ਪੰਜਾਬ ਨੰਬਰਦਾਰ ਯੂਨੀਅਨ ਸੁਲਤਾਨਪੁਰ ਲੋਧੀ ਨੇ ਕੀਤੀ ਮੀਟਿੰਗ
ਪੰਜਾਬ ਨੰਬਰਦਾਰ ਯੂਨੀਅਨ ਸੁਲਤਾਨਪੁਰ ਲੋਧੀ ਦੀ ਬੇਰ ਸਾਹਿਬ ਵਿਖੇ ਵਿਸ਼ਾਲ ਮੀਟਿੰਗ ਆਯੋਜਿਤ
Publish Date: Sat, 04 Apr 2026 09:52 PM (IST)
Updated Date: Sat, 04 Apr 2026 09:55 PM (IST)

--ਜਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਤੇ ਹੋਰ ਆਗੂ ਸਾਹਿਬਾਨ ਨੇ ਕੀਤਾ ਸੰਬੋਧਨ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨੰਬਰਦਾਰ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਦੀ ਮੀਟਿੰਗ ਬਲਾਕ ਪ੍ਰਧਾਨ ਨੰਬਰਦਾਰ ਰਣਜੀਤ ਸਿੰਘ ਬਿਧੀਪੁਰ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਈ। ਮੀਟਿੰਗ ਵਿਚ ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਵੰਤ ਸਿੰਘ ਕੰਗ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਘੁੰਮਣ, ਸਕੱਤਰ ਬਲਕਰਨ ਕੁਮਾਰ ਮਲਹੋਤਰਾ ਤੇ ਫਗਵਾੜਾ ਦੇ ਆਗੂ ਨੰਬਰਦਾਰ ਸਰਬਜੀਤ ਸਿੰਘ ਚਾਨਾ ਪਿੰਡ ਬਰਨ ਉਚੇਚੇ ਤੌਰ ’ਤੇ ਸ਼ਾਮਲ ਹੋਏ ਤੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੇ ਨੰਬਰਦਾਰਾਂ ਨਾਲ ਜੋ ਵਾਅਦੇ ਵੋਟਾਂ ਤੋਂ ਪਹਿਲਾਂ ਕੀਤੇ ਸਨ, ਉਹ ਪੂਰੇ ਨਹੀ ਕੀਤੇ ਗਏ, ਜਿਸ ਕਾਰਨ ਸਮੂਹ ਨੰਬਰਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ 2022 ਵਿਚ ਨੰਬਰਦਾਰਾਂ ਦੇ ਮਾਣ ਭੱਤੇ ਵਿਚ ਵਾਧਾ ਕਰਨ ਤੇ ਹੋਰ ਜੋ ਵਾਅਦੇ ਗਾਰੰਟੀਆਂ ਦੇ ਰੂਪ ਵਿਚ ਕੀਤੇ ਸਨ, ਉਨ੍ਹਾਂ ਤੋਂ ਸਰਕਾਰ ਮੁੱਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੰਬਰਦਾਰਾਂ ਦੀਆਂ ਮੰਗਾਂ ਬਾਰੇ ਸੂਬਾ ਸਰਕਾਰ ਨੇ ਕੋਈ ਧਿਆਨ ਨਹੀ ਦਿੱਤਾ, ਜਿਸ ਕਾਰਨ ਸੂਬੇ ਦੇ ਨੰਬਰਦਾਰ ਸਰਕਾਰ ਦੇ ਰਵੱਈਏ ਤੋਂ ਦੁਖੀ ਹਨ। ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਕੰਗ ਤੇ ਹੋਰ ਆਗੂਆਂ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਘੁੰਮਣ ਤੇ ਸੀਨੀਅਰ ਯੂਨੀਅਨ ਆਗੂ ਸਰਬਜੀਤ ਸਿੰਘ ਚਾਨਾ ਫਗਵਾੜਾ ਤੇ ਹੋਰ ਆਗੂਆਂ ਡੀਸੀ ਕਪੂਰਥਲਾ ਤੋਂ ਮੰਗ ਕੀਤੀ ਕਿ ਪਿੰਡਾਂ ਦੀਆਂ ਮਾਲ ਵਿਭਾਗ ਦੀਆਂ ਸਾਰੀਆਂ ਤਸਦੀਕਾਂ ਸਿਰਫ਼ ਨੰਬਰਦਾਰਾਂ ਤੋਂ ਕਰਵਾਈਆਂ ਜਾਣ ਤਾਂ ਜੋ ਜਾਇਦਾਦ ਵਿਚ ਹੋਣ ਵਾਲੀਆਂ ਹੇਰਾ-ਫੇਰੀਆਂ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਦਾ ਮਾਣ ਭੱਤਾ ਘੱਟੋ-ਘੱਟ 5 ਹਜ਼ਾਰ ਰੁਪਏ ਮਹੀਨਾ ਕੀਤਾ ਜਾਵੇ, ਕਿਉਂਕਿ 1,500 ਰੁਪਏ ਦੀ ਰਾਸ਼ੀ ਬਹੁਤ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵਿਚ ਵੀ ਨੰਬਰਦਾਰਾਂ ਨੂੰ 3 ਹਜ਼ਾਰ ਰੁਪਏ ਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜਿਸ ਨੂੰ ਦੇਖਦੇ ਹੋਏ ਨੰਬਰਦਾਰਾਂ ਦਾ ਮਾਣ-ਭੱਤਾ ਤੁਰੰਤ 5 ਹਜ਼ਾਰ ਰੁਪਏ ਕੀਤਾ ਜਾਵੇ। ਨੰਬਰਦਾਰਾਂ ਦੀ ਮੌਤ ਤੋਂ ਬਾਅਦ ਨਵਾਂ ਨੰਬਰਦਾਰ ਸਿਰਫ਼ ਉਸ ਦੇ ਬੇਟੇ ਜਾਂ ਉਸ ਦੇ ਪਰਿਵਾਰ ਵਿੱਚੋਂ ਬਣਾਇਆ ਜਾਵੇ ਤੇ ਨੰਬਰਦਾਰੀ ਨੂੰ ਜੱਦੀ-ਪੁਸ਼ਤੀ (ਪਿਤਾ ਪੁਰਖੀ) ਕੀਤਾ ਜਾਵੇ ਤੇ ਤਹਿਸੀਲ ਸੁਲਤਾਨਪੁਰ ਲੋਧੀ ਦੀ ਨਵੀ ਬਣ ਰਹੀ ਇਮਾਰਤ ਵਿਚ ਨੰਬਰਦਾਰਾਂ ਦੇ ਬੈਠਣ ਲਈ ਤੇ ਮੀਟਿੰਗ ਲਈ ਹਾਲ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਨੰਬਰਦਾਰ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਸੰਘਰਸ਼ ਕਰਨਾ ਪਵੇਗਾ। ਇਸ ਸਮੇਂ ਨੰਬਰਦਾਰ ਯੂਨੀਅਨ ਵੱਲੋਂ ਨੰਬਰਦਾਰ ਹਰਵੰਤ ਸਿੰਘ ਵੜੈਚ ਅੱਲਾ ਦਿੱਤਾ (ਮੋਠਾਂਵਾਲ) ਨੂੰ ਯੂਨੀਅਨ ਦਾ ਜ਼ਿਲ੍ਹਾ ਕਾਰਜਕਾਰਨੀ ਕਮੇਟੀ ਦਾ ਮੈਂਬਰ ਬਣਾਇਆ ਗਿਆ। ਮੀਟਿੰਗ ਵਿਚ ਨੰਬਰਦਾਰ ਯੂਨੀਅਨ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਗਿੱਲ, ਖਜ਼ਾਨਚੀ ਮਨਜੀਤ ਸਿੰਘ ਜੰਮੂ ਪੱਕੇ ਕੋਠੇ, ਜਨਰਲ ਸੈਕਟਰੀ ਪਰਮਜੀਤ ਸਿੰਘ ਮੁੱਲਾਂ ਕਾਲਾ, ਕਰਨੈਲ ਸਿੰਘ ਨੰਬਰਦਾਰ ਜੱਬੋਵਾਲ, ਮਲਕੀਤ ਸਿੰਘ ਨੰਬਰਦਾਰ ਗਾਜੀਪੁਰ, ਹਰਭਜਨ ਸਿੰਘ ਨੰਬਰਦਾਰ ਪੱਤੀ ਸਬਦਲਪੁਰ, ਹਰਵੰਤ ਸਿੰਘ ਵੜੈਚ ਅੱਲਾ ਦਿੱਤਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਮੋਖੇ, ਗੁਰਦੇਵ ਸਿੰਘ ਨੰਬਰਦਾਰ ਮਿਆਣੀ ਬਹਾਦਰ, ਪ੍ਰੈੱਸ ਸੈਕਟਰੀ ਸੁਰਿੰਦਰਪਾਲ ਸਿੰਘ ਨੰਬਰਦਾਰ ਹੈਬਤਪੁਰ, ਮਨਜੀਤ ਸਿੰਘ ਜੰਮੂ ਅਮਰਜੀਤਪੁਰ, ਮਲਕੀਤ ਸਿੰਘ ਡਡਵਿੰਡੀ, ਸ਼ਿੰਗਾਰਾ ਸਿੰਘ ਮਿਆਣੀ ਬਹਾਦਰ, ਬਖਸ਼ੀਸ਼ ਸਿੰਘ ਜੱਬੋਵਾਲ, ਨਰਿੰਦਰ ਸਿੰਘ ਠੱਟਾ ਨਵਾਂ, ਜਸਬੀਰ ਸਿੰਘ ਤੇ ਸੀਤਲ ਸਿੰਘ ਦੋਵੇ ਨੰਬਰਦਾਰ ਆਗੂ ਢਿੱਲਵਾਂ ਆਦਿ ਨੇ ਸ਼ਿਰਕਤ ਕੀਤੀ।