ਪੰਜਾਬ ਸਰਕਾਰ ਮੁਲਾਜ਼ਮਾਂ ਦਾ ਬਕਾਇਆ ਡੀਏ ਜਾਰੀ ਕਰੇ : ਮਾਨ/ ਕੋਹਲੀ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਬਕਾਇਆ ਡੀਏ ਜਾਰੀ ਕਰੇ : ਮਾਨ/ ਕੋਹਲੀ
Publish Date: Sat, 31 Oct 2026 06:27 PM (IST)
Updated Date: Sat, 31 Oct 2026 06:28 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਅਧਿਆਪਕ ਦਲ ਤੇ ਮਾਸਟਰ ਕੇਡਰ ਯੂਨੀਅਨ ਦੇ ਆਗੂ ਭਜਨ ਸਿੰਘ ਮਾਨ ਤੇ ਮਾਸਟਰ ਕੇਡਰ ਦੇ ਪ੍ਰਧਾਨ ਨਰੇਸ਼ ਕੋਹਲੀ ਦੀ ਅਗਵਾਈ ਹੇਠ ਅਧਿਆਪਕ ਜਥੇਬੰਦੀਆਂ ਨਾਲ ਜ਼ਰੂਰੀ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਜਨ ਸਿੰਘ ਮਾਨ ਤੇ ਮਾਸਟਰ ਨਰੇਸ਼ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਮੁਲਾਜ਼ਮਾਂ ਦਾ ਡੀਏ ਜਾਰੀ ਕਰੇ ਤੇ ਮੁਲਾਜ਼ਮਾਂ ਨੂੰ ਦਿਵਾਲੀ ਦਾ ਤੋਹਫਾ ਡੀਏ ਦੇ ਰੂਪ ਵਿੱਚ ਦੇਵੇ ਕਿਉਂਕਿ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਤਿੰਨ ਪ੍ਰਤੀਸ਼ਤ ਦਿਵਾਲੀ ਦਾ ਤੋਹਫਾ ਦੇ ਦਿੱਤਾ ਹੈ। ਭਜਨ ਸਿੰਘ ਮਾਨ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ 253 ਅਧਿਆਪਕਾਂ ਨੂੰ ਟਰਮੀਨੇਟ ਕਰਨ ਦਾ ਫਰਮਾਨ ਬਹੁਤ ਮੰਦਭਾਗਾ ਹੈ। ਪੰਜਾਬ ਸਰਕਾਰ ਇਸ ਪੱਤਰ ਨੂੰ ਤੁਰੰਤ ਰੱਦ ਕਰੇ ਨਹੀਂ ਤਾਂ ਅਧਿਆਪਕ ਜਥੇਬੰਦੀਆਂ ਪੂਰੇ ਪੰਜਾਬ ਵਿੱਚ ਸੰਘਰਸ਼ ਕਰਨਗੀਆਂ। ਮਾਸਟਰ ਨਰੇਸ਼ ਕੋਹਲੀ ਨੇ 253 ਅਧਿਆਪਕਾਂ ਨੂੰ ਜਾਰੀ ਪੱਤਰ ਦੇ ਸਬੰਧ ਵਿੱਚ ਆਖਿਆ ਇਹ ਪੱਤਰ ਫਾਂਸੀ ਦੀ ਸਜ਼ਾ ਨਾਲੋਂ ਵੀ ਵੱਧ ਹੈ। ਅਧਿਆਪਕ ਮਾਨਸਿਕ ਤੌਰ ’ਤੇ ਪਰੇਸ਼ਾਨ ਹਨ ਤੇ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹਣਾ ਬਹੁਤ ਨਿੰਦਣਯੋਗ ਹੈ। ਮਾਸਟਰ ਕੋਹਲੀ ਨੇ ਆਖਿਆ ਕਿ ਅਧਿਆਪਕ ਜਥੇਬੰਦੀਆਂ ਸੰਘਰਸ਼ਸ਼ੀਲ ਅਧਿਆਪਕਾਂ ਦੇ ਨਾਲ ਚੱਟਾਨ ਵਾਂਗ ਖੜ੍ਹੀਆਂ ਹਨ ਤੇ ਹਰ ਪੱਧਰ ’ਤੇ ਸੰਘਰਸ਼ ਕਰਨਗੀਆਂ। ਸਰਕਾਰ ਦਾ ਇਹ ਕਦਮ ਅਧਿਆਪਕਾਂ ਦੇ ਭਵਿੱਖ, ਰੁਜ਼ਗਾਰ ਤੇ ਮਾਨ-ਸਨਮਾਨ ਨਾਲ ਖਿਲਵਾੜ ਹੈ। ਅਧਿਆਪਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜਲਦੀ ਤੋਂ ਜਲਦੀ 253 ਅਧਿਆਪਕਾਂ ਦਾ ਮਸਲਾ ਹੱਲ ਕਰੇ ਤੇ ਨਾਲ ਹੀ ਮੁਲਾਜ਼ਮਾਂ ਦਾ ਡੀਏ, ਪੇਂਡੂ ਭੱਤਾ ਤੇ ਪੈਨਸ਼ਨ ਦੀ ਬਹਾਲੀ ਕਰੇ। ਇਸ ਮੌਕੇ ਜਸਵੰਤ ਸਿੰਘ, ਦੀਦਾਰ ਸਿੰਘ, ਭਜਨ ਸਿੰਘ ਮਾਨ, ਸੂਰਤ ਸਿੰਘ, ਗੁਰਵਿੰਦਰ ਸਿੰਘ ਵਿਰਕ, ਰਣਜੀਤ ਸਿੰਘ ਸੈਣੀ, ਅਨਿਲ ਭਾਟੀਆ, ਕੁਸ਼ਲ ਗੁਜਰਾਲ, ਸਰਬਜੀਤ ਸਿੰਘ, ਸੰਦੀਪ ਦੁਰਗਾਪੁਰ, ਤਰਮਿੰਦਰ ਮੱਲੀ, ਸੁਰਜੀਤ ਸਿੰਘ, ਗੁਰਦੇਵ ਸਿੰਘ, ਗੁਰਵਿੰਦਰ ਸਿੰਘ, ਦਵਿੰਦਰ ਸ਼ਰਮਾ, ਹਰੀਸ਼ ਕੁਮਾਰ, ਗੋਪਾਲ ਕ੍ਰਿਸ਼ਨ, ਮਨੋਜ ਕੁਮਾਰ, ਹਰਮਿੰਦਰ ਢਿੱਲੋਂ ਆਦਿ ਵੀ ਹਾਜ਼ਰ ਸਨ।