ਸ਼ਹਿਰ ’ਚ ਹਰ ਥਾਂ ਗੰਦਗੀ ਦੇ ਢੇਰ ਤੇ ਬਦਬੂ ਨਾਲ ਲੋਕ ਪਰੇਸ਼ਾਨ ਬਰਸਾਤ ਤੋਂ ਬਾਅਦ ਕੂੜੇ
Publish Date: Wed, 29 Jul 2026 09:55 PM (IST)
Updated Date: Wed, 29 Jul 2026 09:58 PM (IST)
ਬਰਸਾਤ ਤੋਂ ਬਾਅਦ ਕੂੜੇ ਦੇ ਢੇਰਾਂ ਤੋਂ ਉੱਠ ਰਹੀ ਹੈ ਬਦਬੂ, ਨੱਕ ’ਤੇ ਰੁਮਾਲ ਰੱਖ ਕੇ ਲੰਘਣਾ ਪੈ ਰਿਹੈ ਲੋਕਾਂ ਨੂੰ ਕਿਸੇ ਵੀ ਜਾਇਜ਼ ਮੰਗ ’ਤੇ ਨਹੀਂ ਬਣੀ ਸਹਿਮਤੀ, ਇਸ ਲਈ ਸੰਘਰਸ਼ ਕਰ ਰਹੇ ਹਨ ਤੇਜ਼ : ਥਾਪਰ ਸੰਵਾਦ ਸਹਿਯੋਗੀ, ਜਾਗਰਣ, ਕਪੂਰਥਲਾ : ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਹਰ ਥਾਂ ਗੰਦਗੀ ਦੇ ਢੇਰ ਲੱਗ ਗਏ ਹਨ। ਕੋਈ ਵੀ ਅਜਿਹਾ ਚੌਕ ਨਹੀਂ ਜਿੱਥੇ ਸੜਕ ਤੱਕ ਕੂੜੇ ਦੇ ਢੇਰ ਨਾ ਹੋਣ। ਇੱਥੋਂ ਤੱਕ ਕਿ ਪੂਰੀ ਸੜਕ ’ਤੇ ਕੂੜਾ ਪਿਆ ਹੋਇਆ ਹੈ, ਜਿੱਥੋਂ ਉੱਠ ਰਹੀ ਬਦਬੂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨ ਕਰ ਰਹੀ ਹੈ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੂੜੇ ਦੀ ਲਿਫਟਿੰਗ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਹਾਲਾਂਕਿ ਮੌਨਸੂਨ ਦਾ ਮੌਸਮ ਚੱਲ ਰਿਹਾ ਹੈ, ਜਿਸ ਨਾਲ ਬਿਮਾਰੀਆਂ ਦਾ ਖ਼ਤਰਾ ਕਾਫੀ ਵਧ ਜਾਂਦਾ ਹੈ ਅਤੇ ਬਾਰਿਸ਼ ਦਾ ਪਾਣੀ ਜਮ੍ਹਾਂ ਹੋਣ ਨਾਲ ਲਾਰਵਾ ਪੈਦਾ ਹੋਣ ਦੇ ਨਾਲ-ਨਾਲ ਡੇਂਗੂ ਦਾ ਵੀ ਖਦਸ਼ਾ ਰਹਿੰਦਾ ਹੈ। ਕਪੂਰਥਲਾ-ਜਲੰਧਰ ਰੋਡ, ਅੰਮ੍ਰਿਤਸਰ ਰੋਡ, ਪੁਰਾਣੀ ਕਚਹਿਰੀ ਦੇ ਬਾਹਰ, ਬੱਸ ਸਟੈਂਡ ਰੋਡ, ਕਸਾਬਾ ਮੁਹੱਲਾ, ਜਲੌਖਾਨਾ ਚੌਕ, ਸ਼ਾਲੀਮਾਰ ਬਾਗ ਦੇ ਬਾਹਰ, ਮੁਹੱਲਿਆਂ ਅਤੇ ਚੌਕਾਂ ਵਿਚ ਇਸ ਸਮੇਂ ਕੂੜਾ ਹੀ ਕੂੜਾ ਨਜ਼ਰ ਆ ਰਿਹਾ ਹੈ ਜਿੱਥੋਂ ਲੰਘਣਾ ਬਿਮਾਰੀ ਨੂੰ ਦਾਅਵਤ ਦੇਣਾ ਹੈ। ਸ਼ਹਿਰ ਵਾਸੀਆਂ ਸੁਖਮੀਤ, ਰੇਸ਼ਮ ਸਿੰਘ, ਬਾਜ ਸਿੰਘ, ਕੁਲਦੀਪ ਸਿੰਘ, ਪ੍ਰਕਾਸ਼, ਅਨੁਜ ਕੁਮਾਰ, ਵਰੁਣ ਕੁਮਾਰ, ਕਰਣ ਕੁਮਾਰ, ਰਮਾ, ਅਪੂਰਵਾ ਆਦਿ ਦਾ ਕਹਿਣਾ ਹੈ ਕਿ ਆਏ ਦਿਨ ਹੜਤਾਲ ਤੋਂ ਬਾਅਦ ਸ਼ਹਿਰ ਕੂੜੇ ਦਾ ਢੇਰ ਬਣ ਜਾਂਦਾ ਹੈ ਜਿਸ ਨਾਲ ਬਾਜ਼ਾਰ ਆਉਣਾ-ਜਾਣਾ ਮੁਸ਼ਕਲ ਹੋ ਜਾਂਦਾ ਹੈ। ਬਾਰਿਸ਼ ਤੋਂ ਬਾਅਦ ਗਿੱਲਾ ਕੂੜਾ ਤਾਂ ਹੋਰ ਬਦਬੂ ਫੈਲਾਉਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਨੱਕ ’ਤੇ ਰੁਮਾਲ ਰੱਖ ਕੇ ਲੰਘਣਾ ਪੈਂਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਾਰ-ਵਾਰ ਹੜਤਾਲ ਤੋਂ ਬਾਅਦ ਸ਼ਹਿਰ ਦੀ ਸਫਾਈ ਪ੍ਰਣਾਲੀ ਲਈ ਕੋਈ ਠੋਸ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਗੰਦਗੀ ਦੇ ਮਾਹੌਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਮੌਨਸੂਨ ਦਾ ਸੀਜ਼ਨ ਹੈ। ਕਦੇ ਵੀ ਬਾਰਿਸ਼ ਹੋ ਜਾਂਦੀ ਹੈ, ਇਸ ਹਾਲਤ ਵਿਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਪਿਛਲੇ ਚਾਰ ਸਾਲਾਂ ਤੋਂ ਬਾਰਿਸ਼ ਦੇ ਮੌਸਮ ਵਿਚ ਹੀ ਸ਼ਹਿਰ ਨੂੰ ਹੜਤਾਲ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ। ਇਨ੍ਹਾਂ ਦਿਨਾਂ ਵਿਚ ਹੀ ਸ਼ਹਿਰ ’ਚ ਕੂੜੇ ਦੇ ਢੇਰ ਲੱਗ ਜਾਂਦੇ ਹਨ। ਅਜਿਹਾ ਲਗਾਤਦਾਰ ਹੋ ਰਿਹਾ ਹੈ। ਨਗਰਪਾਲਿਕਾ ਕਰਮਚਾਰੀ ਸੰਗਠਨ ਦੀ ਕਾਲ ’ਤੇ ਅੱਜ ਬੰਦ ਰਹੇਗਾ ਸ਼ਹਿਰ ਨਗਰਪਾਲਿਕਾ ਕਰਮਚਾਰੀ ਸੰਗਠਨ ਦੇ ਪ੍ਰਦੇਸ਼ ਪ੍ਰਧਾਨ ਗੋਪਾਲ ਥਾਪਰ ਨੇ ਦੱਸਿਆ ਕਿ ਪਿਛਲੇ ਦਿਨ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਸੰਗਠਨ ਦੀ ਉੱਚ ਪੱਧਰੀ ਬੈਠਕ ਹੋਈ, ਪਰ ਇਹ ਬੈਠਕ ਪੂਰੀ ਤਰ੍ਹਾਂ ਬੇਨਤੀਜਾ ਰਹੀ। ਇਸ ਕਾਰਨ ਅੱਜ 30 ਜੁਲਾਈ, ਵੀਰਵਾਰ ਨੂੰ ਬੰਦ ਦੀ ਕਾਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਰਮਚਾਰੀਆਂ ਦੀ ਕਿਸੇ ਵੀ ਜਾਇਜ਼ ਮੰਗ ’ਤੇ ਸਹਿਮਤੀ ਨਹੀਂ ਦਿੱਤੀ, ਜਿਸ ਕਾਰਨ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਥਾਪਰ ਨੇ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਬਰਨਾਲਾ ਵਿਚ ਸਫਾਈ ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਦੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਕਰਮਚਾਰੀਆਂ ਦੀਆਂ ਸਾਰੀਆਂ ਮੰਗਾਂ ਨੂੰ ਮਨਜ਼ੂਰ ਨਹੀਂ ਕਰਦੀ, ਉਦੋਂ ਤੱਕ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ 30 ਜੁਲਾਈ ਨੂੰ ਹੋਣ ਵਾਲੇ ‘ਪੰਜਾਬ ਬੰਦ’ ਦੌਰਾਨ ਜੇਕਰ ਆਮ ਜਨਤਾ ਨੂੰ ਕਿਸੇ ਵੀ ਕਿਸਮ ਦੀ ਅਸੁਵਿਧਾ ਜਾਂ ਆਰਥਿਕ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਗੋਪਾਲ ਥਾਪਰ ਨੇ ਸ਼ਹਿਰਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਇਸ ਬੰਦ ਨੂੰ ਸਫਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਬੰਦ ਦੇ ਦੌਰਾਨ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਨਗੇ, ਤਾਂ ਜੋ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਕੀਤਾ ਜਾ ਸਕੇ। ਇਸੇ ਤਰ੍ਹਾਂ 30 ਜੁਲਾਈ ਦੇ ਪੰਜਾਬ ਬੰਦ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਨਿੱਜੀ ਤੇ ਸਰਕਾਰੀ ਸਕੂਲਾਂ ਦੀ ਮੈਨੇਜਮੈਂਟ ਨੇ ਅਹਿਤਿਆਤ ਵਜੋਂ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਕਾਨੂੰਨ ਵਿਵਸ•ਥਾ ਹੱਥ ’ਚ ਲੈਣ ਵਾਲੇ ਬਖ਼ਸ਼ੇ ਨਹੀਂ ਜਾਣਗੇ : ਡੀਸੀ ਡੀਸੀ ਕਪੂਰਥਲਾ ਆਕਾਸ਼ ਬਾਂਸਲ ਨੇ ਕਿਹਾ ਕਿ ਸਫਾਈ ਮੁਲਾਜ਼ਮ ਸ਼ਾਂਤਿਈ ਢੰਗ ਨਾਲ ਆਪਣਾ ਵਿਰੋਧ ਪ੍ਰਗਟਾਉਣ। ਬੰਦ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ। ਕਿਸੇ ਵੀ ਤਰ੍ਹਾਂ ਦਾ ਡਰ ਦਾ ਮਾਹੌਲ ਨਹੀਂ ਹੋਣਾ ਚਾਹੀਦਾ। ਜੇਕਰ ਕੋਈ ਪ੍ਰਦਰਸ਼ਨਕਾਰੀ ਅਮਨ ਕਾਨੂੰਨ ਹੱਥ ਵਿਚ ਲੈਂਦਾ ਮਿਲਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।