ਪੰਜਾਬ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ’ਚ ਸੁਰੱਖਿਅਤ ਰਹੇਗਾ : ਆਹਲੀ ਪੰਜਾਬ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ’ਚ ਸੁਰੱਖਿਅਤ ਰਹੇਗਾ : ਆਹਲੀ
Publish Date: Mon, 28 Sep 2026 08:19 PM (IST)
Updated Date: Mon, 28 Sep 2026 08:21 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਇਤਿਹਾਸ ਵਿੱਚ ਪੰਜਾਬ ਦੇ ਹਿੱਤਾਂ, ਪੰਜਾਬੀ ਭਾਸ਼ਾ, ਸੂਬੇ ਦੇ ਅਧਿਕਾਰਾਂ, ਆਪਸੀ ਭਾਈਚਾਰਕ ਸਾਂਝ ਤੇ ਸਿੱਖ ਪੰਥ ਦੇ ਮਸਲਿਆਂ ਲਈ ਲੰਮਾ ਸੰਘਰਸ਼ ਕੀਤਾ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਆਗੂ ਕਰਨਜੀਤ ਸਿੰਘ ਆਹਲੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਤੇ ਆਪਸੀ ਭਾਈਚਾਰਕ ਸਾਂਝ ਨੂੰ ਪਹਿਲ ਦਿੱਤੀ ਹੈ। ਆਹਲੀ ਨੇ ਦਾਅਵਾ ਕੀਤਾ ਕਿ ਅਕਾਲੀ ਸਰਕਾਰ ਸਮੇਂ ਪੰਜਾਬ ਦਾ ਰਿਕਾਰਡ ਤੋੜ ਵਿਕਾਸ ਹੋਇਆ ਤੇ ਹਰ ਵਰਗ ਨੂੰ ਸਹੂਲਤਾਂ ਮਿਲੀਆਂ। ਅੱਜ ਸਮਾਂ ਮੰਗ ਕਰਦਾ ਹੈ ਕਿ ਪਾਰਟੀ ਨੂੰ ਜਥੇਬੰਦਕ ਤੌਰ ’ਤੇ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਸਿਰਤੋੜ ਯਤਨ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇਕ ਲੋਕ ਨਾਇਕ ਸਨ, ਜਿਨ੍ਹਾਂ ਨੇ ਸੂਬੇ ਦੇ ਸਰਬਪੱਖੀ ਵਿਕਾਸ ਤੇ ਭਾਈਚਾਰਕ ਸਾਂਝ ਲਈ ਵੱਡਾ ਯੋਗਦਾਨ ਪਾਇਆ। ਬਾਦਲ ਨੇ ਪੰਥਕ ਸਿਆਸਤ ਨੂੰ ਦਿਲ ਤੋਂ ਲਿਆ ਤੇ ਕਈ ਮਿਸਾਲੀ ਕਾਰਜ ਕੀਤੇ। ਉਨ੍ਹਾਂ ਵੱਲੋਂ ਪੰਜਾਬ ਦੇ ਵਿਕਾਸ ਦੇ ਨਾਲ-ਨਾਲ ਸਿੱਖ ਧਰਮ ਇਤਿਹਾਸ ਨਾਲ ਸਬੰਧਤ ਯਾਦਗਾਰਾਂ ਕਾਇਮ ਕਰਕੇ ਲੋਕਾਂ ਤੇ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਵਿਰਾਸਤ ਨਾਲ ਜੋੜਨ ਲਈ ਕੀਤੇ ਨਿੱਗਰ ਉਪਰਾਲੇ ਵੱਡੇ ਮਹੱਤਵ ਵਾਲੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੂਰਅੰਦੇਸ਼ੀ ਸੋਚ ਤਹਿਤ ਸੂਬੇ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਂਦਿਆਂ ਏਕਤਾ ਤੇ ਅਖੰਡਤਾ ਨੂੰ ਕਾਇਮ ਕੀਤਾ ਹੈ, ਜਿਸ ਦੀ ਬਦੌਲਤ ਅੱਜ ਸਮੁੱਚੇ ਹੀ ਵਰਗ ਇਕਜੁੱਟ ਹੋ ਕੇ ਰਹਿ ਰਹੇ ਹਨ। ਆਹਲੀ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਅੰਦਰੂਨੀ ਤੇ ਬਾਹਰੀ ਤਾਕਤਾਂ ਮਿਲ ਕੇ ਯਤਨਸ਼ੀਲ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਇਨ੍ਹਾਂ ਵਿਰੋਧੀ ਤਾਕਤਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਆਹਲੀ ਨੇ ਕਿਹਾ ਕਿ ਜੇਕਰ ਪੰਜਾਬ ਕਿਸੇ ਦੇ ਹੱਥਾਂ ਵਿਚ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਵਿਰੋਧੀ ਤਾਕਤਾਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸਰਪੰਚ ਸ਼ੇਖ ਮਾਂਗਾ ਗੁਰਮੇਜ ਸਿੰਘ, ਜਥੇਦਾਰ ਮਨਜੀਤ ਸਿੰਘ, ਬਖਸ਼ੀਸ਼ ਸਿੰਘ ਗੌਰਾ ਮੰਡ, ਸਰਪੰਚ ਜਗਤਾਰ ਸਿੰਘ, ਪੀਏ ਗੁਰਪਿਆਰ ਸਿੰਘ ਆਦਿ ਹਾਜ਼ਰ ਸਨ।