ਡਰਾਈਵਰੀ ਕਰਨ ਰੂਸ ਗਿਆ ਪੰਜਾਬੀ ਨੌਜਵਾਨ ਕੁੱਟਮਾਰ ਕਰਕੇ ਧੱਕੇ ਨਾਲ ਰੂਸੀ ਫ਼ੌਜ 'ਚ ਭਰਤੀ, ਜੰਗਲਾਂ 'ਚ ਭੁੱਖਾ-ਪਿਆਸਾ ਭਟਕ ਕੇ ਪਹੁੰਚਿਆ ਯੂਕਰੇਨ
ਗੁਰਪ੍ਰੀਤ ਦੀ ਭੈਣ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਅਗਸਤ 2026 ਵਿੱਚ ਡਰਾਈਵਰੀ ਦਾ ਕੰਮ ਕਰਨ ਰੂਸ ਗਿਆ ਸੀ। ਉੱਥੇ ਪਹੁੰਚਦਿਆਂ ਹੀ ਉਸ ਦਾ ਪੁਰਾਣਾ ਪਾਸਪੋਰਟ, ਹੋਰ ਦਸਤਾਵੇਜ਼ ਅਤੇ ਮੋਬਾਈਲ ਫ਼ੋਨ ਕਥਿਤ ਤੌਰ ’ਤੇ ਖੋਹ ਲਏ ਗਏ। ਇਸ ਕਾਰਨ ਪਰਿਵਾਰ ਨਾਲ ਸੰਪਰਕ ਟੁੱਟ ਗਿਆ। 11 ਅਕਤੂਬਰ ਨੂੰ ਗੁਰਪ੍ਰੀਤ ਨੇ ਫ਼ੋਨ ਕਰ ਕੇ ਦੱਸਿਆ ਕਿ ਉਸ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਜ਼ਬਰਦਸਤੀ ਰੂਸੀ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ ਹੈ। ਉਸ ਨੇ ਜਾਨ ਨੂੰ ਖ਼ਤਰਾ ਦੱਸਦਿਆਂ ਉੱਥੋਂ ਭੱਜਣ ਦੀ ਕੋਸ਼ਿਸ਼ ਕਰਨ ਦੀ ਗੱਲ ਕਹੀ।
Publish Date: Sat, 28 Nov 2026 11:20 AM (IST)
Updated Date: Sat, 28 Nov 2026 11:26 AM (IST)
ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ। ਡਰਾਈਵਰੀ ਕਰਨ ਰੂਸ ਗਏ ਜਲੰਧਰ ਦੇ ਗੁਰਪ੍ਰੀਤ ਸਿੰਘ ਨੂੰ ਕਥਿਤ ਤੌਰ ’ਤੇ ਕੁੱਟਮਾਰ ਕਰ ਕੇ ਧੱਕੇ ਨਾਲ ਰੂਸੀ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ। ਪਰਿਵਾਰ ਮੁਤਾਬਕ ਉਹ ਫ਼ੌਜ ਦੇ ਕਬਜ਼ੇ ਵਾਲੇ ਖੇਤਰ ਵਿੱਚੋਂ ਨਿਕਲ ਕੇ ਤਿੰਨ-ਚਾਰ ਦਿਨ ਜੰਗਲਾਂ ਵਿੱਚ ਭੁੱਖੇ-ਪਿਆਸੇ ਭਟਕਦਾ ਹੋਇਆ ਯੂਕਰੇਨ ਪਹੁੰਚਿਆ ਪਰ ਇਸ ਤੋਂ ਬਾਅਦ ਉਸ ਨਾਲ ਸੰਪਰਕ ਟੁੱਟ ਗਿਆ। ਉਸ ਦੀ ਸੁਰੱਖਿਅਤ ਵਾਪਸੀ ਲਈ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਮਦਦ ਦੀ ਗੁਹਾਰ ਲਾਈ। ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਗੁਰਪ੍ਰੀਤ ਦੀ ਭੈਣ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਅਗਸਤ 2026 ਵਿੱਚ ਡਰਾਈਵਰੀ ਦਾ ਕੰਮ ਕਰਨ ਰੂਸ ਗਿਆ ਸੀ। ਉੱਥੇ ਪਹੁੰਚਦਿਆਂ ਹੀ ਉਸ ਦਾ ਪੁਰਾਣਾ ਪਾਸਪੋਰਟ, ਹੋਰ ਦਸਤਾਵੇਜ਼ ਅਤੇ ਮੋਬਾਈਲ ਫ਼ੋਨ ਕਥਿਤ ਤੌਰ ’ਤੇ ਖੋਹ ਲਏ ਗਏ। ਇਸ ਕਾਰਨ ਪਰਿਵਾਰ ਨਾਲ ਸੰਪਰਕ ਟੁੱਟ ਗਿਆ। 11 ਅਕਤੂਬਰ ਨੂੰ ਗੁਰਪ੍ਰੀਤ ਨੇ ਫ਼ੋਨ ਕਰ ਕੇ ਦੱਸਿਆ ਕਿ ਉਸ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਜ਼ਬਰਦਸਤੀ ਰੂਸੀ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ ਹੈ। ਉਸ ਨੇ ਜਾਨ ਨੂੰ ਖ਼ਤਰਾ ਦੱਸਦਿਆਂ ਉੱਥੋਂ ਭੱਜਣ ਦੀ ਕੋਸ਼ਿਸ਼ ਕਰਨ ਦੀ ਗੱਲ ਕਹੀ।
ਪਰਿਵਾਰ ਨੂੰ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਗੁਰਪ੍ਰੀਤ ਦੀ ਇਕ ਵੀਡੀਓ ਮਿਲੀ, ਜਿਸ ਵਿੱਚ ਉਹ ਯੂਟਿਊਬਰ ਨਾਲ ਪੌਡਕਾਸਟ ਦੌਰਾਨ ਆਪਣੀ ਹੱਡਬੀਤੀ ਦੱਸ ਰਿਹਾ ਸੀ। ਉਸ ਨੇ ਦੱਸਿਆ ਕਿ ਜਾਨ ਬਚਾਉਣ ਲਈ ਤਿੰਨ-ਚਾਰ ਦਿਨ ਜੰਗਲਾਂ ਵਿੱਚ ਭੁੱਖੇ-ਪਿਆਸੇ ਭਟਕਣਾ ਪਿਆ ਅਤੇ ਮੁਸ਼ਕਲਾਂ ਨਾਲ ਯੂਕਰੇਨ ਪਹੁੰਚਿਆ।
ਇਸ ਤੋਂ ਬਾਅਦ ਉਸ ਨਾਲ ਮੁੜ ਸੰਪਰਕ ਨਹੀਂ ਹੋ ਸਕਿਆ। ਗੁਰਪ੍ਰੀਤ ਦੀ ਪਤਨੀ, ਦੋ ਛੋਟੇ ਬੱਚੇ ਅਤੇ ਚਾਰ ਭੈਣਾਂ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ। ਸੰਤ ਸੀਚੇਵਾਲ ਨੇ ਪਰਿਵਾਰ ਨੂੰ ਕੇਂਦਰ ਸਰਕਾਰ ਰਾਹੀਂ ਸੁਰੱਖਿਅਤ ਵਾਪਸੀ ਲਈ ਯਤਨ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੌਜਵਾਨਾਂ ਨੂੰ ਵਿਦੇਸ਼ ਜਾਣ ਸਮੇਂ ਅਣਜਾਣ ਏਜੰਟਾਂ ਅਤੇ ਫਰਜ਼ੀ ਕੰਪਨੀਆਂ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਕੀਤੀ।