਾਇਜ਼ ਕਟੌਤੀ ਬਰਦਾਸ਼ਤ ਨਹੀਂ
ਕਿਸਾਨ ਆਗੂ ਅਮਰ ਸਿੰਘ ਮੰਡ, ਸ਼ੇਰ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ, ਸਰਵਨ ਸਿੰਘ, ਸੁਖਵਿੰਦਰ ਸਿੰਘ ਤੇ ਪਰਮਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਸ ਸਮੇਂ ਕਿਸਾਨਾਂ ਦੀ ਫ਼ਸਲ ਦੀ ਸੰਭਾਲ ਤੇ ਖਰੀਦ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮੰਡੀਆਂ ਵਿੱਚ ਪਾਣੀ ਦੀ ਨਿਕਾਸੀ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ, ਲੋੜੀਂਦੀਆਂ ਤਰਪਾਲਾਂ ਮੁਹੱਈਆ ਕਰਵਾਈਆਂ ਜਾਣ ਅਤੇ ਖਰੀਦ ਪ੍ਰਕਿਰਿਆ ਤੇਜ਼ ਕੀਤੀ ਜਾਵੇ ਤਾਂ ਜੋ ਕਿਸਾਨਾਂ ਦੀ ਫ਼ਸਲ ਮੀਂਹ ਦੀ ਮਾਰ ਤੋਂ ਬਚ ਸਕੇ। ਕਿਸਾਨ ਆਗੂਆਂ ਨੇ ਕਿਹਾ ਕਿ ਨਮੀ ਤੇ ਹਾਈਬ੍ਰਿਡ ਝੋਨੇ ਦੀ ਖਰੀਦ ਦੇ ਮਾਮਲੇ ਵਿੱਚ ਸਰਕਾਰੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤੇ ਕਿਸਾਨਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਫ਼ਸਲ ਦੀ ਖਰੀਦ ਦੌਰਾਨ ਨਮੀ ਜਾਂ ਹੋਰ ਬਹਾਨਿਆਂ ਨਾਲ ਕਿਸਾਨਾਂ ’ਤੇ ਨਾਜਾਇਜ਼ ਕਟੌਤੀ ਦਾ ਬੋਝ ਪਾਉਣਾ ਉਨ੍ਹਾਂ ਨਾਲ ਬੇਇਨਸਾਫ਼ੀ ਹੋਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਰਾਈਸ ਮਿੱਲਰ ਜਾਂ ਆੜ੍ਹਤੀਏ ਵੱਲੋਂ ਨਿਯਮਾਂ ਦੇ ਉਲਟ ਕਟੌਤੀ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਇਸ ਵਿਰੁੱਧ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੀਆਂ।