ਪੰਜਾਬ ਏਡਜ਼ ਕੰਟਰੋਲ ਮੁਲਾਜ਼ਮਾਂ ਵੱਲੋਂ ਸੰਘਰਸ਼ ਦਾ ਬਿਗੁਲ 20 ਫੀਸਦੀ ਤਨਖਾਹ ਵਾਧਾ ਲਾਗੂ ਨਾ ਕਰਨ ਦੇ ਰੋਸ ਵਜੋਂ ਪੰਜਾਬ ਏਡਜ਼ ਕੰਟਰੋਲ ਮੁਲਾਜ਼ਮਾਂ ਵੱਲੋਂ ਸੰਘਰਸ਼ ਦਾ ਬਿਗੁਲ
Publish Date: Thu, 26 Nov 2026 07:09 PM (IST)
Updated Date: Thu, 26 Nov 2026 07:10 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ (ਰਜਿ.) ਵੱਲੋਂ ਪੰਜਾਬ ਸਰਕਾਰ ਤੇ ਅਫਸਰਸ਼ਾਹੀ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਤੇ ਸਮੂਹ ਸਟੇਟ ਕਮੇਟੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਦਿੱਲੀ ਦੀ ਤਰਜ਼ ਤੇ ਏਡਜ਼ ਕੰਟਰੋਲ ਮੁਲਾਜ਼ਮਾਂ ਦੀ ਤਨਖਾਹ ਵਿੱਚ 20% ਵਾਧਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜੋ ਅੱਜ ਤੱਕ ਵਫ਼ਾ ਨਹੀਂ ਹੋਇਆ। ਆਗੂਆਂ ਨੇ ਦੱਸਿਆ ਕਿ ਸਰਕਾਰ ਤੇ ਵਿਭਾਗ ਦੀ ਟਾਲ-ਮਟੋਲ ਵਾਲੀ ਨੀਤੀ ਦੇ ਰੋਸ ਵਜੋਂ ਬੀਤੇ ਦਿਨ (25 ਨਵੰਬਰ) ਹੈੱਡ ਆਫਿਸ ਚੰਡੀਗੜ੍ਹ ਵਿਖੇ ਇੱਕ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਦੇ ਸਮੂਹ ਮੁਲਾਜ਼ਮਾਂ ਨੇ ਆਪਣਾ ਕੰਮ-ਕਾਜ ਠੱਪ ਕਰਕੇ ਤੇ ਛੁੱਟੀ ਲੈ ਕੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਮੁਲਾਜ਼ਮਾਂ ਵੱਲੋਂ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਤੇ ਫਾਈਲਾਂ ਨੂੰ ਜਾਣਬੁੱਝ ਕੇ ਲਟਕਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਦੱਸਿਆ ਕਿ ਇਸ ਜਾਇਜ਼ ਮੰਗ ਨੂੰ ਲੈ ਕੇ ਸਰਕਾਰ ਦੇ ਨੁਮਾਇੰਦਿਆਂ ਨਾਲ 85 ਤੋਂ ਵੱਧ ਮੀਟਿੰਗਾਂ ਤੇ ਕੈਬਨਿਟ ਸਬ-ਕਮੇਟੀ ਦੀਆਂ 7 ਮੀਟਿੰਗਾਂ ਹੋ ਚੁੱਕੀਆਂ ਹਨ। ਹਰ ਮੀਟਿੰਗ ਵਿੱਚ ਵਾਧਾ ਜਲਦ ਲਾਗੂ ਕਰਨ ਤੇ ਸਹਿਮਤੀ ਬਣਦੀ ਹੈ, ਪਰ ਅਫਸਰਸ਼ਾਹੀ ਦੀ ਢਿੱਲ-ਮੱਠ ਕਾਰਨ ਅਜੇ ਤੱਕ ਕੋਈ ਅਧਿਕਾਰਤ ਪੱਤਰ ਜਾਰੀ ਨਹੀਂ ਹੋਇਆ। ਉਨ੍ਹਾਂ ਖੁਲਾਸਾ ਕੀਤਾ ਕਿ ਬੀਤੀ 20 ਨਵੰਬਰ ਨੂੰ ਹੋਈ ਸਬ-ਕਮੇਟੀ ਦੀ ਮੀਟਿੰਗ ਵੀ ਇਸੇ ਕਰਕੇ ਬੇਸਿੱਟਾ ਰਹੀ ਕਿਉਂਕਿ ਪ੍ਰਮੁੱਖ ਸਕੱਤਰ ਵੱਲੋਂ ਵਿਭਾਗ ਦੀ ਪ੍ਰਪੋਜ਼ਲ ਫਾਈਲ ਵਿੱਤ ਮੰਤਰੀ ਤੇ ਸਬ-ਕਮੇਟੀ ਦੇ ਮੁਖੀ ਹਰਪਾਲ ਸਿੰਘ ਚੀਮਾ ਤੱਕ ਨਹੀਂ ਪਹੁੰਚਾਈ ਗਈ, ਜਦਕਿ ਸਬ-ਕਮੇਟੀ ਵੱਲੋਂ ਪਹਿਲਾਂ ਵੀ ਕਈ ਵਾਰ 10 ਦਿਨਾਂ ਵਿੱਚ ਵਾਧਾ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਜ਼ਿਲ੍ਹਾ ਪ੍ਰਧਾਨ ਕਾਬਲ ਸਿੰਘ ਨੇ ਦੱਸਿਆ ਕਿ ਵਿਭਾਗ ਮੁਤਾਬਕ ਇਹ ਫਾਈਲ ਇੱਕ ਮਹੀਨਾ ਪਹਿਲਾਂ ਪ੍ਰਮੁੱਖ ਸਕੱਤਰ ਨੂੰ ਭੇਜੀ ਜਾ ਚੁੱਕੀ ਹੈ ਤੇ ਇਸ ਤੋਂ ਪਹਿਲਾਂ ਮਾਰਚ 2026 ਵਿੱਚ ਵੀ ਤਤਕਾਲੀ ਪ੍ਰੋਜੈਕਟ ਡਾਇਰੈਕਟਰ ਵੱਲੋਂ ਇਹ ਫਾਈਲ ਵਿਭਾਗ ਨੂੰ ਭੇਜੀ ਗਈ ਸੀ। ਸਟੇਟ ਕਮੇਟੀ ਨੇ ਕਿਹਾ ਕਿ ਮੁਲਾਜ਼ਮਾਂ ਨੇ ਹੁਣ ਤੱਕ ਲੋਕ ਹਿੱਤ ਅਤੇ ਮਰੀਜ਼ਾਂ ਦੀ ਸੇਵਾ ਨੂੰ ਮੁੱਖ ਰੱਖਦਿਆਂ ਸਰਕਾਰ ਦੇ ਭਰੋਸਿਆਂ ਤੇ ਯਕੀਨ ਕੀਤਾ ਤੇ ਕੋਈ ਕੰਮ ਠੱਪ ਨਹੀਂ ਕੀਤਾ ਸੀ, ਪਰ ਹੁਣ ਮੁਲਾਜ਼ਮਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ। ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 1 ਦਸੰਬਰ ਤੋਂ ਪਹਿਲਾਂ 20% ਤਨਖਾਹ ਵਾਧੇ ਦਾ ਪੱਤਰ ਜਾਰੀ ਨਾ ਕੀਤਾ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸਬੰਧਤ ਉੱਚ ਅਧਿਕਾਰੀਆਂ ਦੀ ਹੋਵੇਗੀ। ਅਗਲੇਰੇ ਐਕਸ਼ਨ ਪ੍ਰੋਗਰਾਮ ਦਾ ਐਲਾਨ * ਵਿਭਾਗੀ ਬਾਈਕਾਟ : 23 ਨਵੰਬਰ ਤੋਂ ਹਰ ਤਰ੍ਹਾਂ ਦੀ ਵਿਭਾਗੀ ਕਾਰਵਾਈ ਦਾ ਬਾਈਕਾਟ ਜਾਰੀ ਹੈ। * ਸੰਗਰੂਰ ਰੈਲੀ : 30 ਨਵੰਬਰ 2026 ਨੂੰ ਸੂਬੇ ਭਰ ਦੇ ਸਮੂਹ ਕਰਮਚਾਰੀ ਕੰਮ-ਕਾਜ ਪੂਰੀ ਤਰ੍ਹਾਂ ਠੱਪ ਕਰਕੇ ਸੰਗਰੂਰ ਵਿਖੇ ਸਰਕਾਰ ਤੇ ਵਿਭਾਗ ਵਿਰੁੱਧ ਜ਼ਬਰਦਸਤ ਪੋਲ ਖੋਲ੍ਹ ਰੋਸ ਰੈਲੀ ਕਰਨਗੇ। * ਕਾਲਾ ਦਿਵਸ : 1 ਦਸੰਬਰ 2026 ਨੂੰ ਵਿਸ਼ਵ ਪੱਧਰ ਤੇ ਮਨਾਏ ਜਾਣ ਵਾਲੇ ਵਿਸ਼ਵ ਏਡਜ਼ ਦਿਵਸ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ। ਇਸ ਦਿਨ ਸੂਬੇ ਭਰ ਵਿੱਚ ਕੰਮ-ਕਾਜ ਮੁਕੰਮਲ ਬੰਦ ਰੱਖ ਕੇ ਕਾਲਾ ਦਿਵਸ ਮਨਾਇਆ ਜਾਵੇਗਾ ਤੇ ਜ਼ਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।