ਫਗਵਾੜਾ ਦੀ ਜਨਤਾ ਦਾ ਸਵਾਲ, ਜ਼ਿਲ੍ਹਾ ਕਦੋਂ ਬਣੇਗਾ : ਚੰਦੀ ਫਗਵਾੜਾ ਦੀ ਜਨਤਾ ਦਾ ਸਵਾਲ – ਜ਼ਿਲ੍ਹਾ ਕਦੋਂ ਬਣੇਗਾ?ਚੰਦੀ
Publish Date: Wed, 15 Jul 2026 08:46 PM (IST)
Updated Date: Wed, 15 Jul 2026 08:48 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਫਗਵਾੜਾ ਪੰਜਾਬ ਦਾ ਇੱਕ ਅਜਿਹਾ ਸ਼ਹਿਰ ਹੈ ਜਿਸ ਨੇ ਉਦਯੋਗ, ਵਪਾਰ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹਰ ਸਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਮਾਲੀਆ ਦੇਣ ਵਾਲਾ ਇਹ ਸ਼ਹਿਰ ਅੱਜ ਵੀ ਜ਼ਿਲ੍ਹੇ ਦੇ ਦਰਜੇ ਤੋਂ ਵਾਂਝਾ ਹੈ। ਸਵਾਲ ਇਹ ਹੈ ਕਿ ਆਖ਼ਰ ਕਿਉਂ? ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਹੀ ਕੀਤੇ ਵਾਅਦੇ ਤੋਂ ਮੁਨਕਰ ਹੋ ਗਏ ਅਤੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਥਾਂ ਏਡੀਸੀ ਨਿਯੁਕਤ ਕਰਨ ਦਾ ਵਾਅਦਾ ਕੀਤਾ ਤਾ ਜੋ ਜ਼ਿਲ੍ਹੇ ਵਾਲੀਆਂ ਸਾਰੀਆਂ ਸਹੂਲਤਾਂ ਫਗਵਾੜਾ ਵਾਸੀਆ ਨੂੰ ਮਿਲ ਸਕਣ। ਪਰ ਇਹ ਵਾਅਦਾ ਵੀ ਮੁੱਖ ਮੰਤਰੀ ਸਾਹਿਬ ਦੇ ਵਾਅਦਿਆਂ ਵਾਂਗ ਸਿਰੇ ਚੜ੍ਹਦਾ ਦਿਖਾਈ ਨਹੀ ਦੇ ਰਿਹਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਇੰਚਾਰਜ ਜਥੇਦਾਰ ਰਜਿੰਦਰ ਸਿੰਘ ਚੰਦੀ, ਬਿੰਦਰ ਸਿੰਘ ਰਾਵਲਪਿੰਡੀ, ਦਿਹਾਤੀ ਯੂਥ ਪ੍ਰਧਾਨ ਰਣਜੀਤ ਸਿੰਘ ਜੀਤੀ ਖੇੜਾ, ਦਿਹਾਤੀ ਵਪਾਰ ਵਿੰਗ ਦੇ ਪ੍ਰਧਾਨ ਜਸਵਿੰਦਰ ਸਿੰਘ ਘੁੰਮਣ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾ ਵਿਚ ਆਪ ਆਗੂਆਂ ਨੇ ਫਗਵਾੜਾ ਨੂੰ ਜਿਲਾ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਜਦੋਂ ਗੱਲ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਆਉਂਦੀ ਹੈ ਤਾਂ ਆਪ ਆਗੂਆਂ ਦੀ ਚੁੱਪੀ ਸਮਝ ਤੋਂ ਬਾਹਰ ਹੋ ਜਾਂਦੀ ਹੈ। ਕੀ ਫਗਵਾੜਾ ਸਿਰਫ਼ ਵੋਟਾਂ ਲੈਣ ਲਈ ਯਾਦ ਆਉਂਦਾ ਹੈ? ਅਕਾਲੀ ਆਗੂਆਂ ਨੇ ਕਿਹਾ ਕਿ ਫਗਵਾੜਾ ਨੂੰ ਜ਼ਿਲ੍ਹਾ ਬਣਾਉਣਾ ਸ਼ਹਿਰ ਦੇ ਭਵਿੱਖ ਦਾ ਮੁੱਦਾ ਹੈ। ਜ਼ਿਲ੍ਹਾ ਬਣਨ ਨਾਲ ਪ੍ਰਸ਼ਾਸਨਿਕ ਸੇਵਾਵਾਂ ਲੋਕਾਂ ਦੇ ਨੇੜੇ ਆਉਣਗੀਆਂ, ਉਦਯੋਗਾਂ ਨੂੰ ਨਵੀਂ ਰਫ਼ਤਾਰ ਮਿਲੇਗੀ, ਨਵੇਂ ਸਰਕਾਰੀ ਦਫ਼ਤਰ ਖੁੱਲਣਗੇ, ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਆਮ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਣਗੇ। ਫਗਵਾੜਾ ਦੇ ਲੋਕ ਹਰ ਰੋਜ਼ ਦਫ਼ਤਰਾਂ ਦੇ ਚੱਕਰ ਕੱਟਦੇ ਹਨ, ਦੂਰਲੇ ਸ਼ਹਿਰਾਂ ਵਿੱਚ ਆਪਣੇ ਕੰਮ ਲਈ ਭਟਕਦੇ ਹਨ ਅਤੇ ਬੇਵਜ੍ਹਾ ਖੱਜਲ-ਖੁਆਰੀ ਸਹਿੰਦੇ ਹਨ। ਇਹ ਸਿਰਫ਼ ਪ੍ਰਸ਼ਾਸਨਿਕ ਅਸੁਵਿਧਾ ਨਹੀਂ, ਸਗੋਂ ਵਿਕਾਸ ਨਾਲ ਕੀਤਾ ਜਾ ਰਿਹਾ ਅਨਿਆਂ ਹੈ। ਜਿਹੜਾ ਸ਼ਹਿਰ ਹਰ ਪੱਖੋਂ ਜ਼ਿਲ੍ਹੇ ਦੇ ਯੋਗ ਹੈ, ਉਸ ਨੂੰ ਉਸਦਾ ਹੱਕ ਕਿਉਂ ਨਹੀਂ ਮਿਲ ਰਿਹਾ? ਹਾਲ ਹੀ ਵਿੱਚ ਪ੍ਰਸ਼ਾਸਨਿਕ ਅਧਿਕਾਰਾਂ ਬਾਰੇ ਕਈ ਐਲਾਨ ਹੋਏ, ਪਰ ਫਗਵਾੜਾ ਦੇ ਲੋਕ ਅੱਜ ਵੀ ਇੱਕੋ ਸਵਾਲ ਪੁੱਛ ਰਹੇ ਹਨ, ਕੀ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਲਈ ਕੋਈ ਨਿਰਧਾਰਤ ਤਰੀਕ ਹੈ? ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਸਮਾਜਿਕ ਅਤੇ ਵਪਾਰਕ ਸੰਸਥਾਵਾਂ ਦੀ ਆਵਾਜ਼ ਵੀ ਇਸ ਮੁੱਦੇ ’ਤੇ ਪਹਿਲਾਂ ਵਰਗੀ ਮਜ਼ਬੂਤ ਨਹੀਂ ਦਿਖਾਈ ਦਿੰਦੀ। ਫਗਵਾੜਾ ਦਾ ਮੁੱਦਾ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕ ਹਿੱਤ ਦਾ ਮੁੱਦਾ ਬਣਨਾ ਚਾਹੀਦਾ ਹੈ। ਜੇ ਅੱਜ ਅਸੀਂ ਚੁੱਪ ਰਹੇ, ਤਾਂ ਕੱਲ੍ਹ ਵੀ ਸਿਰਫ਼ ਵਾਅਦੇ ਹੀ ਮਿਲਣਗੇ, ਹੱਕ ਨਹੀਂ। ਹੁਣ ਸਮਾਂ ਆ ਗਿਆ ਹੈ ਕਿ ਫਗਵਾੜਾ ਦੀ ਜਨਤਾ ਸਵਾਲ ਪੁੱਛੇ, ਕੀ ਤੁਸੀਂ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਲਈ ਲਿਖਤੀ ਵਚਨ ਦਿਓਗੇ? ਜੇ ਜਵਾਬ ਹਾਂ ਹੈ ਤਾਂ ਸਮਾਂ-ਸੀਮਾ ਦੱਸੋ, ਜੇ ਨਹੀਂ ਤਾਂ ਕਾਰਨ ਦੱਸੋ। ਜਨਤਾ ਨੂੰ ਹੁਣ ਧੁੰਦਲੇ ਬਿਆਨ ਨਹੀਂ, ਸਪੱਸ਼ਟ ਜਵਾਬ ਚਾਹੀਦੇ ਹਨ। ਜਨਤਾ ਨੂੰ ਹੁਣ ਭਰੋਸੇ ਨਹੀਂ, ਕਾਰਵਾਈ ਚਾਹੀਦੀ ਹੈ। ਲੋਕਤੰਤਰ ਵਿੱਚ ਵੋਟ ਜਨਤਾ ਦੀ ਸਭ ਤੋਂ ਵੱਡੀ ਤਾਕਤ ਹੈ। ਜਨਤਾ ਦਾ ਸਮਰਥਨ ਵੀ ਉਸੇ ਨੂੰ ਮਿਲਣਾ ਚਾਹੀਦਾ ਹੈ ਜੋ ਫਗਵਾੜਾ ਦੇ ਭਵਿੱਖ ਲਈ ਸਪੱਸ਼ਟ ਯੋਜਨਾ ਅਤੇ ਜਵਾਬਦੇਹੀ ਨਾਲ ਅੱਗੇ ਆਵੇ। ਜੋ ਆਗੂ ਅੱਜ ਫਗਵਾੜਾ ਦੇ ਹੱਕ ਵਿੱਚ ਖੜ੍ਹਾ ਨਹੀਂ ਹੁੰਦਾ, ਉਸ ਤੋਂ ਕੱਲ੍ਹ ਵਿਕਾਸ ਦੀ ਉਮੀਦ ਕਰਨਾ ਬੇਮਾਨੀ ਹੋਵੇਗੀ। ਫਗਵਾੜਾ ਦੀ ਜਨਤਾ ਨੂੰ ਹੁਣ ਇਕੱਠੇ ਹੋ ਕੇ ਆਪਣੀ ਆਵਾਜ਼ ਹੋਰ ਉੱਚੀ ਕਰਨੀ ਪਵੇਗੀ। ਇਹ ਮੁੱਦਾ ਕਿਸੇ ਇਕ ਵਰਗ, ਇਕ ਇਲਾਕੇ ਜਾਂ ਇਕ ਸੰਸਥਾ ਦਾ ਨਹੀਂ, ਸਗੋਂ ਹਰ ਉਸ ਨਾਗਰਿਕ ਦਾ ਹੈ ਜੋ ਫਗਵਾੜਾ ਨੂੰ ਆਪਣਾ ਘਰ ਸਮਝਦਾ ਹੈ। ਜਦੋਂ ਤੱਕ ਲੋਕ ਇਕਜੁੱਟ ਨਹੀਂ ਹੋਣਗੇ, ਤਦ ਤੱਕ ਹੱਕ ਦੀ ਆਵਾਜ਼ ਦਬਾਈ ਜਾਂਦੀ ਰਹੇਗੀ। ਫਗਵਾੜਾ ਹੁਣ ਵਾਅਦੇ ਨਹੀਂ, ਫੈਸਲਾ ਚਾਹੁੰਦਾ ਹੈ। ਸ਼ਹਿਰ ਹੁਣ ਨਾਅਰਿਆਂ ਨਹੀਂ, ਆਪਣੇ ਹੱਕ ਦੀ ਉਡੀਕ ਕਰ ਰਿਹਾ ਹੈ। ਜਨਤਾ ਹੁਣ ਜਵਾਬ ਮੰਗ ਰਹੀ ਹੈ ਅਤੇ ਇਹ ਜਵਾਬ ਦੇਣਾ ਹਰ ਜ਼ਿੰਮੇਵਾਰ ਆਗੂ ਦੀ ਡਿਊਟੀ ਹੈ। ਨਹੀਂ ਤਾਂ 2027 ਵਿਧਾਨ ਸਭਾ ਚੋਣਾਂ ਵਿਚ ਫਗਵਾੜਾ ਵਾਸੀ ਵੀ ਆਪਣਾ ਜਵਾਬ ਦੇਣ ਲਈ ਤਿਆਰ ਹਨ।