ਸਕੂਲ 'ਚ ਪੰਜਾਬੀ ਦਿਵਸ ਮਨਾਇਆ
ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ 'ਚ ਪੰਜਾਬੀ ਦਿਵਸ ਮਨਾਇਆ
Publish Date: Tue, 22 Sep 2026 09:37 PM (IST)
Updated Date: Tue, 22 Sep 2026 09:39 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਸਕੂਲ ਪ੍ਰਸ਼ਾਸਕ ਇੰਜੀ. ਨਿਮਰਤਾ ਕੌਰ ਦੀ ਅਗਵਾਈ ਹੇਠ ਪੰਜਾਬੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਗੁਰਮੁਖੀ ਲਿਪੀ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਕਵਿਤਾ ਪਾਠ, ਪਾਠ-ਵਾਚਨ, ਸੁੰਦਰ ਲਿਖਾਈ, ਗੁਰਮੁਖੀ ਲਿਪੀ ਨਾਲ ਜਾਣ-ਪਛਾਣ ਸਮੇਤ ਕਈ ਰਚਨਾਤਮਕ ਤੇ ਗਿਆਨਵਰਧਕ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੇ ਅਮੀਰ ਵਿਰਸੇ, ਸਾਹਿਤਕ ਪਰੰਪਰਾ ਅਤੇ ਸੱਭਿਆਚਾਰਕ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ “ਪੰਜਾਬੀ ਸਾਡੀ ਮਾਂ-ਬੋਲੀ ਹੀ ਨਹੀਂ, ਸਗੋਂ ਸਾਡੀ ਪਹਿਚਾਣ, ਸੱਭਿਆਚਾਰ ਤੇ ਵਿਰਸੇ ਦੀ ਮਜ਼ਬੂਤ ਨਿਸ਼ਾਨੀ ਹੈ। ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨਾ ਤੇ ਇਸ ਦੇ ਸਤਿਕਾਰ ਤੇ ਪ੍ਰਸਾਰ ਲਈ ਪ੍ਰੇਰਿਤ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।” ਇਸ ਮੌਕੇ ਇੰਜੀਨੀਅਰ ਸਵਰਨ ਸਿੰਘ ਤੇ ਸਕੂਲ ਡਾਇਰੈਕਟਰ ਇੰਜੀ. ਹਰਨਿਆਮਤ ਕੌਰ ਨੇ ਵੀ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ।