ਸਰਕਾਰ ਨੇ ਪਿਛਲੇ ਸਮੇਂ ’ਚ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਨਹੀਂ ਲਿਆ ਸਬਕ : ਖੰਨਾ ਤ੍ਰਾਸਦੀ ਦੀ ਉਡੀਕ ਕਰ ਰਹੀ ਹੈ : ਅਵਿਨਾਸ਼ ਰਾਏ ਖੰਨਾ
Publish Date: Wed, 22 Jul 2026 09:31 PM (IST)
Updated Date: Wed, 22 Jul 2026 09:34 PM (IST)
ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਨੇ ਮੌਨਸੂਨ ਤੋਂ ਪਹਿਲਾਂ ਸੂਬੇ ’ਚ ਹੜ੍ਹਾਂ ਦੀ ਤਿਆਰੀ ’ਤੇ ਉਠਾਏ ਸਵਾਲ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਆਹਲੀ ਕਲਾਂ ਦਾ ਅਵਿਨਾਸ਼ ਰਾਏ ਖੰਨਾ ਨੇ ਕੀਤਾ ਦੌਰਾ ਭਾਜਪਾ ਨੇ ਮੁੱਖ ਮੰਤਰੀ ਤੋਂ ਹੜ੍ਹ ਪ੍ਰਬੰਧਨ ਲਈ ਜਵਾਬਦੇਹੀ ਤੈਅ ਕਰਨ ਅਤੇ ਸੰਭਾਵੀ ਆਫ਼ਤ ਤੋਂ ਪਹਿਲਾਂ ਜ਼ਰੂਰੀ ਕਦਮ ਚੁੱਕਣ ਦੀ ਕੀਤੀ ਮੰਗ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਮੌਨਸੂਨ ਤੋਂ ਪਹਿਲਾਂ ਸੂਬੇ ’ਚ ਹੜ੍ਹਾਂ ਦੀ ਤਿਆਰੀ ’ਤੇ ਸਵਾਲ ਉਠਾਉਂਦੇ ਹੋਏ ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਸਿਰ ਨਾਲੀਆਂ, ਸੀਵਰੇਜ ਅਤੇ ਡਰੇਨੇਜ ਚੈਨਲਾਂ ਦੀ ਸਫਾਈ ਕਰਨ ਵਿੱਚ ਅਸਫਲ ਰਹੀ ਹੈ, ਜਿਸ ਕਾਰਨ ਸੂਬੇ ਵਿੱਚ ਹੜ੍ਹਾਂ ਦਾ ਖ਼ਤਰਾ ਵਧ ਗਿਆ ਹੈ। ਇਹ ਗੱਲ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੇ ਨਾਲ ਸੁਲਤਾਨਪੁਰ ਲੋਧੀ ਹਲਕੇ ਦੇ ਆਹਲੀ ਕਲਾਂ ਪਿੰਡ ਦਾ ਦੌਰਾ ਕਰਦੇ ਹੋਏ ਇਹ ਗੱਲ ਕਹੀ। ਇਸ ਮੌਕੇ ਪਿੰਡ ਵਾਸੀਆਂ ਨੇ ਸਾਬਕਾ ਰਾਜ ਸਭਾ ਮੈਂਬਰ ਨੂੰ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ। ਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਅਵਿਨਾਸ਼ ਰਾਏ ਖੰਨਾ ਨੇ ਤੁਰੰਤ ਮੌਕੇ ’ਤੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਹਿਮਾਚਲ ਸਰਕਾਰ ਵੱਲੋਂ ਐੱਨਓਸੀ ਦਿੰਦੇ ਹੀ ਪੌਂਗ ਡੈਮ ਤੋਂ ਗਾਰ ਕੱਢਣ ਦਾ ਕੰਮ ਸ਼ੁਰੂ ਹੋ ਜਾਵੇਗਾ। ਖੰਨਾ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਸੋਮਵਾਰ ਨੂੰ ਪੰਜਾਬ ਦੇ ਰਾਜਪਾਲ ਨਾਲ ਮਿਲ ਕੇ ਉਨ੍ਹਾਂ ਸਾਹਮਣੇ ਰੱਖਿਆ ਜਾਣਗੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਖੰਨਾ ਨੇ ਕਿਹਾ ਕਿ ਮੌਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਪੰਜਾਬ ਦੇ ਲੋਕ ਹੜ੍ਹਾਂ ਪ੍ਰਤੀ ਚਿੰਤਤ ਹੋ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਦੇ ’ਤੇ ਕੋਈ ਕੰਮ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਦਰਿਆਵਾਂ ਦੇ ਬੰਨ੍ਹਾਂ ਵਿੱਚ ਤਰੇੜਾਂ ਅਤੇ ਨਹਿਰਾਂ ਅਤੇ ਮਾਈਨਰ ਵਿੱਚ ਪਾੜਾਂ ਦੀਆਂ ਰਿਪੋਰਟਾਂ ਨੇ ਲੋਕਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਤੋਂ ਸਬਕ ਲਏ ਬਿਨਾਂ ਕਿਸੇ ਵੱਡੀ ਆਫ਼ਤ ਆਉਣ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਆਹਲੀ ਕਲਾਂ ਵਿੱਚ ਹੜ੍ਹ ਆਉਣ ਦੇ ਕਾਰਨ 30 ਤੋਂ ਵੱਧ ਪਿੰਡ ਪ੍ਰਭਾਵਿਤ ਹੁੰਦੇ ਹਨ, ਜਿਸ ਨਾਲ 25,000 ਏਕੜ ਤੋਂ ਵੱਧ ਫਸਲਾਂ ਅਤੇ ਪਸ਼ੂ ਤਬਾਹ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਪਿਛਲੇ ਸਾਲ ਦੇ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਲੋਕਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਹਿਰ ਦੀਆਂ ਨਾਲੀਆਂ ਅਤੇ ਪਿੰਡਾਂ ਦੇ ਡਰੇਨੇਜ ਚੈਨਲ ਅਜੇ ਵੀ ਗਾਰ, ਪਲਾਸਟਿਕ ਅਤੇ ਕੂੜੇ ਨਾਲ ਭਰੇ ਹੋਏ ਹਨ। ਜੇਕਰ ਪਹਿਲੀ ਭਾਰੀ ਬਾਰਸ਼ ਸ਼ਹਿਰਾਂ ਅਤੇ ਪਿੰਡਾਂ ਵਿੱਚ ਪਾਣੀ ਭਰਨ ਜਾਂ ਹੜ੍ਹ ਆਉਣ ਦਾ ਕਾਰਨ ਬਣਦੀ ਹੈ, ਤਾਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗੀ। ਸੰਸਦ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਭਾਜਪਾ ਆਗੂ ਨੇ ਕਿਹਾ ਕਿ ਵਿੱਤੀ ਸਾਲ 2025-26 ਦੌਰਾਨ ਕੇਂਦਰ ਸਰਕਾਰ ਨੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੰਡ ਤਹਿਤ ਪੰਜਾਬ ਨੂੰ 481.6 ਕਰੋੜ ਰੁਪਏ ਜਾਰੀ ਕੀਤੇ। ਹੜ੍ਹ ਰਾਹਤ ਬੰਨ੍ਹਾਂ ਦੀ ਮਜ਼ਬੂਤੀ ਅਤੇ ਆਫ਼ਤ ਪ੍ਰਬੰਧਨ ਲਈ ਰਾਜ ਸਰਕਾਰ ਦੇ 160.8 ਕਰੋੜ ਰੁਪਏ ਦੇ ਯੋਗਦਾਨ ਸਮੇਤ ਕੁੱਲ 642.4 ਕਰੋੜ ਰੁਪਏ ਉਪਲਬਧ ਸਨ। ਖੰਨਾ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਇਹ 642.4 ਕਰੋੜ ਰੁਪਏ ਕਿੱਥੇ ਖਰਚ ਕੀਤੇ ਗਏ, ਕਿਹੜੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ, ਕਿਹੜੇ ਨਾਲੇ ਸਾਫ਼ ਕੀਤੇ ਗਏ ਅਤੇ ਇਨ੍ਹਾਂ ਫੰਡਾਂ ਤੋਂ ਕਿੰਨੇ ਲੋਕਾਂ ਨੂੰ ਲਾਭ ਹੋਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਮੇਂ ਸਿਰ ਫੰਡ ਜਾਰੀ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ; ਹੁਣ ਪੰਜਾਬ ਸਰਕਾਰ ਨੂੰ ਇਨ੍ਹਾਂ ਫੰਡਾਂ ਦੀ ਵਰਤੋਂ ਦਾ ਪੂਰਾ ਹਿਸਾਬ ਜਨਤਾ ਨੂੰ ਦੇਣਾ ਚਾਹੀਦਾ ਹੈ। ਭਾਜਪਾ ਆਗੂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਹੜ੍ਹ ਪ੍ਰਬੰਧਨ ਲਈ ਜਵਾਬਦੇਹੀ ਤੈਅ ਕਰਨ ਅਤੇ ਸੰਭਾਵੀ ਆਫ਼ਤ ਤੋਂ ਪਹਿਲਾਂ ਜ਼ਰੂਰੀ ਕਦਮ ਚੁੱਕਣ। ਇਸ ਮੌਕੇ ਭਾਜਪਾ ਸੁਲਤਾਨਪੁਰ ਲੋਧੀ ਹਲਕਾ ਇੰਚਾਰਜ ਰਾਕੇਸ਼ ਕੁਮਾਰ ਨੀਟੂ, ਕੌਂਸਲਰ ਵਿੱਕੀ ਗੁਜਰਾਲ,ਭਾਜਪਾ ਮੰਡਲ ਸੁਲਤਾਨਪੁਰ ਲੋਧੀ ਦੇ ਜਨਰਲ ਸਕੱਤਰ ਚਤਰ ਸਿੰਘ ਜੋਸਨ, ਰਵਿੰਦਰ ਜੈਨ, ਅਸ਼ੋਕ ਕਨੋਜੀਆ, ਰਾਜਿੰਦਰ ਕੁਮਾਰ, ਚੇਤਨ ਸ਼ਰਮਾ, ਬਲਜਿੰਦਰ ਸਿੰਘ, ਰੇਖਾ ਰਾਜਪੂਤ, ਯਾਦਵਿੰਦਰ ਪਾਸੀ, ਸੰਜੀਵ ਖੰਨਾ, ਦੀਪੂ ਭਾਜਪਾ ਮਹਿਲਾ ਮੋਰਚਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਮੀਤ ਪ੍ਰਧਾਨ ਸਰਬਜੀਤ ਕੌਰ, ਮੋਨਿਕਾ ਕੁਮਾਰੀ, ਪਿਊਸ਼ ਸ਼ਰਮਾ, ਪ੍ਰਿਆ ਕਸ਼ਯਪ, ਰੇਖਾ ਠਾਕੁਰ, ਸਤਨਾਮ ਸਿੰਘ, ਓਮਪ੍ਰਕਾਸ਼ ਡੋਗਰਾ, ਕਮਲ ਮਹਿਰਾ ਅਤੇ ਪਿੰਡ ਵਾਸੀ ਹਾਜ਼ਰ ਸਨ।