ਇੰਗਲੈਂਡ ਦੇ ਵਿਕਾਸ ’ਚ ਪੰਜਾਬੀਆਂ ਦਾ ਵੱਡਾ ਯੋਗਦਾਨ : ਸੰਤ ਸੀਚੇਵਾਲ ਇੰਗਲੈਂਡ ਦੇ ਵਿਕਾਸ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ: ਸੰਤ ਸੀਚੇਵਾਲ
Publish Date: Thu, 27 Aug 2026 10:08 PM (IST)
Updated Date: Thu, 27 Aug 2026 10:10 PM (IST)
ਦੋ ਵਪਾਰਕ ਅਦਾਰਿਆਂ ਦਾ ਕੀਤਾ ਦੌਰਾ ਪੰਜਾਬੀਆਂ ਦੀ ਹੱਡਭੰਨਵੀਂ ਮਿਹਨਤ ਨੂੰ ਕੀਤਾ ਸਿਜਦਾ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਰਵਾਸੀ ਪੰਜਾਬੀਆਂ ਵੱਲੋਂ ਇੰਗਲੈਂਡ ਦੀ ਧਰਤੀ ‘ਤੇ ਹੱਡਭੰਨਵੀ ਮਿਹਨਤ ਨਾਲ ਖੜ੍ਹੇ ਕੀਤੇ ਵਪਾਰਕ ਅਦਾਰਿਆ ਨੂੰ ਸਿਜਦਾ ਕੀਤਾ। ਉਨ੍ਹਾਂ ਕਿਹਾ ਕਿ ਇੰਗਲੈਂਡ ਦੀ ਤਰੱਕੀ ਤੇ ਵਿਕਾਸ ਵਿੱਚ ਪਰਵਾਸੀ ਪੰਜਾਬੀਆਂ ਦਾ ਮਹੱਤਵਪੂਰਨ ਯੋਗਦਾਨ ਹੈ। ਇਸ ਮੌਕੇ ਉਨ੍ਹਾਂ ਜੇਐੱਸਬੀ ਡ੍ਰਾਈਵਿੰਗ ਸਕੂਲ ਤੇ ਸੁਖੀ ਟਾਇਰ ਕੰਪਨੀ ਦਾ ਦੌਰਾ ਕਰਕੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਸੰਤ ਸੀਚੇਵਾਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਗੁਰੂ ਨਾਨਕ ਦੇਵ ਜੀ ਦੇ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤਾਂ ’ਤੇ ਚੱਲਦਿਆਂ ਮਿਹਨਤ ਦੀ ਕਮਾਈ ਕਰ ਰਹੇ ਹਨ ਤੇ ਸਮਾਜ ਦੀ ਭਲਾਈ ਵਿੱਚ ਵੀ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਾਰੋਬਾਰੀਆਂ ਨੂੰ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੋਕ ਭਲਾਈ ਦੇ ਕਾਰਜਾਂ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸੰਤ ਸੀਚੇਵਾਲ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਦਾ ਲੋਹਾ ਤਾਂ ਅੰਗਰੇਜ਼ੀ ਹਕੂਮਤ ਨੇ ਸੰਸਾਰ ਜੰਗਾਂ ਦੌਰਾਨ ਹੀ ਮੰਨ ਲਿਆ ਸੀ। ਅੱਜ ਵੀ ਪੰਜਾਬੀ ਜਿੱਥੇ ਵੱਸਦੇ ਹਨ, ਉੱਥੇ ਮਿਹਨਤ, ਸੇਵਾ ਤੇ ਸਾਂਝ ਦੀ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ, ਭਾਵੇ ਉਹ ਦੁਨੀਆਂ ਦੇ ਜਿਹੜੇ ਵੀ ਮਹਾਂਦੀਪ ਵਿੱਚ ਵੱਸਦੇ ਹੋਣ। ਇਸ ਦੌਰਾਨ ਉਨ੍ਹਾਂ ਐੱਨਆਰਆਈ ਘਣਵੀਰ ਸਿੰਘ ਵੱਲੋਂ ਚਲਾਏ ਜਾ ਰਹੇ ਜੇਐੱਸਬੀ ਡ੍ਰਾਈਵਿੰਗ ਸਕੂਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦਾਂ ਨੂੰ ਡ੍ਰਾਈਵਿੰਗ ਲਾਇਸੈਂਸ ਹਾਸਲ ਕਰਨ ਵਿੱਚ ਸਹਾਇਤਾ ਕਰਨਾ ਸ਼ਲਾਘਾਯੋਗ ਸੇਵਾ ਹੈ। ਉਨ੍ਹਾਂ ਸੁਖੀ ਟਾਇਰ ਕੰਪਨੀ ਦਾ ਵੀ ਦੌਰਾ ਕਰਦਿਆ ਪ੍ਰਬੰਧਕਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ। ਸੰਤ ਸੀਚੇਵਾਲ ਨੇ ਪੰਜਾਬ ਵਿੱਚ ਸਿੱਖਿਆ, ਵਾਤਾਵਰਣ ਤੇ ਖੇਡਾਂ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਦਿਆਂ ਕਿਹਾ ਕਿ ਪੇਸ਼ੇਵਰ ਸਿੱਖਿਆ ਨੂੰ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਪਹੁੰਚਯੋਗ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਵਿੱਚ ਗੁਣਵੱਤਾ ਵਾਲੀ ਸਿੱਖਿਆ ਦੇ ਨਾਲ ਨਾਮਾਤਰ ਫੀਸ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਲ 2014 ਤੋਂ ਵਾਟਰ ਸਪੋਰਟਸ ਸੈਂਟਰ ਰਾਹੀਂ ਕੈਕਿੰਗ, ਕਨਾਇੰਗ ਤੇ ਡ੍ਰੈਗਨ ਬੋਟ ਵਰਗੀਆਂ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇੱਥੋਂ ਦੇ ਖਿਡਾਰੀ ਕੌਮੀ ਪੱਧਰ ’ਤੇ ਸੋਨੇ ਤੇ ਚਾਂਦੀ ਦੇ ਤਮਗੇ ਜਿੱਤਣ ਦੇ ਨਾਲ ਕੌਮਾਂਤਰੀ ਮੁਕਾਬਲਿਆਂ ਵਿੱਚ ਵੀ ਭਾਗ ਲੈ ਰਹੇ ਹਨ। ਇਸੇ ਤਰ੍ਹਾਂ ਸੀਚੇਵਾਲ ਪਿੰਡ ਵਿੱਚ ਹਾਕੀ ਖਿਡਾਰੀਆਂ ਲਈ ਐਸਟ੍ਰੋਟਰਫ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਅਕਸਰ ਪੇਂਡੂ ਖੇਤਰਾਂ ਵਿੱਚ ਸਹੂਲਤਾਂ ਦੀ ਘਾਟ ਕਾਰਨ ਹੀ ਪਿੰਡਾਂ ਦੇ ਖਿਡਾਰੀਆਂ ਨੂੰ ਵੱਡੇ ਮੌਕੇ ਨਹੀਂ ਮਿਲਦੇ।