ਆਰਸੀਐੱਫ ’ਚ ਬਾਲ ਦਿਵਸ ਮਨਾਇਆ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਇੱਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਬਾਲ ਦਿਵਸ ਮਨਾਇਆ ਗਿਆ
Publish Date: Sat, 14 Nov 2026 08:54 PM (IST)
Updated Date: Sat, 14 Nov 2026 08:57 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵਿਖੇ ਬਾਲ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਾਤਾਵਰਣ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨ ਪੀੜ੍ਹੀ ਵਿੱਚ ਕੁਦਰਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ “ਇੱਕ ਪੇੜ ਮਾਂ ਕੇ ਨਾਮ” ਮੁਹਿੰਮ ਤਹਿਤ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਸਮਾਗਮ ਦੌਰਾਨ ਪੀਐੱਮ ਸ਼੍ਰੀ ਕੇਂਦਰੀ ਵਿਦਿਆਲਿਆ ਨੰਬਰ 1 ਤੇ ਪੀਐੱਮ ਸ਼੍ਰੀ ਕੇਂਦਰੀ ਵਿਦਿਆਲਿਆ ਨੰਬਰ 2, ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਬੱਚਿਆਂ ਨੂੰ ਬੂਟੇ ਵੰਡੇ ਗਏ। ਇਸ ਉਪਰਾਲੇ ਦਾ ਉਦੇਸ਼ ਬੱਚਿਆਂ ਨੂੰ ਕੁਦਰਤ ਨਾਲ ਜੋੜਨਾ ਤੇ ਬੂਟੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਹਰੇਕ ਬੂਟੇ ਨੂੰ ਆਪਣੀ ਮਾਂ ਦੇ ਨਾਮ ਸਮਰਪਿਤ ਕਰਨ ਰਾਹੀਂ ਇਸ ਮੁਹਿੰਮ ਨੇ ਮਾਂ ਪ੍ਰਤੀ ਪਿਆਰ, ਸਤਿਕਾਰ ਤੇ ਧੰਨਵਾਦ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਦਾ ਸੁੰਦਰ ਸੰਦੇਸ਼ ਦਿੱਤਾ। ਆਰਸੀਐੱਫ ਮਹਿਲਾ ਭਲਾਈ ਸੰਗਠਨ ਨੇ ਪ੍ਰਧਾਨ ਨਵਿਤਾ ਨੰਦਨ ਦੀ ਅਗਵਾਈ ਹੇਠ ਇਸ ਸਮਾਗਮ ਨੂੰ ਵਿਸ਼ੇਸ਼ ਤੇ ਯਾਦਗਾਰੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸੰਗਠਨ ਦੀਆਂ ਮੈਂਬਰਾਂ ਨੇ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਤੇ ਆਰਸੀਐੱਫ ਦੇ ਆਪਣੇ ਸਕੂਲ ਜੈਕ ਐਂਡ ਜਿਲ ਸਕੂਲ ਦੇ ਬੱਚਿਆਂ ਨਾਲ ਬਾਲ ਦਿਵਸ ਮਨਾਉਣ ਵਿੱਚ ਸਹਿਯੋਗ ਦਿੱਤਾ, ਜਿਸ ਨਾਲ ਸਮਾਗਮ ਵਿੱਚ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਬਣਿਆ। ਇਸ ਸਮਾਗਮ ਨੇ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ, ਸੰਵੇਦਨਸ਼ੀਲਤਾ ਤੇ ਸਮੂਹਿਕ ਭਾਗੀਦਾਰੀ ਵਰਗੀਆਂ ਕਦਰਾਂ-ਕੀਮਤਾਂ ਨਾਲ ਜੋੜਨ ਦਾ ਮੌਕਾ ਪ੍ਰਦਾਨ ਕੀਤਾ। ਅਜਿਹੇ ਉਪਰਾਲਿਆਂ ਰਾਹੀਂ ਆਰਸੀਐੱਫ ਨੌਜਵਾਨ ਪੀੜ੍ਹੀ ਨੂੰ ਵਾਤਾਵਰਣ ਪੱਖੀ ਆਦਤਾਂ ਅਪਣਾਉਣ ਤੇ ਹਰਿਆ-ਭਰਿਆ ਤੇ ਟਿਕਾਊ ਭਵਿੱਖ ਸਿਰਜਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰ ਰਹੀ ਹੈ। ਇਸ ਉਪਰਾਲੇ ਨੇ ਬਾਲ ਦਿਵਸ ਦੀਆਂ ਖੁਸ਼ੀਆਂ ਨੂੰ ਵਾਤਾਵਰਣ ਦੀ ਸੰਭਾਲ ਦੇ ਸੰਦੇਸ਼ ਨਾਲ ਜੋੜਦਿਆਂ ਇਹ ਵਿਸ਼ਵਾਸ ਪੱਕਾ ਕੀਤਾ ਕਿ ਅੱਜ ਕੀਤੇ ਛੋਟੇ-ਛੋਟੇ ਯਤਨ ਕੱਲ੍ਹ ਨੂੰ ਇੱਕ ਵੱਡੀ ਤੇ ਸਥਾਈ ਤਬਦੀਲੀ ਲਿਆ ਸਕਦੇ ਹਨ।