- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਕਰੀ ਨੂੰ ਲੈ ਕੇ ਲੋਕਾਂ ਵੱਲੋ ਉੱਠੇ ਸਵਾਲ, ਪਾਣੀ ’ਚ ਪਾਉਣ ’ਤੇ ਬਦਲਿਆ ਰੰਗ

ਗਾਹਕ ਨੇ ਪੇਟ ਦਰਦ ਤੇ ਘਬਰਾਹਟ ਹੋਣ ਦਾ ਕੀਤਾ ਦਾਅਵਾ
ਵਿਭਾਗ ਤੋਂ ਖੁਰਾਕ ਪਦਾਰਥਾਂ ਦੀ ਜਾਂਚ ਦੀ ਉੱਠੀ ਮੰਗ
ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਪਿੰਡਾਂ ਤੇ ਸ਼ਹਿਰਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਮੂੰਗਫਲੀ, ਮੂੰਗਫਲੀ ਦੀਆਂ ਗਿਰੀਆਂ ਤੇ ਹਰੇ ਮਟਰਾਂ ਦੇ ਦਾਣੇ ਵੱਡੇ ਪੱਧਰ ’ਤੇ ਵੇਚੇ ਜਾ ਰਹੇ ਹਨ। ਪਿੰਡ ਚੱਕ ਕੋਟਲਾ ਦੇ ਇੱਕ ਗਾਹਕ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਪੰਜਾਬੀ ਜਾਗਰਣ ਦੇ ਪੱਤਰਕਾਰ ਨੂੰ ਦੱਸਿਆ ਕਿ ਬੀਤੇ ਦਿਨੀਂ ਉਹ ਪਿੰਡ ਡਡਵਿੰਡੀ ਦੇ ਬੱਸ ਅੱਡੇ ਤੋਂ ਇੱਕ ਪ੍ਰਵਾਸੀ ਮਜ਼ਦੂਰ ਕੋਲੋਂ ਆਪਣੇ ਘਰ ਲਈ ਮੂੰਗਫਲੀ ਤੇ ਹਰੇ ਮਟਰਾਂ ਦੇ ਦਾਣੇ ਖਰੀਦ ਕੇ ਲੈ ਗਿਆ ਸੀ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਖਾਣ ਤੋਂ ਬਾਅਦ ਉਸ ਨੂੰ ਪੇਟ ਦਰਦ ਤੇ ਘਬਰਾਹਟ ਮਹਿਸੂਸ ਹੋਣ ਲੱਗ ਪਈ ਤੇ ਉਹ ਸਾਰੀ ਰਾਤ ਸੌਂ ਨਹੀਂ ਸਕਿਆ। ਗਾਹਕ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਮਟਰਾਂ ਦੇ ਦਾਣਿਆਂ ਦੀ ਗੁਣਵੱਤਾ ਬਾਰੇ ਕੁਝ ਸ਼ੱਕ ਹੋਇਆ ਤਾਂ ਉਸ ਨੇ ਕੁਝ ਮਟਰਾਂ ਦੇ ਦਾਣੇ ਪਾਣੀ ਦੀ ਇੱਕ ਪਾਣੀ ਦੀ ਬੋਤਲ ਵਿੱਚ ਪਾ ਕੇ ਦੇਖੇ ਤਾਂ ਕੁਝ ਮਿੰਟਾਂ ਬਾਅਦ ਪਾਣੀ ਦਾ ਰੰਗ ਹਰਾ ਹੋ ਗਿਆ। ਇਸ ਤੋਂ ਬਾਅਦ ਉਸ ਨੇ ਪੱਤਰਕਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਜਾਗਰੂਕ ਕਰਨ ਲਈ ਖ਼ਬਰ ਪ੍ਰਕਾਸ਼ਿਤ ਕਰਨ ਦੀ ਅਪੀਲ ਕੀਤੀ।
ਪੱਤਰਕਾਰ ਵੱਲੋਂ ਜਾਂਚ ਕਰਨ ’ਤੇ ਪਾਣੀ ਦਾ ਰੰਗ ਬਦਲਿਆ
ਇਸ ਮਾਮਲੇ ਦੀ ਪੁਸ਼ਟੀ ਕਰਨ ਲਈ ਜਦੋਂ ਪੱਤਰਕਾਰ ਵੱਲੋਂ ਪਿੰਡ ਡਡਵਿੰਡੀ ਦੇ ਬੱਸ ਅੱਡੇ ’ਤੇ ਸਬੰਧਤ ਪ੍ਰਵਾਸੀ ਮਜ਼ਦੂਰ ਨਾਲ ਗੱਲਬਾਤ ਕੀਤੀ ਗਈ ਤੇ ਉਸ ਕੋਲ ਮੌਜੂਦ ਹਰੇ ਮਟਰਾਂ ਦੇ ਦਾਣੇ ਪਾਣੀ ਵਿੱਚ ਪਾ ਕੇ ਦੇਖੇ ਗਏ ਤਾਂ ਕੁਝ ਮਿੰਟਾਂ ਬਾਅਦ ਪਾਣੀ ਦਾ ਰੰਗ ਹਰਾ ਹੋ ਗਿਆ। ਇਸ ਸਬੰਧੀ ਜਦੋਂ ਪ੍ਰਵਾਸੀ ਮਜ਼ਦੂਰ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਇਹ ਮਟਰਾਂ ਦੇ ਦਾਣੇ ਸੁਲਤਾਨਪੁਰ ਲੋਧੀ ਤੇ ਜਲੰਧਰ ਤੋਂ ਖਰੀਦ ਕੇ ਲਿਆਇਆ ਸੀ। ਉਸ ਨੇ ਕਿਹਾ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਮਟਰਾਂ ਦੇ ਦਾਣਿਆਂ ’ਤੇ ਕੋਈ ਰੰਗ ਚੜ੍ਹਿਆ ਹੋਇਆ ਹੈ। ਪ੍ਰਵਾਸੀ ਮਜ਼ਦੂਰ ਪੱਤਰਕਾਰ ਦੇ ਸਾਹਮਣੇ ਮਟਰਾਂ ਦੇ ਦਾਣਿਆਂ ਨੂੰ ਇੱਕ ਲਿਫ਼ਾਫ਼ੇ ਵਿੱਚ ਪਾ ਕੇ ਸੁੱਟਣ ਲਈ ਤਿਆਰ ਹੋ ਗਿਆ ਤੇ ਉਸ ਨੇ ਅੱਗੇ ਤੋਂ ਅਜਿਹੇ ਮਟਰ ਨਾ ਵੇਚਣ ਦੀ ਗੱਲ ਵੀ ਕਹੀ। ਇਸ ਮਾਮਲੇ ਨਾਲ ਸਬੰਧਤ ਪ੍ਰਵਾਸੀ ਮਜ਼ਦੂਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਰੇ ਮਟਰਾਂ ਦੇ ਦਾਣੇ 60 ਰੁਪਏ ਪਾਈਆ, ਯਾਨੀ 240 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾ ਰਹੇ ਹਨ।
ਇਸ ਮਾਮਲੇ ਨੂੰ ਦੇਖਦਿਆਂ ਹੋਇਆਂ ਲੋਕਾਂ ਵੱਲੋਂ ਖੁਰਾਕ ਸੁਰੱਖਿਆ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਸਬੰਧਤ ਮਟਰਾਂ ਦੇ ਦਾਣਿਆਂ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਜਾਂਚ ਕਰਵਾਈ ਜਾਵੇ, ਤਾਂ ਜੋ ਇਹ ਪਤਾ ਲੱਗ ਸਕੇ ਕਿ ਇਨ੍ਹਾਂ ਵਿੱਚ ਕਿਸੇ ਗੈਰ-ਮਨਜ਼ੂਰਸ਼ੁਦਾ ਰੰਗ ਜਾਂ ਹੋਰ ਨੁਕਸਾਨਦੇਹ ਪਦਾਰਥ ਦੀ ਵਰਤੋਂ ਤਾਂ ਨਹੀਂ ਕੀਤੀ ਗਈ।