ਮਲਕਪੁਰ ਦੇ ਪੁੱਲ ਲਈ 2.25 ਕਰੋੜ ਮਨਜ਼ੂਰ
ਪੰਜਾਬ ਸਰਕਾਰ ਵਲੋਂ ਮਲਕਪੁਰ ਦੇ ਪੁੱਲ ਲਈ 2.25 ਕਰੋੜ ਰੁਪਏ ਮਨਜ਼ੂਰ: ਡਾ. ਰਾਜ ਕੁਮਾਰ ਚੱਬੇਵਾਲ
Publish Date: Sat, 29 Aug 2026 08:20 PM (IST)
Updated Date: Sat, 29 Aug 2026 08:22 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਲਕਪੁਰ ਵਿੱਚ 2.25 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਪੁਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਮਲਕਪੁਰ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਬਹੁਤ ਪੁਰਾਣੀ ਮੰਗ ਪੂਰੀ ਹੋ ਗਈ ਹੈ। ਅੱਜ ਇੱਥੇ ਇੱਕ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਚੱਬੇਵਾਲ ਨੇ ਦੱਸਿਆ ਕਿ ਪੁੱਲ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੁੱਲ ਮਲਕਪੁਰ ਤੋਂ ਤੋਡਰਪੁਰ ਤੇ ਵਾਹਿਦ ਪਿੰਡਾਂ ਵੱਲ ਆਵਾਜਾਈ ਨੂੰ ਆਸਾਨ, ਸੁਰੱਖਿਅਤ ਤੇ ਸੌਖਾਲਾ ਬਣਾਏਗਾ। ਇਸ ਨਾਲ ਇਲਾਕੇ ਦੇ ਵਿਕਾਸ ਤੇ ਕਾਰੋਬਾਰ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਡਾ. ਚੱਬੇਵਾਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਤੋਂ ਹੀ ਇਸ ਪੁੱਲ ਦੀ ਮੰਗ ਅਧੂਰੀ ਸੀ, ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਲੋਕਾਂ ਦੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਪੁੱਲ ਤੋਂ ਇਲਾਵਾ ਮਲਕਪੁਰ ਵਿੱਚ 60 ਲੱਖ ਰੁਪਏ ਦੇ ਹੋਰ ਵਿਕਾਸ ਕਾਰਜ ਵੀ ਚੱਲ ਰਹੇ ਹਨ। ਇਨ੍ਹਾਂ ਵਿੱਚ ਪੰਚਾਇਤ ਘਰ, ਸੀਵਰੇਜ ਦਾ ਕੰਮ ਤੇ ਇੱਕ ਖੇਡ ਸਟੇਡੀਅਮ ਦੀ ਉਸਾਰੀ ਸ਼ਾਮਲ ਹੈ। ਡਾ. ਚੱਬੇਵਾਲ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਪੂਰੇ ਹੋਣ ਨਾਲ ਮਲਕਪੁਰ ਵਿੱਚ ਬੁਨਿਆਦੀ ਸੁਵਿਧਾਵਾਂ ਵਿੱਚ ਵੱਡਾ ਸੁਧਾਰ ਆਵੇਗਾ ਤੇ ਇਲਾਕੇ ਦੀ ਤਰੱਕੀ ਹੋਵੇਗੀ।