ਆਪ ਨੇ ਸਫ਼ਾਈ ਸੇਵਕਾਂ ਨਾਲ ਫਿਰ ਕੀਤਾ ਧੋਖਾ : ਖੋਸਲਾ ਪੰਜਾਬ ਸਰਕਾਰ ਨੇ ਸਫਾਈ ਸੇਵਕਾਂ ਨਾਲ ਫਿਰ ਕੀਤਾ ਧੋਖਾ, ਤਨਖਾਹ ਵਧਾਉਣ ਦਾ ਵਾਅਦਾ ਨਹੀਂ ਹੋਇਆ ਪੂਰਾ : ਅਰੁਣ ਖੋਸਲਾ
Publish Date: Sat, 12 Sep 2026 09:28 PM (IST)
Updated Date: Sat, 12 Sep 2026 09:29 PM (IST)
ਪੰਜਾਬੀ ਜਾਗਰਣ ਫਗਵਾੜਾ : ਪਿਛਲੇ ਦਿਨੀਂ ਪੰਜਾਬ ਭਰ ਦੀਆਂ ਕਾਰਪੋਰੇਸ਼ਨਾਂ ਦੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਸੂਬਾ ਪੱਧਰੀ ਹੜਤਾਲ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਸਵੀਕਾਰ ਕਰਨ ਦਾ ਭਰੋਸਾ ਦੇ ਕੇ ਹੜਤਾਲ ਖਤਮ ਕਰਵਾਈ ਗਈ ਸੀ ਪਰ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸਰਕਾਰ ਦਾ ਭਰੋਸਾ ਝੂਠਾ ਸਬਜ਼ਬਾਗ ਸਾਬਤ ਹੋਇਆ ਹੈ। ਇਹ ਪ੍ਰਗਟਾਵਾ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ, ਸੀਨੀਅਰ ਭਾਜਪਾ ਆਗੂ ਮਹਿੰਦਰ ਥਾਪਰ ਤੇ ਰੋਸ਼ਨ ਲਾਲ ਸੇਠੀ ਨੇ ਸਫਾਈ ਸੇਵਕਾਂ ਦੀਆਂ ਮੰਗਾਂ ਸਬੰਧੀ ਜਾਰੀ ਸਾਂਝੇ ਬਿਆਨ ਵਿੱਚ ਕੀਤਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀਆਂ ਮੁੱਖ ਮੰਗਾਂ ਵਿੱਚ ਪੱਕੀ ਨੌਕਰੀ ਤੇ ਪੱਕੇ ਮੁਲਾਜ਼ਮਾਂ ਦੇ ਪੇ-ਸਕੇਲ ਅਨੁਸਾਰ ਤਨਖਾਹਾਂ ਦੀ ਅਦਾਇਗੀ ਸ਼ਾਮਲ ਸੀ ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਵੱਲੋਂ ਹੁਣ ਤੱਕ ਕਿਸੇ ਵੀ ਸਫ਼ਾਈ ਸੇਵਕ ਨੂੰ ਪੱਕੀ ਨੌਕਰੀ ਦੇਣ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਵਾਰ ਦੀ ਤਨਖਾਹ ਵੀ 20,500 ਰੁਪਏ ਦੇ ਹਿਸਾਬ ਨਾਲ ਦੇਣ ਦੀ ਬਜਾਏ ਪੁਰਾਣੇ ਪੇ-ਸਕੇਲ ਅਨੁਸਾਰ ਸਿਰਫ 6,500 ਰੁਪਏ ਹੀ ਭੇਜੇ ਗਏ ਹਨ। ਇਸ ਕਾਰਨ ਸਫ਼ਾਈ ਸੇਵਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਰੁਣ ਖੋਸਲਾ, ਮਹਿੰਦਰ ਥਾਪਰ ਤੇ ਰੋਸ਼ਨ ਲਾਲ ਸੇਠੀ ਨੇ ਕਿਹਾ ਕਿ ਜਿਹੜੇ ਸਫ਼ਾਈ ਸੇਵਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਸ਼ਹਿਰਾਂ ਨੂੰ ਸਾਫ-ਸੁਥਰਾ ਰੱਖਣ ਤੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਫਾਈ ਸੇਵਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਉਨ੍ਹਾਂ ਦੇ ਹੱਕਾਂ ਸਬੰਧੀ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ। ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਸੇਵਕਾਂ ਨੂੰ ਤੁਰੰਤ ਪੱਕਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪੇ-ਸਕੇਲ ਅਨੁਸਾਰ ਬਣਦੀ ਤਨਖਾਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਸਫਾਈ ਸੇਵਕਾਂ ਨਾਲ ਹਮਦਰਦੀ ਰੱਖਦੀ ਹੈ ਤੇ ਹਰ ਸੰਘਰਸ਼ ਵਿੱਚ ਡਟ ਕੇ ਨਾਲ ਖੜ੍ਹੀ ਹੈ।