ਏਐੱਸਆਈ ਅਮਰਿੰਦਰ ਸਿੰਘ ਨੇ ਜਿੱਤਿਆ ਚਾਂਦੀ ਦਾ ਤਮਗਾ 58ਵੀਂ ਏਸ਼ੀਅਨ ਬਾਡੀਬਿਲਡਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਪੁਲਿਸ ਦੇ ਏਐੱਸਆਈ ਅਮਰਿੰਦਰ ਸਿੰਘ ਨੇ ਜਿੱਤਿਆ ਚਾਂਦੀ ਦਾ ਤਮਗਾ
Publish Date: Thu, 01 Oct 2026 08:50 PM (IST)
Updated Date: Thu, 01 Oct 2026 08:51 PM (IST)
--100 ਕਿਲੋਗ੍ਰਾਮ ਕੈਟਾਗਰੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ --58ਵੀਂ ਏਸ਼ੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ’ਚ ਪੰਜਾਬ ਪੁਲਿਸ ਦਾ ਨਾਂ ਚਮਕਾਇਆ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਕਰਵਾਈ ਗਈ 58ਵੀਂ ਏਸ਼ੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਪੁਲਿਸ ਦੇ ਏਐੱਸਆਈ ਅਮਰਿੰਦਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਕਿਲੋਗ੍ਰਾਮ ਕੈਟਾਗਰੀ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਅਮਰਿੰਦਰ ਸਿੰਘ ਸੈਂਟਰ ਸਪੋਰਟਸ, ਜਲੰਧਰ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪੰਜਾਬ ਪੁਲਿਸ ਦੇ ਨਾਲ-ਨਾਲ ਪੰਜਾਬ ਤੇ ਭਾਰਤ ਦਾ ਨਾਮ ਵੀ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਹੋਇਆ ਹੈ। ਬੈਂਕਾਕ ਵਿੱਚ ਕਰਵਾਈ ਗਈ ਇਸ ਵੱਕਾਰੀ ਚੈਂਪੀਅਨਸ਼ਿਪ ਵਿੱਚ ਕਰੀਬ 40 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਭਾਰਤ ਵੱਲੋਂ ਆਈਬੀਬੀਐੱਫ ਫੈੱਡਰੇਸ਼ਨ ਦੀ ਭਾਰਤੀ ਟੀਮ ਨੇ ਮੁਕਾਬਲੇ ਵਿੱਚ ਹਿੱਸਾ ਲਿਆ, ਜਿਸ ਵਿੱਚ ਭਾਰਤ ਦੇ ਕਰੀਬ 25 ਖਿਡਾਰੀਆਂ ਨੇ ਵੱਖ-ਵੱਖ ਕੈਟਾਗਰੀਆਂ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਪੰਜਾਬ ਤੋਂ ਵੀ ਚਾਰ ਖਿਡਾਰੀਆਂ ਦੀ ਭਾਰਤੀ ਟੀਮ ਲਈ ਚੋਣ ਹੋਈ ਸੀ। ਭਾਰਤੀ ਟੀਮ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਪੁਲਿਸ ਦੇ ਏਐੱਸਆਈ ਅਮਰਿੰਦਰ ਸਿੰਘ ਨੇ 100 ਕਿਲੋਗ੍ਰਾਮ ਵਰਗ ਵਿੱਚ ਦਮਦਾਰ ਪ੍ਰਦਰਸ਼ਨ ਕੀਤਾ ਤੇ ਦੂਜਾ ਸਥਾਨ ਹਾਸਲ ਕਰਦਿਆਂ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ। ਅੰਤਰਰਾਸ਼ਟਰੀ ਪੱਧਰ ਦੇ ਇਸ ਮੁਕਾਬਲੇ ਵਿੱਚ ਤਮਗਾ ਹਾਸਲ ਕਰਨਾ ਅਮਰਿੰਦਰ ਸਿੰਘ ਦੇ ਖੇਡ ਕਰੀਅਰ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਹੈ । ਏਐੱਸਆਈ ਅਮਰਿੰਦਰ ਸਿੰਘ ਪੰਜਾਬ ਪੁਲਿਸ ਵਿੱਚ ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਬਾਡੀ ਬਿਲਡਿੰਗ ਦੇ ਖੇਤਰ ਵਿੱਚ ਵੀ ਲਗਾਤਾਰ ਮਿਹਨਤ ਕਰ ਰਹੇ ਹਨ। ਸੈਂਟਰ ਸਪੋਰਟਸ ਜਲੰਧਰ ਨਾਲ ਜੁੜੇ ਅਮਰਿੰਦਰ ਸਿੰਘ ਨੇ ਖੇਡ ਪ੍ਰਤੀ ਆਪਣੀ ਲਗਨ, ਸਮਰਪਣ ਤੇ ਸਖ਼ਤ ਮਿਹਨਤ ਦੇ ਬਲਬੂਤੇ ਅੰਤਰਰਾਸ਼ਟਰੀ ਮੰਚ ’ਤੇ ਇਹ ਉਪਲਬਧੀ ਹਾਸਲ ਕੀਤੀ ਹੈ।