ਮੁਲਾਜ਼ਮਾਂ ਦੇ ਸੰਘਰਸ਼ ਤੋਂ ਘਬਰਾਈ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਸੰਘਰਸ਼ ਤੋਂ ਘਬਰਾਈ ਪੰਜਾਬ ਸਰਕਾਰ ਵਲੋਂ ਸੁਖਚੈਨ ਖੈਹਰਾ ਦੀ ਬਦਲੀ ਨਿੰਦਣਯੋਗ : ਮੱਖਣ ਵਹਿਦਪੁਰੀ, ਸੰਜੀਵ ਕੌਂਡਲ
Publish Date: Wed, 02 Sep 2026 12:03 AM (IST)
Updated Date: Wed, 02 Sep 2026 12:04 AM (IST)
ਜਥੇਬੰਦੀ ਵਲੋਂ 9 ਸਤੰਬਰ ਮੰਤਰੀ ਹਰਦੀਪ ਮੁੰਡੀਆਂ ਦੇ ਹਲਕੇ ਵਿੱਚ ਕੀਤਾ ਜਾਵੇਗਾ ਰੋਸ ਮਾਰਚ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਸੂਬਾ ਜਰਨਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ ਤੇ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਦੀ ਅਗਵਾਈ ਹੇਠ ਜਥੇਬੰਦੀ ਦੇ ਆਗੂਆਂ ਦੀ ਇਕੱਤਰਤਾ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਮੋਰਚਾ ਦੇ ਮੁੱਖ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਨੂੰ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਦੇ ਸੰਘਰਸ਼ ਤੋਂ ਘਬਰਾਹਟ ਦੱਸਦਿਆਂ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਮੱਖਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਏਕਤਾ ਤੇ ਵਿਢੇ ਸੰਘਰਸ਼ ਕਾਰਨ ਬੌਖਲਾਹਟ ਵਿਚ ਹੈ ਤੇ ਆਗੂਆਂ ਦੀਆਂ ਬਦਲੀਆਂ ਵੀ ਇਸੇ ਦਾ ਨਤੀਜਾ ਹੈ। ਸਰਕਾਰ ਸੋਚਦੀ ਹੈ ਕਿ ਮੁਲਾਜ਼ਮਾਂ ਦੇ ਸੰਘਰਸ਼ ਨੂੰ ਸ਼ਾਇਦ ਇਸ ਤਰ੍ਹਾਂ ਠੰਢਾ ਕੀਤਾ ਜਾ ਸਕੇਗਾ ਪਰ ਇਹ ਬਦਲੀ ਕਰਨ ਨਾਲ ਪੰਜਾਬ ਸਰਕਾਰ ਵੱਲੋਂ ਬਲਦੀ ’ਤੇ ਅੱਗ ਪਾਉਣ ਵਾਲਾ ਕੰਮ ਕੀਤਾ ਗਿਆ ਹੈ ਤੇ ਹੁਣ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਮੋਰਚਾ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਹਵਾ ਮਿਲ ਗਈ ਹੈ। ਯੂਨੀਅਨ ਦੇ ਸੂਬਾ ਜਰਨਲ ਸਕੱਤਰ ਤੇ ਮੀਤ ਪ੍ਰਧਾਨ ਬਲਰਾਜ ਮੋੜ ਵੱਲੋਂ ਦੱਸਿਆ ਗਿਆ ਕਿ ਯੂਨੀਅਨ ਵੱਲੋਂ ਅਪਣੀਆ ਮੰਗਾਂ ਨੂੰ ਪੂਰਾ ਕਰਨ ਲਈ 9 ਸਤੰਬਰ ਨੂੰ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦੇ ਹਲਕੇ ਵਿਚ ਪੰਜਾਬ ਪੱਧਰ ਦਾ ਰੋਸ ਪ੍ਰਦਰਸ਼ਨ ਰੱਖਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਯੂਨੀਅਨ ਦੀਆਂ ਜਾਇਜ਼ ਮੁੱਖ ਮੰਗਾਂ ਸਰਕਾਰ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ ਵਿੱਚ ਮਹਿਕਮੇ ਵਿੱਚ ਰੈਗੂਲਰ ਭਰਤੀ ਕੀਤੀ ਜਾਵੇ, ਇਨਲਿਸਟਮੈਂਟ ਵਾਲੇ ਆਉਟਸੋਰਸਿੰਗ ਕਾਮੇ ਤੇ ਮਸਟਰੋਲ ਵਾਲੇ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਮਿਆਂ ਨੂੰ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, 20:30:50 ਪਲੇਸਮੈਂਟ ਤੇ ਦੋ ਇਨਕਰੀਮੈਂਟ ਦਾ ਲਾਭ ਦਿੱਤਾ ਜਾਵੇ ਤੇ ਡਿਪਲੋਮਾ ਪਾਸ ਮੁਲਾਜ਼ਮਾਂ ਨੂੰ ਪ੍ਰਮੋਟ ਕੀਤਾ ਜਾਵੇ। ਯੂਨੀਅਨ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਯੂਨੀਅਨ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਯੂਨੀਅਨ ਦੇ ਵੱਖ ਵੱਖ ਆਗੂ ਹਾਜ਼ਰ ਸਨ।