ਫਰਜ਼ੀ 'ਜ਼ੋਨਲ ਕਮੇਟੀ' ਤੋਂ ਸਾਵਧਾਨ ਰਹਿਣ ਰੇਲ ਕਰਮਚਾਰੀ : ਸਰਵਜੀਤ ਸਿੰਘ
ਸੋਸ਼ਲ ਮੀਡੀਆ 'ਤੇ ਪ੍ਰਸਾਰਿਤ IREF ਦੀ ਫਰਜ਼ੀ 'ਜ਼ੋਨਲ ਕਮੇਟੀ' ਤੋਂ ਸਾਵਧਾਨ ਰਹਿਣ ਰੇਲ ਕਰਮਚਾਰੀ: ਸਰਵਜੀਤ ਸਿੰਘ
Publish Date: Tue, 31 Mar 2026 10:23 PM (IST)
Updated Date: Tue, 31 Mar 2026 10:25 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਇੰਡੀਅਨ ਰੇਲਵੇ ਇੰਪਲਾਈਜ਼ ਫੈੱਡਰੇਸ਼ਨ (ਆਈਆਰਈਐੱਫ) ਦੇ ਰਾਸ਼ਟਰੀ ਮਹਾਂਸਕੱਤਰ ਸਰਵਜੀਤ ਸਿੰਘ ਨੇ ਅੱਜ ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਸੋਸ਼ਲ ਮੀਡੀਆ ਤੇ ਹੋਰ ਮਾਧਿਅਮਾਂ ਤੇ ਪ੍ਰਸਾਰਿਤ ਹੋ ਰਹੇ ਇਕ ਗੁੰਮਰਾਹਕੁੰਨ ਪੱਤਰ ਦਾ ਖੰਡਨ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਾਲ ਹੀ ਵਿਚ ਉੱਤਰ ਪੂਰਬੀ ਰੇਲਵੇ ਵਿਚ ਇਕ ਕਥਿਤ ਜ਼ੋਨਲ ਕਮੇਟੀ ਦੇ ਗਠਨ ਤੇ ਵੱਖ-ਵੱਖ ਅਹੁਦਿਆਂ ਤੇ ਨਿਯੁਕਤੀਆਂ ਨਾਲ ਸਬੰਧਤ ਜੋ ਪੱਤਰ ਫੈਲਾਇਆ ਜਾ ਰਿਹਾ ਹੈ, ਉਹ ਪੂਰੀ ਤਰ੍ਹਾਂ ਫਰਜ਼ੀ, ਅਧਾਰਹੀਣ ਤੇ ਫੈੱਡਰੇਸ਼ਨ ਦੇ ਅਧਿਕਾਰਤ ਫੈਸਲਿਆਂ ਦੇ ਉਲਟ ਹੈ। ਮਹਾਂਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਫੈੱਡਰੇਸ਼ਨ ਦੀ ਇਕ ਮਰਿਆਦਾ ਪੂਰਵਕ ਜਥੇਬੰਦਕ ਪ੍ਰਕਿਰਿਆ ਹੈ ਤੇ ਅਜਿਹਾ ਕੋਈ ਵੀ ਪੱਤਰ ਜਿਸ ਵਿਚ ਬਿਨਾਂ ਕਿਸੇ ਅਧਿਕਾਰਤ ਇਜਾਜ਼ਤ ਦੇ ਅਹੁਦੇਦਾਰਾਂ, ਖਾਸ ਤੌਰ ਤੇ ਮਨੋਜ ਪਾਂਡੇ ਦਾ ਨਾਮ ਮਹਾਂਮੰਤਰੀ ਵਜੋਂ ਘੋਸ਼ਿਤ ਕੀਤਾ ਗਿਆ ਹੈ, ਉਸਦੀ ਕੋਈ ਕਾਨੂੰਨੀ ਜਾਂ ਜਥੇਬੰਦਕ ਮਾਨਤਾ ਨਹੀਂ ਹੈ। ਸਰਵਜੀਤ ਸਿੰਘ ਨੇ ਦਸਿਆ ਕਿ ਉੱਤਰ ਪੂਰਬੀ ਰੇਲਵੇ ਵਿਚ ਮਾਨਤਾ ਪ੍ਰਾਪਤ ਜ਼ੋਨਲ ਯੂਨੀਅਨ ਐੱਨਈ ਰੇਲਵੇ ਮੇਨਜ਼ ਕਾਂਗਰਸ ਹੈ ਤੇ ਫੈੱਡਰੇਸ਼ਨ ਦਾ ਸਾਰਾ ਕੰਮ ਜਥੇਬੰਦਕ ਮਰਿਆਦਾਵਾਂ ਤੇ ਸਥਾਪਿਤ ਢਾਂਚੇ ਦੇ ਅਨੁਸਾਰ ਹੀ ਚਲਾਇਆ ਜਾਂਦਾ ਹੈ। ਸਮਰੱਥ ਅਧਿਕਾਰੀ ਤੇ ਕੇਂਦਰੀ ਲੀਡਰਸ਼ਿਪ ਦੀ ਪ੍ਰਵਾਨਗੀ ਤੋਂ ਬਿਨਾਂ ਕੀਤੀ ਗਈ ਅਜਿਹੀ ਕੋਈ ਵੀ ਘੋਸ਼ਣਾ ਅਨੁਸ਼ਾਸਨਹੀਣਤਾ ਦੀ ਸ਼੍ਰੇਣੀ ਵਿਚ ਆਉਂਦੀ ਹੈ। ਫੈੱਡਰੇਸ਼ਨ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਵਿਅਕਤੀਆਂ ਵੱਲੋਂ ਮਨਮਾਨੇ ਢੰਗ ਨਾਲ ਸੰਗਠਨ ਦੇ ਨਾਮ ਦੀ ਦੁਰਵਰਤੋਂ ਕਰਕੇ ਗੁੰਮਰਾਹਕੁੰਨ ਸੂਚਨਾਵਾਂ ਫੈਲਾਈਆਂ ਜਾ ਰਹੀਆਂ ਹਨ, ਜੋ ਕਰਮਚਾਰੀਆਂ ਵਿਚ ਭੰਬਲਭੂਸਾ ਪੈਦਾ ਕਰਨ ਦੀ ਇਕ ਡੂੰਘੀ ਸਾਜ਼ਿਸ਼ ਹੈ। ਜਥੇਬੰਦੀ ਨੇ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਸੰਵਿਧਾਨਕ ਤੇ ਅਨੁਸ਼ਾਸਨੀ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਮਹਾਂਸਕੱਤਰ ਨੇ ਸਾਰੇ ਰੇਲ ਕਰਮਚਾਰੀਆਂ ਅਤੇ ਜਥੇਬੰਦੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਿਸਮ ਦੀਆਂ ਫਰਜ਼ੀ ਖਬਰਾਂ ਤੇ ਗੁੰਮਰਾਹਕੁੰਨ ਜਾਣਕਾਰੀਆਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਤੇ ਕਿਸੇ ਦੇ ਬਹਿਕਾਵੇ ਵਿਚ ਨਾ ਆਉਣ।