ਆਰਸੀਐੱਫ ਨੇ ਕੀਤਾ ਹਾਕੀ ਖਿਡਾਰਨਾਂ ਦਾ ਸਨਮਾਨ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ 2026 ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਸੋਨ ਤਗਮਾ ਜਿੱਤਣ ਵਾਲੀਆਂ ਹਾਕੀ ਖਿਡਾਰਨਾਂ ਦਾ ਸਨਮਾਨ
Publish Date: Fri, 23 Oct 2026 08:47 PM (IST)
Updated Date: Fri, 23 Oct 2026 08:48 PM (IST)
ਏਸ਼ੀਆਈ ਖੇਡਾਂ ’ਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੀਆਂ ਮੈਂਬਰ ਹਨ ਦੋਵੇਂ ਖਿਡਾਰਨਾਂ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ), ਕਪੂਰਥਲਾ ਵੱਲੋਂ ਆਪਣੀਆਂ ਮਹਿਲਾ ਹਾਕੀ ਖਿਡਾਰਨਾਂ ਲਾਲਰੇਮਸਿਆਮੀ ਤੇ ਲਲਥਾਂਤਲੁਆਂਗੀ ਦੇ ਅੱਜ ਆਰਸੀਐੱਫ ਪਹੁੰਚਣ ’ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਤੇ ਸਨਮਾਨ ਕੀਤਾ ਗਿਆ। ਦੋਵਾਂ ਖਿਡਾਰਨਾਂ ਨੇ ਜਾਪਾਨ ਦੇ ਆਇਚੀ-ਨਾਗੋਯਾ ਵਿਖੇ ਹੋਈਆਂ 2026 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਇਤਿਹਾਸਕ ਸੋਨ ਤਗਮਾ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਦੋਵੇਂ ਖਿਡਾਰਨਾਂ ਉੱਤਰ-ਪੂਰਬੀ ਭਾਰਤ ਦੇ ਮਿਜ਼ੋਰਮ ਰਾਜ ਨਾਲ ਸਬੰਧ ਰੱਖਦੀਆਂ ਹਨ। ਮਿਜ਼ੋਰਮ ਤੋਂ ਪੰਜਾਬ ਤੱਕ ਦਾ ਉਨ੍ਹਾਂ ਦਾ ਸਫ਼ਰ ਭਾਰਤ ਦੀ ਸੱਭਿਆਚਾਰਕ ਏਕਤਾ ਤੇ ਵਿਭਿੰਨਤਾ ਵਿੱਚ ਏਕਤਾ ਦੀ ਇੱਕ ਸੁੰਦਰ ਮਿਸਾਲ ਹੈ। ਉਨ੍ਹਾਂ ਦੀ ਪ੍ਰਾਪਤੀ ਦਰਸਾਉਂਦੀ ਹੈ ਕਿ ਖੇਡ ਪ੍ਰਤਿਭਾ ਭੂਗੋਲਿਕ ਤੇ ਸੱਭਿਆਚਾਰਕ ਹੱਦਾਂ ਤੋਂ ਉੱਪਰ ਉੱਠ ਕੇ ਦੇਸ਼ ਵਾਸੀਆਂ ਨੂੰ ਕੌਮੀ ਮਾਣ ਦੇ ਸਾਂਝੇ ਧਾਗੇ ਵਿੱਚ ਜੋੜਦੀ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਚੀਨ ਨੂੰ 1–0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ 44 ਸਾਲਾਂ ਦੇ ਲੰਮੇ ਅਰਸੇ ਬਾਅਦ ਸੋਨ ਤਗਮਾ ਜਿੱਤਣ ਦਾ ਮਾਣ ਹਾਸਲ ਕੀਤਾ। ਭਾਰਤ ਨੇ ਇਸ ਤੋਂ ਪਹਿਲਾਂ ਸਾਲ 1982 ਵਿੱਚ ਇਹ ਖਿਤਾਬ ਜਿੱਤਿਆ ਸੀ। ਇਸ ਜਿੱਤ ਨਾਲ ਭਾਰਤ ਨੇ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਸਿੱਧੇ ਤੌਰ ’ਤੇ ਕੁਆਲੀਫਾਈ ਵੀ ਕਰ ਲਿਆ। ਭਾਰਤੀ ਟੀਮ ਦੀ ਫਾਰਵਰਡ ਖਿਡਾਰਨ ਲਾਲਰੇਮਸਿਆਮੀ ਤੇ ਡਿਫੈਂਡਰ ਲਲਥਾਂਤਲੁਆਂਗੀ ਇਸ ਇਤਿਹਾਸਕ ਮੁਹਿੰਮ ਦਾ ਅਹਿਮ ਹਿੱਸਾ ਰਹੀਆਂ। ਉਨ੍ਹਾਂ ਦੀ ਸ਼ਾਨਦਾਰ ਖੇਡ, ਸਮਰਪਣ ਤੇ ਵਚਨਬੱਧਤਾ ਨੇ ਆਰਸੀਐੱਫ ਕਪੂਰਥਲਾ ਤੇ ਭਾਰਤੀ ਰੇਲਵੇ ਦਾ ਮਾਣ ਵਧਾਇਆ ਹੈ। ਅਜੈ ਨੰਦਨ ਜਨਰਲ ਮੈਨੇਜਰ ਆਰਸੀਐੱਫ ਨੇ ਦੋਵਾਂ ਖਿਡਾਰਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਨਵਿਤਾ ਨੰਦਨ, ਪ੍ਰਧਾਨ, ਆਰਸੀਐੱਫ ਮਹਿਲਾ ਭਲਾਈ ਸੰਗਠਨ; ਕੇਐੱਸ ਅਸਲਾ, ਪ੍ਰਧਾਨ, ਆਰਸੀਐੱਫ ਸਪੋਰਟਸ ਐਸੋਸੀਏਸ਼ਨ; ਐਸੋਸੀਏਸ਼ਨ ਦੇ ਮੈਂਬਰ, ਅਧਿਕਾਰੀ, ਕਰਮਚਾਰੀ, ਯੂਨੀਅਨਾਂ ਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦੇ, ਵੱਖ-ਵੱਖ ਖੇਡਾਂ ਦੇ ਖਿਡਾਰੀ ਤੇ ਕੋਚਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ। ਦੋਵਾਂ ਖਿਡਾਰਨਾਂ ਦਾ ਮਹਾਰਾਜਾ ਰਣਜੀਤ ਸਿੰਘ ਸਟੇਡੀਅਮ ਵਿਖੇ ਆਰਸੀਐੱਫ ਦੇ ਮੌਜੂਦਾ ਤੇ ਸਾਬਕਾ ਖਿਡਾਰੀਆਂ ਤੇ ਕੋਚਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਇੱਕ ਸ਼ਾਨਦਾਰ ਰੋਡ ਸ਼ੋਅ ਰਾਹੀਂ ਉਨ੍ਹਾਂ ਨੂੰ ਐਸਟਰੋਟਰਫ ਹਾਕੀ ਸਟੇਡੀਅਮ ਤੱਕ ਲਿਆਂਦਾ ਗਿਆ। ਦੋਵਾਂ ਖਿਡਾਰਨਾਂ ਦੀ ਇਹ ਪ੍ਰਾਪਤੀ ਆਰਸੀਐੱਫ ਕਪੂਰਥਲਾ ਲਈ ਮਾਣ ਤੇ ਗੌਰਵ ਦਾ ਵਿਸ਼ਾ ਹੈ। ਉਨ੍ਹਾਂ ਦੀ ਇਹ ਪ੍ਰਾਪਤੀ ਖਾਸ ਕਰਕੇ ਨੌਜਵਾਨਾਂ ਤੇ ਮਹਿਲਾ ਖਿਡਾਰਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਤੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕਰੇਗੀ।