- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਬੋਲੀ ਦੇ ਮਾਣ ਲਈ 23 ਸਤੰਬਰ ਨੂੰ ਵਿਸ਼ਵ ਭਰ ਦੇ ਪੰਜਾਬੀ ਹੋਣਗੇ ਇਕਜੁੱਟ

ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਿਖੇ ਹੋਵੇਗਾ ਵਿਸ਼ਵ ਪੰਜਾਬੀ ਦਿਵਸ ਦਾ ਇਤਿਹਾਸਕ ਸਮਾਰੋਹ
ਪੰਜਾਬੀ ਪ੍ਰੇਮੀਆਂ, ਸਿੱਖਿਅਕਾਂ, ਸਾਹਿਤਕਾਰਾਂ ਤੇ ਸੱਭਿਆਚਾਰਕ ਸੰਸਥਾਵਾਂ ਨੂੰ ਸੱਦਾ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੰਜਾਬੀ ਭਾਸ਼ਾ ਦੀ ਮਹੱਤਤਾ, ਮਾਣ ਤੇ ਵਿਸ਼ਵ ਪੱਧਰ ’ਤੇ ਇਸ ਦੀ ਪਹਿਚਾਣ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਦੀ ਮੁਹਿੰਮ ਇਸ ਵਰ੍ਹੇ ਹੋਰ ਵਿਸ਼ਾਲ ਰੂਪ ਧਾਰਨ ਕਰ ਰਹੀ ਹੈ। ਇਸ ਸਬੰਧੀ ਇੱਕ ਵਿਸ਼ੇਸ਼ ਇਤਿਹਾਸਕ ਸਮਾਰੋਹ 23 ਸਤੰਬਰ 2026 ਨੂੰ ਸ਼ਾਮ 3 ਵਜੇ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਸਿੱਖਿਅਕਾਂ, ਸਾਹਿਤਕਾਰਾਂ, ਕਲਾਕਾਰਾਂ ਤੇ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਫਾਊਂਡੇਸ਼ਨ ਦੇ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਪੰਜਾਬੀ ਪ੍ਰੇਮੀਆਂ, ਸਿੱਖਿਅਕਾਂ, ਸਾਹਿਤਕਾਰਾਂ, ਕਲਾਕਾਰਾਂ ਤੇ ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਇਸ ਇਤਿਹਾਸਕ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਸੁਖਦੇਵ ਸਿੰਘ ਜੱਜ ਨੇ ਕਿਹਾ ਕਿ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਪੰਜਾਬੀਆਂ ਦੀ ਪਹਿਚਾਣ, ਵਿਰਾਸਤ, ਸੱਭਿਆਚਾਰ ਤੇ ਸਾਂਝੀ ਚੇਤਨਾ ਦੀ ਆਵਾਜ਼ ਹੈ। ਸਦੀਆਂ ਤੋਂ ਪੰਜਾਬੀਆਂ ਦੇ ਜੀਵਨ ਤੇ ਸੱਭਿਆਚਾਰ ਦਾ ਅਹਿਮ ਹਿੱਸਾ ਰਹੀ ਪੰਜਾਬੀ ਨੂੰ ਵਿਸ਼ਵ ਪੱਧਰ ’ਤੇ ਸਮਰਪਿਤ ਇੱਕ ਦਿਨ ਮਿਲਣਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ, ਤਾਂ ਜੋ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਤੇ ਸਤਿਕਾਰ ਦਾ ਪ੍ਰਗਟਾਵਾ ਕਰ ਸਕਣ। ਉਨ੍ਹਾਂ ਦੱਸਿਆ ਕਿ ਮਹਾਨ ਸੂਫ਼ੀ ਕਵੀ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਦਾ ਇਤਿਹਾਸਕ ਸਫ਼ਰ ਪਿਛਲੇ ਵਰ੍ਹੇ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਤੇ ਸਰਪ੍ਰਸਤੀ ਹੇਠ ਸ਼ੁਰੂ ਕੀਤਾ ਗਿਆ ਸੀ। ਇਸ ਸਾਲ ਇਸ ਮੁਹਿੰਮ ਨੂੰ ਹੋਰ ਵਿਸ਼ਾਲ ਬਣਾਉਣ ਲਈ ਪੰਜਾਬ ਸਮੇਤ ਦੇਸ਼-ਵਿਦੇਸ਼ ਵਿੱਚ ਵਿਸ਼ਵ ਪੰਜਾਬੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜੱਜ ਨੇ ਕਿਹਾ ਕਿ ਇਹ ਦਿਨ ਮਾਂ ਬੋਲੀ ਪੰਜਾਬੀ ਪ੍ਰਤੀ ਸਾਡੀ ਸਾਂਝੀ ਜ਼ਿੰਮੇਵਾਰੀ, ਪਿਆਰ ਤੇ ਮਾਣ ਦਾ ਪ੍ਰਗਟਾਵਾ ਹੋਣਾ ਚਾਹੀਦਾ ਹੈ।
ਸੁਖਦੇਵ ਸਿੰਘ ਜੱਜ ਨੇ ਦੱਸਿਆ ਕਿ 23 ਸਤੰਬਰ ਨੂੰ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਿਖੇ ਹੋਣ ਵਾਲੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਰਜਿਸਟਰੇਸ਼ਨ ਜ਼ਰੂਰੀ ਹੈ। ਸਮਾਰੋਹ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਵਿਅਕਤੀ ਆਪਣਾ ਪੰਜਾਬ ਫਾਊਂਡੇਸ਼ਨ ਦੇ ਕਿਸੇ ਵੀ ਡਾਇਰੈਕਟਰ ਨਾਲ ਸੰਪਰਕ ਕਰਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਪੰਜਾਬੀ ਪ੍ਰੇਮੀਆਂ, ਸਿੱਖਿਅਕਾਂ, ਸਾਹਿਤਕਾਰਾਂ, ਕਲਾਕਾਰਾਂ ਤੇ ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਸਮਾਰੋਹ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਵਿਸ਼ਵ ਪੰਜਾਬੀ ਦਿਵਸ ਨੂੰ ਸਿਰਫ਼ ਇੱਕ ਦਿਨ ਦਾ ਸਮਾਗਮ ਨਹੀਂ, ਸਗੋਂ ਪੰਜਾਬੀ ਭਾਸ਼ਾ ਦੇ ਮਾਣ, ਸਤਿਕਾਰ ਤੇ ਭਵਿੱਖ ਲਈ ਇੱਕ ਸਾਂਝੀ ਮੁਹਿੰਮ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
23 ਸਤੰਬਰ ਨੂੰ ਕਰੋ ਪੰਜਾਬੀ ’ਚ ਹਸਤਾਖਰ
ਉਨ੍ਹਾਂ ਅਪੀਲ ਕੀਤੀ ਕਿ ਹਰ ਪੰਜਾਬੀ 23 ਸਤੰਬਰ ਨੂੰ ਆਪਣੇ ਹਸਤਾਖਰ ਪੰਜਾਬੀ ਵਿੱਚ ਕਰੇ, ਆਪਣੀ ਕੋਈ ਇੱਕ ਲਿਖਤ ਸੋਸ਼ਲ ਮੀਡੀਆ ’ਤੇ ਸਾਂਝੀ ਕਰੇ ਤੇ ਆਪਣੇ ਹੱਥੀਂ ਪੰਜਾਬੀ ਦੀ ਪੈਂਤੀ ਲਿਖ ਕੇ ਦੂਜਿਆਂ ਨਾਲ ਸਾਂਝੀ ਕਰੇ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਪੰਜਾਬੀ ਪ੍ਰਤੀ ਸਾਡੇ ਪਿਆਰ ਨੂੰ ਅਮਲੀ ਰੂਪ ਦੇਣ ਦੇ ਨਾਲ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੀ ਭਾਸ਼ਾ ਤੇ ਵਿਰਾਸਤ ਨਾਲ ਜੋੜਨ ਵਿੱਚ ਵੀ ਸਹਾਈ ਹੋਣਗੇ।
ਪੰਜਾਬੀ ਨੂੰ ਏਆਈ ਨਾਲ ਜੋੜਿਆ ਜਾਵੇਗਾ
ਸੁਖਦੇਵ ਸਿੰਘ ਜੱਜ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਪੰਜਾਬੀ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਵੱਧ ਤੋਂ ਵੱਧ ਪੰਜਾਬੀ ਸਾਹਿਤ ਨੂੰ ਇੰਟਰਨੈੱਟ ’ਤੇ ਸਾਂਝਾ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਕਿਸੇ ਵੀ ਭਾਸ਼ਾ ਦੇ ਭਵਿੱਖ ਲਈ ਉਸ ਦੀ ਡਿਜੀਟਲ ਦੁਨੀਆ ਵਿੱਚ ਮਜ਼ਬੂਤ ਮੌਜੂਦਗੀ ਬੇਹੱਦ ਜ਼ਰੂਰੀ ਹੈ। ਇਸ ਲਈ ਪੰਜਾਬੀ ਸਾਹਿਤ ਨੂੰ ਇੰਟਰਨੈੱਟ ’ਤੇ ਉਪਲਬਧ ਕਰਵਾਉਣਾ ਪੰਜਾਬੀ ਨੂੰ ਨਵੀਂ ਤਕਨਾਲੋਜੀ ਤੇ ਖਾਸ ਕਰਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਜੋੜਨ ਵੱਲ ਮਹੱਤਵਪੂਰਨ ਕਦਮ ਹੋਵੇਗਾ।