ਦਿਵਿਆਂਗ ਐਕਸ਼ਨ ਕਮੇਟੀ ਨੂੰ ਪੈਨਸ਼ਨਾਂ ਵਧਾਉਣ ਦਾ ਮਿਲਿਆ ਭਰੋਸਾ : ਸੈਣੀ ਵਿੱਤ ਮੰਤਰੀ ਪੰਜਾਬ ਨੇ ਦਿਿਵਆਂਗ ਐਕਸ਼ਨ ਕਮੇਟੀ ਨੂੰ ਜਲਦੀ ਪੈਨਸ਼ਨਾਂ ਵਧਾਉਣ ਦਾ ਦਿੱਤਾ ਭਰੋਸਾ - ਸੈਣੀ
Publish Date: Fri, 04 Sep 2026 07:23 PM (IST)
Updated Date: Fri, 04 Sep 2026 07:25 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬੀਤੇ ਦਿਨੀਂ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ਼ ਸੈਕਟਰੀਏਟ ਚੰਡੀਗੜ੍ਹ ਵਿਖੇ ਹੋਈ, ਜਿਸ ਵਿੱਚ ਦਿਵਿਆਂਗ ਐਕਸ਼ਨ ਕਮੇਟੀ ਦੇ ਵੱਖ-ਵੱਖ ਜ਼ਿਲ੍ਹਾ ਪ੍ਰਧਾਨਾਂ ਦੀ ਹਾਜ਼ਰੀ ਵਿੱਚ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਦਿਵਿਆਂਗ ਵਰਗ ਨੂੰ ਆ ਰਹੀਆਂ ਮੁਸਕਲਾਂ ਦੇ ਸਬੰਧ ’ਚ ਗੱਲਬਾਤ ਕੀਤੀ। ਯੂਨੀਅਨ ਆਗੂਆਂ ਵੱਲੋਂ ਪਿਛਲੇ ਸਮੇਂ ਦੌਰਾਨ ਹੋਈਆਂ ਮੀਟਿੰਗਾਂ ਦੀ ਕਾਰਵਾਈ ਰਿਪੋਰਟ ਨੂੰ ਲਾਗੂ ਕਰਨ ਵਿੱਚ ਦੇਰੀ ਹੋਣ ’ਤੇ ਇਤਰਾਜ਼ ਕੀਤਾ। ਮੌਕੇ ’ਤੇ ਹਾਜ਼ਰ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੀ ਡਾਇਰੈਕਟਰ ਆਈਏਐੱਸ ਡਾ. ਸੇਨਾ ਅਗਰਵਾਲ, ਡਿਪਟੀ ਡਾਇਰੈਕਟਰ ਰਵਿੰਦਰ ਸਿੰਘ ਰਾਹੀ ਨੇ ਵਿੱਤ ਮੰਤਰੀ ਪੰਜਾਬ ਨੂੰ ਦੱਸਿਆ ਕਿ ਵਿੱਤੀ ਸਹਾਇਤਾ ਪੈਨਸ਼ਨ ਦੀ ਤਜਵੀਜ਼ ਬਣਾ ਕੇ ਭੇਜ ਦਿੱਤੀ ਗਈ ਹੈ ਤੇ ਅਗਲੇ ਦੋ ਹਫ਼ਤਿਆਂ ਵਿੱਚ ਪੈਨਸ਼ਨਾਂ ਵਧਾਉਣ ਸਬੰਧੀ ਪ੍ਰਸਤਾਵ ਕੈਬਨਿਟ ਮੀਟਿੰਗ ਵਿੱਚ ਰੱਖਿਆ ਜਾਵੇਗਾ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 4% ਨੌਕਰੀਆਂ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਰੁਜ਼ਗਾਰ ਦੇਣ, ਬੱਸ ਕਿਰਾਇਆ ਮੁਆਫ ਕਰਨ, ਪੈਰਾਂ ਉਲੰਪਿਕ ਮੈਡਲ ਜੇਤੂ ਖਿਡਾਰੀਆਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਨ ਤੋਂ ਇਲਾਵਾ ਦਿਵਿਆਂਗ ਵਰਗ ਦੀ ਵਿੱਤੀ ਸਹਾਇਤਾ ਪੈਨਸ਼ਨ ਵਿੱਚ ਵੀ ਜਲਦੀ ਵਾਧਾ ਕੀਤਾ ਜਾਵੇਗਾ। ਹਰੇਕ ਜ਼ਿਲ੍ਹੇ ਵਿੱਚ ਸ਼ਨਾਖਤ ਕਰਕੇ ਬੈਟਰੀ ਵਾਲੇ ਈ-ਰਿਕਸ਼ਾ ਦੇਣ ਸਬੰਧੀ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਕੁਲਦੀਪ ਸਿੰਘ ਗੋਲਡ ਮੈਡਲਿਸਟ, ਬਲਵਿੰਦਰ ਸਿੰਘ ਨਿੱਝਰ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ, ਸਲਾਹਕਾਰ ਬਲਜੀਤ ਸਿੰਘ ਸੋਨੂੰ ਜੋਹਲ, ਇੰਦਰ ਬਰਾੜ ਜ਼ਿਲ੍ਹਾ ਪ੍ਰਧਾਨ ਪਟਿਆਲਾ, ਪਲਵਿੰਦਰ ਪਿੰਦਾ ਹਲਕਾ ਇੰਚਾਰਜ ਕਪੂਰਥਲਾ, ਮੋਹਨ ਲਾਲ ਚਾਚੋਕੀ ਖ਼ਜ਼ਾਨਚੀ, ਮਨਜਿੰਦਰ ਸਿੰਘ ਲਾਡੀ ਤਰਨ ਤਾਰਨ ਆਦਿ ਹਾਜ਼ਰ ਸਨ।