ਪੰਜਾਬ ਜਲ ਖੇਡਾਂ ’ਚ ਮੋਹਰੀ ਸੂਬਾ ਬਣ ਕੇ ਉਭਰੇਗਾ : ਸਪੀਕਰ ਸੰਧਵਾਂ ਪੰਜਾਬ ਜਲ ਖੇਡਾਂ ਦੇ ਖੇਤਰ ’ਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਮੋਹਰੀ ਸੂਬਾ ਬਣ ਕੇ ਉਭਰੇਗਾ: ਸਪੀਕਰ ਕੁਲਤਾਰ ਸਿੰਘ ਸੰਧਵਾਂ
Publish Date: Tue, 13 Oct 2026 09:31 PM (IST)
Updated Date: Tue, 13 Oct 2026 09:32 PM (IST)
ਸੰਤ ਸੀਚੇਵਾਲ ਦੇ ਪੰਜਾਬ ’ਚ ਕਿਆਕਿੰਗ ਤੇ ਕੈਨੋਇੰਗ ਨੂੰ ਉਤਸ਼ਾਹਿਤ ਕਰਨ ਦੇ ਉਪਰਾਲਿਆਂ ਦੀ ਕੀਤੀ ਸ਼ਲਾਘਾ ਸੁਲਤਾਨਪੁਰ ਲੋਧੀ ਵਿਖੇ ਜਲ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਜੇਤੂ ਖਿਡਾਰੀਆਂ ਦਾ ਕੀਤਾ ਸਨਮਾਨ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਜਲ ਖੇਡਾਂ, ਖ਼ਾਸ ਕਰਕੇ ਕਿਆਕਿੰਗ ਤੇ ਕੈਨੋਇੰਗ ਦੇ ਖੇਤਰ ਵਿੱਚ ਜਲਦੀ ਹੀ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮੋਹਰੀ ਸੂਬੇ ਵਜੋਂ ਉਭਰੇਗਾ। ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ ਵਿਖੇ ਕਰਵਾਈਆਂ ਗਈਆਂ ਜਲ ਖੇਡਾਂ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸਪੀਕਰ ਸੰਧਵਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਖੇਡਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਇਸ ਉਤਸ਼ਾਹਜਨਕ ਹੁੰਗਾਰੇ ਤੋਂ ਜਲ ਖੇਡਾਂ ਪ੍ਰਤੀ ਵਧ ਰਹੀ ਰੁਚੀ ਦਾ ਪਤਾ ਲੱਗਦਾ ਹੈ ਤੇ ਪੰਜਾਬ ਵਿੱਚ ਇਨ੍ਹਾਂ ਖੇਡਾਂ ਵਿੱਚ ਮੱਲਾਂ ਮਾਰਨ ਦੀ ਅਥਾਹ ਸੰਭਾਵਨਾ ਹੈ। ਸਪੀਕਰ ਨੇ ਜਲ ਖੇਡਾਂ ਕਰਵਾਉਣ ਦੀ ਪਹਿਲਕਦਮੀ ਕਰਨ ਤੇ ਪੰਜਾਬ ਵਿੱਚ ਇਨ੍ਹਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਯਤਨ ਕਰਨ ਵਾਸਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਆਕਿੰਗ ਤੇ ਕੈਨੋਇੰਗ ਨੂੰ ਵਿਕਸਤ ਕਰਨ ਦੀਆਂ ਅਥਾਹ ਸੰਭਾਵਨਾਵਾਂ ਹਨ। ਜੇਕਰ ਜ਼ਮੀਨੀ ਪੱਧਰ ’ਤੇ ਇਨ੍ਹਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉੱਭਰਦੇ ਖਿਡਾਰੀਆਂ ਨੂੰ ਢੁਕਵੇਂ ਮੌਕੇ ਮੁਹੱਈਆ ਕਰਵਾਏ ਜਾਣ ਤਾਂ ਪੰਜਾਬ ਜਲਦੀ ਹੀ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਜਲ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣ ਸਕਦਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਜਲ ਖੇਡਾਂ ਕਰਵਾਉਣ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਤੇ ਉੱਭਰ ਰਹੀ ਖੇਡ ਪ੍ਰਤਿਭਾ ਨੂੰ ਆਪਣੀ ਕਾਬਲੀਅਤ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਕਿਆਕਿੰਗ ਤੇ ਕੈਨੋਇੰਗ ਨੂੰ ਉਤਸ਼ਾਹਿਤ ਕਰਨ ਨਾਲ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਹੋਣਗੇ ਤੇ ਪੰਜਾਬ ਖੇਡਾਂ ਦੇ ਖੇਤਰ ਵਿੱਚ ਆਪਣੀ ਗੁਆਚੀ ਸ਼ਾਨ ਮੁੜ ਹਾਸਲ ਕਰ ਸਕੇਗਾ। ਉਨ੍ਹਾਂ ਪੇਂਡੂ ਖੇਤਰਾਂ ਵਿੱਚੋਂ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰਨ, ਉਨ੍ਹਾਂ ਨੂੰ ਤਰਾਸ਼ਣ ਤੇ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਅਜਿਹੇ ਹੋਰ ਖੇਡ ਸਮਾਗਮ ਕਰਵਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇਸ ਉਪਰੰਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਾਬਾ ਸ੍ਰੀ ਪ੍ਰਗਟ ਨਾਥ ਸਿੰਘ ਦੇ ਨਾਲ ਜਲ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਮਿਹਨਤ ਜਾਰੀ ਰੱਖਣ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਸੁਲਤਾਨਪੁਰ ਲੋਧੀ ਦੇ ਏਐੱਸਪੀ ਧੀਰੇਂਦਰ ਵਰਮਾ, ਐੱਸਡੀਐੱਮ ਜਸਜੀਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ, ਕੋਚ ਗੁਰਪ੍ਰੀਤ ਸਿੰਘ, ਸੁਨੀਤਾ ਦੇਵੀ, ਇੰਦਰਜੀਤ ਕੌਰ, ਅਮਰਜੀਤ ਕੌਰ, ਸੁਨੀਲ ਕੁਮਾਰ, ਜਸਵੀਰ ਸਿੰਘ, ਅਮਨਜੀਤ ਸਿੰਘ ਸੰਧੂ, ਰਾਜਨ ਮੱਟੂ, ਪ੍ਰਿਆ ਸੈਣੀ, ਸਿੱਖਿਆ ਵਿਭਾਗ ਤੋਂ ਲਖਵਿੰਦਰ ਸਿੰਘ ਤੇ ਅਮਨਦੀਪ ਸਿੰਘ ਖਹਿਰਾ ਸਮੇਤ ਖੇਡ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।