
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਦੇ ਮਿਨਿਸਟੀਰੀਅਲ ਕਾਮੇ 27 ਅਗਸਤ ਦੇ ਪੰਜਾਬ ਮਹਾਂਬੰਦ ਦੌਰਾਨ ਸਮੂਹਿਕ ਛੁੱਟੀ ਲੈ ਕੇ ਦਫਤਰ ਬੰਦ ਕਰਨਗੇ

25 ਨੂੰ ਜ਼ਿਲ੍ਹਾ ਪੱਧਰ ’ਤੇ ਕੇਜਰੀਵਾਲ, ਭਗਵੰਤ ਮਾਨ ਤੇ ਕਾਕਰੋਚ ਪਾਰਟੀ ਦੇ ਪੁਤਲੇ ਫੂਕੇ ਜਾਣਗੇ
ਮਹਾਂਬੰਦ ਦੌਰਾਨ ਜਿਹੜੇ ਉੱਚ ਅਧਿਕਾਰੀ ਆਉਣਗੇ, ਉਨ੍ਹਾਂ ’ਤੇ ਰੰਗ ਸੁੱਟਿਆ ਜਾਵੇਗਾ
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ
ਭੁਲੱਥ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਪੱਧਰੀ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਤੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਹਾਜ਼ਰ ਸੂਬਾ ਲੀਡਰਸ਼ਿਪ ਵਿਭਾਗੀ ਜਥੇਬੰਦੀਆਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਸਾਹਿਬਾਨ ਤੋਂ ਇਲਾਵਾ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਮਿਤੀ 17 ਅਗਸਤ ਤੋਂ ਸ਼ੁਰੂ ਕੀਤੀ ਗਈ ਕਲਮ ਛੋੜ ਹੜਤਾਲ ਤੇ ਕੰਪਿਊਟਰ ਬੰਦ ਹੜਤਾਲ ਨੂੰ ਰਿਵਿਊ ਕੀਤਾ ਗਿਆ ਤੇ ਅਗਲੀ ਵਿਉਂਤਬੰਦੀ ਲਈ ਵਿਚਾਰ ਲਏ ਗਏ। ਸਮੁੱਚੀ ਲੀਡਰਸ਼ਿਪ ਨੇ ਪਿਛਲੇ ਹਫਤੇ ਤੋਂ ਲਗਾਤਾਰ ਚੱਲ ਰਹੀ ਕਲਮ ਛੋੜ ਹੜਤਾਲ ਤੇ ਕੰਪਿਊਟਰ ਬੰਦ ਹੜਤਾਲ ਨੂੰ ਮੁਕੰਮਲ ਕਾਮਯਾਬ ਦੱਸਿਆ ਤੇ ਇਹ ਵੀ ਦੱਸਿਆ ਕਿ ਮੁਲਾਜ਼ਮਾਂ ਵਿੱਚ ਇਸ ਸਮੇਂ ਭਗਵੰਤ ਮਾਨ ਸਰਕਾਰ ਵਿਰੁੱਧ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਉਹ ਗੁੱਸੇ ਨਾਲ ਭਰੇ ਪੀਤੇ ਬੈਠੇ ਹਨ ਤੇ ਇਸ ਸਰਕਾਰ ਨੂੰ 2027 ਵਿੱਚ ਚਲਦਾ ਕਰ ਦੇਣ ਲਈ ਉਤਾਵਲੇ ਹਨ।
ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਕਰੋਚ ਪਾਰਟੀ ਦੇ ਸੌਰਭ ਦਾਸ ਵੱਲੋਂ ਡੀਏ ਸਬੰਧੀ ਦਿੱਤੇ ਗਏ ਫੈਸਲੇ ’ਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਕਾਰਜਪ੍ਰਣਾਲੀ ’ਤੇ ਜੋ ਸਵਾਲ ਉਠਾਏ ਗਏ ਹਨ ਤੇ ਉਸ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੱਲੋਂ ਟੈਗ ਕੀਤਾ ਗਿਆ ਹੈ। ਅਸੀਂ ਇਸ ਦੀ ਪੁਰਜ਼ੋਰ ਸ਼ਬਦਾਂ ਨਾਲ ਨਿੰਦਾ ਕਰਦੇ ਹਾਂ। ਪੰਜਾਬੀਆਂ ਵਾਸੀਆਂ ਵੱਲੋਂ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਦੋਵੇਂ ਪਾਰਟੀਆਂ ਮਾਨਯੋਗ ਉੱਚ ਅਦਾਲਤ ਦੇ ਮੁਲਾਜ਼ਮ ਹੱਕਾਂ ਸਬੰਧੀ ਕੀਤੇ ਸਹੀ ਹੁਕਮਾਂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀਆਂ ਹਨ। ਇਸ ਕਾਰਨ ਮਾਨਯੋਗ ਉੱਚ ਅਦਾਲਤ ਦੀ ਛਵੀ ਖਰਾਬ ਕਰਨ ’ਤੇ ਤੁਲੇ ਹੋਏ ਹਨ। ਅਸੀਂ ਮਾਨਯੋਗ ਉੱਚ ਅਦਾਲਤ ਨੂੰ ਅਪੀਲ ਕਰਦੇ ਹਾਂ ਕਿ ਉਹ ਸੁਓ-ਮੋਟੋ ਨੋਟਿਸ ਲੈ ਕੇ ਇਨ੍ਹਾਂ ਖਿਲਾਫ ਅਦਾਲਤ ਦੀ ਮਾਨਹਾਨੀ ਦਾ ਗੰਭੀਰ ਨੋਟਿਸ ਲਵੇ।
ਇਸ ਸਬੰਧੀ ਪ੍ਰੈਸ ਨੋਟ ਰਾਹੀਂ ਗੁਰਪ੍ਰੀਤ ਸਿੰਘ ਖਟੜਾ ਸੂਬਾ ਪ੍ਰੈੱਸ ਸਕੱਤਰ ਤੇ ਪ੍ਰਧਾਨ ਸਿੱਖਿਆ ਵਿਭਾਗ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ 17 ਅਗਸਤ ਤੋਂ ਚੱਲ ਰਹੀ ਕਲਮ ਛੋੜ ਤੇ ਕੰਪਿਊਟਰ ਬੰਦ ਹੜਤਾਲ ਨੂੰ ਮੁਲਾਜ਼ਮਾਂ ਦਾ ਭਰਵਾਂ ਹੁੰਗਾਰਾ ਮਿਲਣ ਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ’ਤੇ ਲਗਾਤਾਰ ਚੁੱਪੀ ਧਾਰੀ ਹੋਣ ਕਾਰਨ ਇਸ ਕਲਮ ਛੋੜ ਹੜਤਾਲ ਨੂੰ ਮਿਤੀ 26 ਅਗਸਤ, 2026 ਤੱਕ ਵਧਾਇਆ ਜਾਂਦਾ ਹੈ। ਇਸ ਕਲਮ ਛੋੜ ਤੇ ਕੰਪਿਊਟਰ ਬੰਦ ਹੜਤਾਲ ਦੌਰਾਨ 24 ਅਗਸਤ ਨੂੰ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਜਾ ਕੇ 27 ਅਗਸਤ, 2026 ਦੇ ‘ਪੰਜਾਬ ਮਹਾਬੰਦ’ ਦੇ ਐਕਸ਼ਨ ਨੂੰ ਕਾਮਯਾਬ ਕਰਨ ਲਈ ਸਾਥੀਆਂ ਨੂੰ ਮੋਟੀਵੇਟ ਕੀਤਾ ਜਾਵੇਗਾ। ਮਿਤੀ 25 ਅਗਸਤ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਮੁਲਾਜ਼ਮ ਵਿਰੋਧੀ ਚਿਹਰੇ ਆਪ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਕਾਕਰੋਚ ਪਾਰਟੀ ਦੇ ਸੌਰਵ ਦਾਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਰੋਸ ਰੈਲੀ ਕਰਨ ਉਪਰੰਤ ਰੋਸ ਮਾਰਚ ਕੀਤਾ ਜਾਵੇਗਾ ਤੇ ਇਨ੍ਹਾਂ ਦੇ ਪੁਤਲੇ ਫੂਕੇ ਜਾਣਗੇ। ਮਿਤੀ 26 ਅਗਸਤ ਨੂੰ ਕਲਮ ਛੋੜ ਹੜਤਾਲ ਕਰਕੇ ਦਫਤਰਾਂ ਦੇ ਕੰਮ ਦਾ ਬਾਈਕਾਟ ਕੀਤਾ ਜਾਵੇਗਾ ਤੇ ਆਪਣੀਆਂ ਸੀਟਾਂ ਛੱਡ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਪਿਛਲੇ ਦਿਨੀਂ ਸਰਕਾਰ ਵੱਲੋਂ ਜੋ ਮੁਲਾਜ਼ਮਾਂ ਦੀਆਂ ਤਨਖਾਹਾਂ ਸਬੰਧੀ ਝੂਠਾ ਭਰਮ-ਭੁਲੇਖਾ ਆਪਣੇ ਸੋਸ਼ਲ ਮੀਡੀਆ ਵਿੰਗ ਰਾਹੀਂ ਫੈਲਾਇਆ ਗਿਆ ਹੈ। ਉਸ ਦੇ ਜਵਾਬ ਵਿੱਚ ਸੱਚ ਨੂੰ ਦਰਸਾਉਂਦੇ ਪੈਂਫਲਟ ਤੇ ਪੋਸਟਰ ਤਿਆਰ ਕਰਕੇ ਦਫਤਰਾਂ ਤੇ ਸ਼ਹਿਰਾਂ ਦੀਆਂ ਜਨਤਕ ਥਾਵਾਂ ’ਤੇ ਲਗਾਏ ਜਾਣਗੇ। ਇਸ ਤੋਂ ਇਲਾਵਾ ਹੋਰਡਿੰਗ ਵੀ ਲਗਾਏ ਜਾਣਗੇ। ਸੋਸ਼ਲ ਮੀਡੀਆ ਨੂੰ ਹੋਰ ਸਰਗਰਮ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਹ ਐਕਸ਼ਨ ਮਿਤੀ 27 ਅਗਸਤ, 2026 ਦੇ ਪੰਜਾਬ ਮਹਾਂਬੰਦ ਨੂੰ ਮੁਕੰਮਲ ਕਾਮਯਾਬ ਕਰਨ ਲਈ ਹਨ। ਇਸ ਲਈ 27 ਅਗਸਤ ਨੂੰ ਸਮੁੱਚੇ ਪੰਜਾਬ ਦੇ ਸਰਕਾਰੀ/ਅਰਧ ਸਰਕਾਰੀ ਦਫਤਰਾਂ ਵਿੱਚ ਕੰਮ ਕਰਦੇ ਦਫਤਰੀ ਕਾਮੇ ਤੇ ਇਨ੍ਹਾਂ ਨਾਲ ਜੁੜੇ ਭਰਾਤਰੀ ਜਥੇਬੰਦੀਆਂ ਦੇ ਕਾਮੇ ਸਮੂਹਿਕ ਛੁੱਟੀ ਲੈ ਕੇ ਦਫਤਰਾਂ ਨੂੰ ਕੁੰਡੇ ਲਾ ਕੇ ਬੰਦ ਰੱਖਣਗੇ। ਇਸ ਸਬੰਧੀ ਇਹ ਵੀ ਦੱਸਿਆ ਗਿਆ ਹੈ ਕਿ ਕਲਾਸ ਫੋਰ ਤੋਂ ਲੈ ਕੇ ਡਰਾਈਵਰਾਂ ਸਮੇਤ ਕਲਾਸ ਵਨ ਤੱਕ ਕਰਮਚਾਰੀਆਂ/ਅਧਿਕਾਰੀਆਂ ਦੀਆਂ ਜਥੇਬੰਦੀਆਂ ਨੇ ਵੀ ਪੰਜਾਬ ਮਹਾਂਬੰਦ ਨੂੰ ਆਪਣੀ ਸਹਿਮਤੀ ਦਿੱਤੀ ਹੈ, ਕੁਝ ਨੇ ਸ਼ਮੂਲੀਅਤ ਕਰਨ ਤੇ ਸਮਰਥਨ ਕਰਨ ਦਾ ਵੀ ਭਰੋਸਾ ਦਿਵਾਇਆ ਹੈ ਪ੍ਰੰਤੂ ਦਫਤਰੀ ਕਾਮਿਆਂ ਵੱਲੋਂ ਇਸ ਪੰਜਾਬ ਮਹਾਂਬੰਦ ਦੌਰਾਨ ਕਿਸੇ ਵੀ ਦਫਤਰ ਵਿੱਚ ਕਿਸੇ ਵੀ ਕਰਮਚਾਰੀ/ਅਧਿਕਾਰੀ ਜਾਂ ਆਮ ਜਨਤਾ ਨੂੰ ਪ੍ਰਵੇਸ਼ ਨਾ ਕਰਨ ਸਬੰਧੀ ਪਹਿਲਾਂ ਅਪੀਲ ਕੀਤੀ ਜਾਵੇਗੀ ਤੇ ਉਨ੍ਹਾਂ ਦਾ ਦਾਖਲਾ ਸਤਿਕਾਰ ਸਹਿਤ ਰੋਕਿਆ ਜਾਵੇਗਾ। ਜੇਕਰ ਫਿਰ ਵੀ ਕੋਈ ਮੁਲਾਜ਼ਮ ਵਿਰੋਧੀ ਕਰਮਚਾਰੀ ਜਾਂ ਅਧਿਕਾਰੀ ਜਬਰਦਸਤੀ ਦਾਖਲ ਹੋ ਜਾਵੇਗਾ ਤਾਂ ਉਸ ਨੂੰ ਹੋਲੀ ਵਾਲੇ ਰੰਗਦਾਰ ਗੁਲਾਲ ਲਾ ਕੇ 'ਰੰਗਦਾਰ ਗਧੇ' ਦਾ ਸਨਮਾਨ ਦਿੱਤਾ ਜਾਵੇਗਾ। ਅਖੀਰ ਵਿੱਚ ਜਥੇਬੰਦੀ ਨੇ ਪੁਲਿਸ ਪ੍ਰਸ਼ਾਸਨ ਦੇ ਉਨ੍ਹਾਂ ਚੁਣਿੰਦਾ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਅਗਾਹਾ ਕੀਤਾ ਹੈ ਕਿ ਉਹ ਸਰਕਾਰਾਂ ਪਿੱਛੇ ਲੱਗ ਕੇ ਆਪਣੇ ਮੁਲਾਜ਼ਮ ਭਰਾਵਾਂ ’ਤੇ ਜੁਲਮ ਢਾਹੁਣਾ ਬੰਦ ਕਰਨ।