ਰਵਾਇਤੀ ਪੇਂਡੂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਵਚਨਬੱਧ : ਹਰਜੀ ਮਾਨ
ਪੰਜਾਬ ਦੀਆਂ ਰਵਾਇਤੀ ਪੇਂਡੂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ - ਹਰਜੀ ਮਾਨ
Publish Date: Mon, 23 Feb 2026 06:56 PM (IST)
Updated Date: Mon, 23 Feb 2026 06:58 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਯੰਗ ਫਾਰਮਰ ਸਪੋਰਟਸ ਕਲੱਬ ਐਂਡ ਵੈੱਲਫੇਅਰ ਸੁਸਾਇਟੀ ਮਹੇੜੂ ਵੱਲੋਂ ਤੀਜਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਐੱਨਆਰਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕਬੱਡੀ ਆਲ ਓਪਨ ‘ਚ ਫਗਵਾੜਾ ਤੋਂ ਇਲਾਵਾ ਸ਼ਾਹਕੋਟ, ਨਕੋਦਰ, ਸੁਰਖਪੁਰ, ਰਹੀਮਪੁਰ (ਜਲੰਧਰ) ਤੇ ਨਿਊਜ਼ੀਲੈਂਡ ਤੋਂ ਆਈ ਟੀਮ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਜੇਤੂ ਟੀਮ ਨੂੰ ਪਹਿਲਾ ਇਨਾਮ 1 ਲੱਖ ਰੁਪਏ, ਰਨਰਅੱਪ ਟੀਮ ਨੂੰ 75 ਹਜ਼ਾਰ ਰੁਪਏ ਤੇ ਬੈਸਟਾਂ ਨੂੰ 31-31 ਹਜ਼ਾਰ ਰੁਪਏ ਨਗਦ ਇਨਾਮਾਂ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ ਪਿੰਡ ਪੱਧਰ ’ਤੇ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਮਹੇੜੂ, ਤਲਬਣ, ਸਰਹਾਲੀ, ਮਾਹਲਪੁਰ ਸ਼ਹੀਦਾਂ ਦੀਆਂ ਟੀਮਾਂ ਨੇ ਉਤਸ਼ਾਹ ਦੇ ਨਾਲ ਹਿੱਸਾ ਲਿਆ। ਜੇਤੂ ਟੀਮ ਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਤੇ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਪ੍ਰਬੰਧਕਾਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਕਬੱਡੀ ਪੰਜਾਬ ਦੀ ਰਵਾਇਤੀ ਖੇਡ ਹੋਣ ਦੇ ਨਾਤੇ ਪੰਜਾਬੀ ਸੱਭਿਆਚਾਰ ਦਾ ਅੰਗ ਵੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਰਵਾਇਤੀ ਤੇ ਪੇਂਡੂ ਖੇਡਾਂ ਨੂੰ ਉਤਸ਼ਾਹਤ ਕਰਨ ਵੱਲ ਖਾਸ ਤੌਰ ’ਤੇ ਦਿਲਚਸਪੀ ਰੱਖਦੀ ਹੈ। ਉਨ੍ਹਾਂ ਖਿਡਾਰੀਆਂ ਨੂੰ ਸਖ਼ਤ ਮਿਹਨਤ ਨਾਲ ਸੂਬੇ ਤੇ ਦੇਸ਼ ਦਾ ਨਾਮ ਇੰਟਰਨੈਸ਼ਨਲ ਪੱਧਰ ‘ਤੇ ਰੌਸ਼ਨ ਕਰਨ ਦੀ ਪੁਰਜ਼ੋਰ ਅਪੀਲ ਵੀ ਕੀਤੀ। ਪ੍ਰਬੰਧਕਾਂ ਵੱਲੋਂ ਹਰਜੀ ਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਣੀ ਸਰਪੰਚ ਮਹੇੜੂ, ਅਜੇ ਕੁਮਾਰ ਹੈੱਪੀ ਬਲਾਕ ਸੰਮਤੀ ਮੈਂਬਰ, ਅਮਰਿੰਦਰ ਸਿੰਘ ਯੂਥ ਕੋਆਰਡੀਨੇਟਰ, ਰਵੀ ਕੁਮਾਰ ਮੰਤਰੀ, ਰਾਕੇਸ਼ ਕੁਮਾਰ ਕੇਸ਼ੀ ਕੋਆਰਡੀਨੇਟਰ ਵਿਰਾਸਤ ਸੇਵਾ ਸੰਗਠਨ, ਦਵਿੰਦਰ ਸਿੰਘ ਮਾਧੋਪੁਰ, ਤੀਰਥ ਰਾਮ ਜੱਸੜ, ਅਮਰਜੀਤ ਜੱਸੜ, ਤਰਲੋਕ ਸਿੰਘ ਮੱਲ੍ਹੀ, ਪਰਮਜੀਤ ਸਿੰਘ ਰਾਏਪੁਰ, ਕਿਰਪਾਲ ਸਿੰਘ ਮੱਲ੍ਹੀ, ਅਮਰੀਕ ਪੰਚ, ਗੁਰਮੀਤ ਕੌਰ ਪੰਚ, ਡਾ. ਬਲਵਿੰਦਰ ਕੁਮਾਰ, ਜਸਵਿੰਦਰ ਕੌਰ ਪੰਚ, ਸੰਤੋਸ਼ ਸੰਧੂ ਪੰਚ, ਸਤਬੀਰ ਸਿੰਘ, ਗੁਰਜੀਤ ਪਨੇਸਰ, ਅਮਨਦੀਪ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਦੇ ਪਤਵੰਤੇ ਤੇ ਖੇਡ ਪ੍ਰੇਮੀ ਹਾਜ਼ਰ ਸਨ।