ਮਹਿਲਾ ਦਾ ਮੋਬਾਇਲ ਖੋ ਕੇ ਫਰਾਰ ਹੋਇਆ ਲੁਟੇਰਾ ਸੀਸੀਟੀਵੀ ’ਚ ਕੈਦ
ਸੁਲਤਾਨਪੁਰ ਲੋਧੀ ’ਚ ਝਪਟਮਾਰੀ : ਮਹਿਲਾ ਦਾ ਮੋਬਾਇਲ ਖੋ ਕੇ ਸਕੂਟਰੀ ਸਵਾਰ ਫਰਾਰ, ਲੁਟੇਰਾ ਸੀਸੀਟੀਵੀ ’ਚ ਕੈਦ
Publish Date: Mon, 23 Feb 2026 09:36 PM (IST)
Updated Date: Mon, 23 Feb 2026 09:40 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਝਪਟਮਾਰੀ ਦੀ ਇਕ ਹੋਰ ਵਾਰਦਾਤ ਸਾਹਮਣੇ ਆਈ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੇ ਬੇਟੇ-ਬੇਟੀ ਨਾਲ ਘਰ ਵਾਪਸ ਆ ਰਹੀ ਇਕ ਮਹਿਲਾ ਤੋਂ ਅਣਪਛਾਤੇ ਸਕੂਟਰੀ ਸਵਾਰ ਨੇ ਮੋਬਾਇਲ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਿਆ। ਪੀੜਤਾ ਦੀ ਪਛਾਣ ਕੁਲਵੀਰ ਕੌਰ ਪੁੱਤਰੀ ਨਿਰਮਲ ਸਿੰਘ, ਨਿਵਾਸੀ ਗਾਜ਼ੀਪੁਰ ਰੋਡ ਕਲੋਨੀ, ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮਹਿਲਾ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਕਰਕੇ ਘਰ ਵੱਲ ਪਰਤ ਰਹੀ ਸੀ ਕਿ ਜਦੋਂ ਉਹ ਨਿਰਮਲ ਕੁਟੀਆ ਨੇੜੇ ਵੇਈਂ ਨਦੀ ਦੇ ਕਿਨਾਰੇ ਪਹੁੰਚੀ ਤਾਂ ਪਿੱਛੋਂ ਆਏ ਸਕੂਟਰੀ ਸਵਾਰ ਨੇ ਉਸਦੇ ਹੱਥੋਂ ਮੋਬਾਇਲ ਫੋਨ ਝਪਟ ਲਿਆ। ਅਚਾਨਕ ਵਾਪਰੀ ਘਟਨਾ ਨਾਲ ਮਹਿਲਾ ਤੇ ਉਸਦੇ ਬੱਚੇ ਘਬਰਾ ਗਏ, ਜਦਕਿ ਲੁਟੇਰਾ ਤੇਜ਼ੀ ਨਾਲ ਮੌਕੇ ਤੋਂ ਨਿਕਲ ਗਿਆ। ਹਾਲਾਂਕਿ ਵਾਰਦਾਤ ਕਰਨ ਵਾਲਾ ਨੇੜਲੇ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਿਆ ਹੈ। ਪੁਲਿਸ ਵੱਲੋਂ ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ ਗਈ ਹੈ ਤੇ ਉਸਦੀ ਪਛਾਣ ਲਈ ਤਫਤੀਸ਼ ਤੇਜ਼ ਕਰ ਦਿੱਤੀ ਗਈ ਹੈ। ਘਟਨਾ ਤੋਂ ਤੁਰੰਤ ਬਾਅਦ ਮਹਿਲਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।