ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਦਿਨ-ਰਾਤ ਦੇ ਮੋਰਚੇ ਦਾ ਐਲਾਨ ਪੰਜਾਬ ਦਿਿਵਆਂਗ ਐਕਸ਼ਨ ਕਮੇਟੀ ਵੱਲੋਂ ਬਿਆਸ ਦਰਿਆ ਤੇ ਦਿਨ ਰਾਤ ਦੇ ਮੋਰਚੇ ਦਾ ਐਲਾਨ
Publish Date: Sun, 18 Oct 2026 08:37 PM (IST)
Updated Date: Sun, 18 Oct 2026 08:39 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਅੰਗਹੀਣ, ਵਿਧਵਾ, ਬੁੱਢਾਪਾ ਪੈਨਸ਼ਨਾਂ ਵਧਾਉਣ ਦੀ ਗਰੰਟੀ ਨੂੰ ਲਾਗੂ ਕਰਵਾਉਣ ਲਈ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਸੂਬਾ ਪੱਧਰੀ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਕਤ ਜਾਣਕਾਰੀ ਸਾਂਝੀ ਕਰਦਿਆਂ ਐਕਸ਼ਨ ਕਮੇਟੀ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਨਿੱਝਰ, ਬਲਾਕ ਪ੍ਰਧਾਨ ਜੰਡਿਆਲਾ ਗੁਰੂ ਸੁਖਦੇਵ ਸਿੰਘ ਮਾਨਾਂਵਾਲੀ, ਬਲਾਕ ਪ੍ਰਧਾਨ ਵੇਰਕਾ ਸਿਕੰਦਰ ਫਤਾਹਪੁਰ ਤੇ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ ਨੇ ਅੱਜ ਪਿੱਦੀ ਕਚਿਹਰੀਆਂ ਵਿਖੇ ਮੀਟਿੰਗ ਦੌਰਾਨ ਦੱਸਿਆ ਕਿ ਪਹਿਲਾਂ ਪੰਦਰਾਂ ਅਗਸਤ ਨੂੰ ਬਿਆਸ ਦਰਿਆ ’ਤੇ ਸੂਬਾ ਪੱਧਰੀ ਪ੍ਰਦਰਸ਼ਨ ਦੌਰਾਨ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ਼ ਸੈਕਟਰੀਏਟ ਚੰਡੀਗੜ੍ਹ ਵਿਖੇ ਮੀਟਿੰਗ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਸ਼ਾਸਨ ਵੱਲੋਂ ਕਰਵਾਈ ਗਈ। ਫਿਰ 3 ਸਤੰਬਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਵਫ਼ਦ ਨੂੰ ਦੋ ਘੰਟੇ ਖੱਜਲਖੁਆਰੀ ਤੋਂ ਬਾਅਦ ਵਿੱਤ ਮੰਤਰੀ ਨਾਲ਼ ਮੀਟਿੰਗ ਕਰਵਾਈ ਗਈ, ਜਿਨ੍ਹਾਂ ਨੇ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਨੂੰ ਪੰਦਰਾਂ ਦਿਨਾਂ ਬਾਅਦ ਦੋਬਾਰਾ ਮੀਟਿੰਗ ਜਲੰਧਰ ਜਾਂ ਲੁਧਿਆਣਾ ਵਿਖੇ ਕਰਕੇ ਗਰੰਟੀ ਸਬੰਧੀ ਐਲਾਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਨਾ ਹੀ ਪੈਨਸ਼ਨ ਦੀ ਗਰੰਟੀ ਸਬੰਧੀ ਕੋਈ ਐਲਾਨ ਕੀਤਾ ਗਿਆ ਤੇ ਨਾ ਹੀ ਮੀਟਿੰਗ ਲਈ ਬੁਲਾਇਆ ਗਿਆ। ਇਸ ਦੇ ਰੋਸ ਵਜੋਂ ਅੱਜ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕਰਨ ਤੋਂ ਬਾਅਦ ਇਸੇ ਮਹੀਨੇ ਗੁਪਤ ਤਰੀਕੇ ਨਾਲ ਬਿਆਸ ਦਰਿਆ ’ਤੇ ਦਿਨ-ਰਾਤ ਦਾ ਸੂਬਾ ਪੱਧਰੀ ਮੋਰਚਾ ਲਗਾਉਣ ਦਾ ਫੈਸਲਾ ਕੀਤਾ ਗਿਆ ਤੇ ਆਗੂਆਂ ਨੇ ਦੱਸਿਆ ਕਿ ਜਦੋਂ ਤੱਕ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ਼ ਦਿਵਿਆਂਗ ਐਕਸ਼ਨ ਕਮੇਟੀ ਦੇ 11 ਮੈਂਬਰੀ ਵਫ਼ਦ ਦੀ ਮੀਟਿੰਗ ਨਹੀਂ ਹੁੰਦੀ, ਉਦੋਂ ਤੱਕ ਮੋਰਚਾ ਹਾਈਵੇ ’ਤੇ ਲੱਗਾ ਰਹੇਗਾ।