ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਕੀਤਾ ਰੋਸ ਪ੍ਰਦਰਸ਼ਨ ਮਾਨਸਾ ਕਤਲ ਕਾਂਡ ਦੇ ਵਿਰੋਧ ਵਿੱਚ ਪੰਜਾਬ ਬੰਦ ਨੂੰ ਕਪੂਰਥਲਾ ਵਿਖੇ ਮਿਲਿਆ ਭਰਵਾਂ ਸਮਰਥਨ, ਬਾਜ਼ਾਰ ਰਹੇ ਬੰਦ
Publish Date: Thu, 15 Oct 2026 08:01 PM (IST)
Updated Date: Thu, 15 Oct 2026 08:03 PM (IST)
--ਸ਼ਹੀਦ ਭਗਤ ਸਿੰਘ ਚੌਕ ਵਿੱਚ ਕੀਤਾ ਰੋਸ ਪ੍ਰਦਰਸ਼ਨ, ਸੁਰੱਖਿਆ ਦੇ ਮੱਦੇਨਜ਼ਰ ਥਾਂ-ਥਾਂ ਭਾਰੀ ਪੁਲਿਸ ਬਲ ਤਾਇਨਾਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਬੀਤੇ ਦਿਨੀ ਮਾਨਸਾ ਵਿਖੇ ਨਸ਼ਿਆਂ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦਾ ਇੱਕ ਮੈਡੀਕਲ ਸਟੋਰ ਮਾਲਕ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਰੋਸ ਵੱਜੋ ਦਿੱਤੇ ਗਏ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਕਪੂਰਥਲਾ ਵਿੱਚ ਭਰਵਾਂ ਅਸਰ ਦੇਖਣ ਨੂੰ ਮਿਲਿਆ। ਬੰਦ ਦੇ ਸਮਰਥਨ ਵਿੱਚ ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਆਪਣੇ ਸਾਥੀਆਂ ਸਮੇਤ ਸ਼ਹੀਦ ਭਗਤ ਸਿੰਘ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ । ਕਪੂਰਥਲਾ ਦੇ ਡੀਸੀ ਚੌਂਕ ਵਿਖੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਬੰਦ ਕਾਰਨ ਸ਼ਹਿਰ ਵਿੱਚ ਬੱਸਾਂ ਦੀ ਆਵਾਜਾਈ, ਸਕੂਲ-ਕਾਲਜ ਤੇ ਬਾਜ਼ਾਰ ਬੰਦ ਰਹੇ। ਹਾਲਾਂਕਿ, ਡਾਕਟਰਾਂ ਦੇ ਕਲੀਨਿਕ, ਮੈਡੀਕਲ ਸਟੋਰ ਤੇ ਹੋਰ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ, ਤਾਂ ਜੋ ਲੋਕਾਂ ਨੂੰ ਜ਼ਰੂਰੀ ਸਿਹਤ ਸਹੂਲਤਾਂ ਲੈਣ ਵਿੱਚ ਕੋਈ ਦਿੱਕਤ ਨਾ ਆਵੇ। ਅੱਜ ਦੇ ਬੰਦ ਦੌਰਾਨ ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਰਹਿਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਤੇ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਥਾਂ-ਥਾਂ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ।