ਸਤਿਕਾਰ ਯੋਜਨਾ ਲਈ ਪੰਜਾਬ ਨੇ ਪਹਿਲਕਦਮੀ ਕੀਤੀ : ਹੇਨੰਤ ਮਾਵਾਂ-ਧੀਆਂ ਦੇ ਸਤਿਕਾਰ ਲਈ ਪੰਜਾਬ ਸੂਬੇ ਨੇ ਪੂਰੇ ਦੇਸ਼ ਵਿਚ ਪਹਿਲਕਦਮੀ ਕੀਤੀ : ਹੇਨੰਤ ਕੁਮਾਰ
Publish Date: Sat, 19 Sep 2026 07:04 PM (IST)
Updated Date: Sat, 19 Sep 2026 07:05 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਮਾਵਾਂ-ਧੀਆਂ ਸਤਿਕਾਰ ਯੋਜਨਾ ਪੰਜਾਬ ਸਰਕਾਰ ਦੀ ਔਰਤਾਂ ਤੇ ਧੀਆਂ ਦੇ ਸਨਮਾਨ ਤੇ ਭਲਾਈ ਲਈ ਇਕ ਅਹਿਮ ਪਹਿਲਕਦਮੀ ਹੈ। ਉਕਤ ਵਿਚਾਰ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਹੇਨੰਤ ਕੁਮਾਰ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਦੇ ਆਰਥਿਕ ਤੇ ਸਮਾਜਿਕ ਸ਼ਕਤੀਕਰਨ ਲਈ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕਰਕੇ ਦੇਸ਼ ਭਰ ਵਿੱਚ ਇੱਕ ਵੱਡੀ ਪਹਿਲਕਦਮੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 1 ਜੁਲਾਈ 2026 ਨੂੰ ਰਸਮੀ ਤੌਰ ’ਤੇ ਲਾਂਚ ਕੀਤੀ ਗਈ ਇਸ ਯੋਜਨਾ ਦਾ ਮੁੱਖ ਉਦੇਸ਼ ਸੂਬੇ ਦੀਆਂ ਔਰਤਾਂ ਨੂੰ ਵਿੱਤੀ ਤੌਰ ’ਤੇ ਆਤਮਨਿਰਭਰ ਬਣਾਉਣਾ ਤੇ ਉਨ੍ਹਾਂ ਦਾ ਮਾਣ-ਸਤਿਕਾਰ ਵਧਾਉਣਾ ਹੈ। ਹੇਨੰਤ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ, ਬਜ਼ੁਰਗਾਂ, ਨੌਜਵਾਨਾਂ ਤੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਵਾਂ ਤੇ ਧੀਆਂ ਕਿਸੇ ਵੀ ਸਮਾਜ ਦੀ ਮਜ਼ਬੂਤ ਨੀਂਹ ਹੁੰਦੀਆਂ ਹਨ ਤੇ ਉਨ੍ਹਾਂ ਦੇ ਸਨਮਾਨ ਤੇ ਸਸ਼ਕਤੀਕਰਨ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਵੱਲੋਂ ਵੀ ਹਲਕੇ ਦਾ ਵਿਕਾਸ ਸਿਰਫ਼ ਕਾਗਜ਼ਾਂ ਤੱਕ ਸੀਮਤ ਨਹੀਂ ਰੱਖਿਆ ਗਿਆ, ਸਗੋਂ ਜ਼ਮੀਨੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਵਿਰੋਧੀਆਂ ’ਤੇ ਤੰਜ਼ ਕੱਸਦਿਆਂ ਕਿਹਾ ਕਿ ਕੁਝ ਲੋਕਾਂ ਕੋਲ ਵਿਕਾਸ ਕਾਰਜਾਂ ਦਾ ਵਿਰੋਧ ਕਰਨ ਤੇ ਬਿਆਨਬਾਜ਼ੀ ਕਰਨ ਤੋਂ ਇਲਾਵਾ ਕੋਈ ਮੁੱਦਾ ਨਹੀਂ ਬਚਿਆ ਜਦਕਿ ਸਰਕਾਰ ਤੇ ਹਲਕਾ ਇੰਚਾਰਜ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਤੇ ਮੌਕੇ ਤੇ ਹੱਲ ਕਰਵਾ ਰਹੇ ਹਨ।