- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫ਼ਾਈ ਸੇਵਕ ਯੂਨੀਅਨ ਪੰਜਾਬ ਤੇ ਮਿਉਂਸਪਲ ਕਾਮਿਆਂ ਵਲੋਂ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆਂ ਭਰਮਾ ਹੁਗਾਰਾ

ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ
ਬੇਗੋਵਾਲ/ਭੁਲੱਥ : ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ 8 ਜੁਲਾਈ ਤੋਂ ਪੰਜਾਬ ਭਰ ’ਚ ਸ਼ੁਰੂ ਕੀਤੀ ਗਈ ਹੜਤਾਲ ਸਰਕਾਰ ਅਤੇ ਸਰਕਾਰ-ਪੱਖੀ ਕੁਝ ਆਗੂਆਂ ਵੱਲੋਂ ਕੀਤੇ ਗਏ ਹੜਤਾਲ ਖਤਮ ਦੇ ਐਲਾਨ ਦੇ ਬਾਵਜੂਦ ਅੱਜ ਸਫ਼ਾਈ ਸੇਵਕ ਯੂਨੀਅਨ ਦੇ ਪੰਜਾਬ ਬੰਦ ਸੱਦੇ ’ਤੇ ਜ਼ਿਲ੍ਹਾ ਕਪੂਰਥਲਾ ਅੰਦਰ ਆਉਂਦੀਆਂ ਨਗਰ ਪੰਚਾਇਤਾਂ ਢਿਲਵਾਂ, ਬੇਗੋਵਾਲ, ਨਡਾਲਾ ਅਤੇ ਭੁਲੱਥ ਸ਼ਹਿਰ ਦੇ ਬਾਜ਼ਾਰ ਬੰਦ ਰਹੇ। ਸਫਾਈ ਕਾਮਿਆਂ ਅਤੇ ਮਿਊਂਸੀਪਲ ਕਾਮਿਆਂ ਨੂੰ ਉਸ ਵੇਲੇ ਹੋਰ ਵੀ ਬਲ ਮਿਲਿਆਂ ਜਦੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪੰਜਾਬ ਬੰਦ ਦੀ ਡਟਵੀਂ ਹਮਾਇਤ ਕਰਦਿਆਂ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਗਈ।
ਬੰਦ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਅਤੇ ਹੜਤਾਲ ’ਚੋਂ ਬਾਹਰ ਚੱਲ ਰਹੇ ਕੁਝ ਆਗੂਆਂ ਵਲੋਂ ਚੰਡੀਗੜ੍ਹ ਵਿਖੇ ਲੰਗੜਾ ਲੂਲਾ ਸਮਝੌਤਾ ਕਰ ਕੇ ਹੜਤਾਲ ਖ਼ਤਮ ਕਰਨ ਦੇ ਫ਼ੈਸਲੇ ਨੂੰ ਮਿਊਂਸੀਪਲ ਕਾਮਿਆਂ ਨੇ ਮੁੱਢੋਂ ਰੱਦ ਕਰਦਿਆਂ ਸਫ਼ਾਈ ਸੇਵਕਾਂ ਅਤੇ ਮਿਊਂਸੀਪਲ ਕਾਮਿਆਂ ਵਲੋਂ ਮੰਗਾਂ ਦੀ ਪੂਰਤੀ ਤੱਕ ਹੜਤਾਲ ਜਾਰੀ ਰੱਖਣ ਦਾ ਐਲਾਨ ਦੁਹਰਾਇਆ। ਇਸ ਦੌਰਾਨ ਸਫ਼ਾਈ ਸੇਵਕਾਂ, ਮਜਦੂਰਾਂ, ਕਿਸਾਨਾਂ ਵੱਲੋ ਵੱਖ ਵੱਖ ਬਾਜ਼ਾਰਾਂ ਵਿੱਚ ਮਾਰਚ ਕਰਕੇ ਸੂਬਾ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਨਾਅਰਾ ਬੁਲੰਦ ਕੀਤਾ ਕਿ ਲੂਲਾ ਲੰਗੜਾ ਸਮਝੌਤਾ ਨਹੀਂ ਮਨਜ਼ੂਰ, ਸਾਡੀਆਂ ਮੰਗਾਂ ਪੂਰੀਆਂ ਕਰੋ। ਆਗੂਆਂ ਨੇ ਕਿਹਾ ਕਿ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਉੱਪਰ ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ’ਤੇ ਕੀਤੇ ਗਏ ਅੰਨ੍ਹੇ ਜਬਰ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ਼ ਇਰਾਦਾ ਕਤਲ ਸਮੇਤ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਕੱਚੇ ਕਾਮਿਆਂ ਨੂੰ ਪੱਕੇ ਕਰਨ, ਘੱਟੋ-ਘੱਟ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਰਗੀਆਂ ਮੰਗਾਂ ਮਨਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਆਗੂਆਂ ਵੱਲੋ ਦੁਕਾਨਦਾਰਾਂ, ਵਪਾਰ ਮੰਡਲ, ਹੋਰ ਕਾਰੋਬਾਰੀਆਂ ਅਤੇ ਕਿਸਾਨ, ਮਜ਼ਦੂਰ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਮੰਗਾਂ ਮੰਨਣ ਦੀ ਥਾਂ ਆਪਣੇ ਕੁਝ ਸਰਕਾਰੀ ਆਗੂਆਂ ਰਾਹੀਂ ਸਫ਼ਾਈ ਸੇਵਕਾਂ ਅਤੇ ਮਿਊਂਸੀਪਲ ਕਾਮਿਆਂ ਵਲੋਂ ਹੜਤਾਲ ਕਰਕੇ ਸੂਬੇ ਭਰ ਚ ਚਲਾਏ ਜਾ ਰਹੇ ਸੰਘਰਸ਼ ਨੂੰ ਪਹਿਲਾਂ ਵਾਂਗ ਹੀ ਤਾਰਪੀਡੋ ਕਰਕੇ ਅਸਫ਼ਲ ਬਣਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਸਫ਼ਾਈ ਸੇਵਕ ਅਤੇ ਮਿਊਂਸੀਪਲ ਕਾਮੇ ਸਰਕਾਰ ਦੀ ਇਸ ਚਾਲ ਨੂੰ ਸਫ਼ਲ ਨਹੀਂ ਹੋਣ ਦੇਣਗੇ। ਇਸ ਮੌਕੇ ਸਫ਼ਾਈ ਸੇਵਕਾਂ ਦੇ ਆਗੂ ਪ੍ਰਧਾਨ ਧਰਮਵੀਰ ਨਡਾਲਾ, ਵੀਰੂ, ਪ੍ਰਧਾਨ ਅਸ਼ੋਕ ਭੁੱਲਥ, ਚੰਦਰ ਸ਼ੇਖਰ, ਡੈਨੀਅਲ ਕਲਿਆਣ, ਪ੍ਰਧਾਨ ਮੁਕੇਸ਼ ਬੇਗੋਵਾਲ, ਪ੍ਰਧਾਨ ਸੋਨੂੰ ਢਿੱਲਵਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਭੰਡਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਹਰਪਿੰਦਰ ਸਿੰਘ, ਸੁਖਵਿੰਦਰ ਧਾਲੀਵਾਲ, ਮਨਜੀਤ ਸਿੰਘ ਚੀਮਾ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਆਗੂ ਅਮਰੀਕ ਸਿੰਘ ਬੂਲੇਵਾਲ ਤੇ ਨਾਵਲ ਟਾਹਲੀ ਆਦਿ ਹਾਜ਼ਰ ਸਨ।